ਸੰਗਤਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਪ੍ਰੇਮ ਭਾਵਨਾ ਨਾਲ ਮਨਾਉਣ : ਜਥੇਦਾਰ ਗੜਗੱਜ

In ਪੰਜਾਬ
December 09, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵੱਖ-ਵੱਖ ਮਾਮਲਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ। ਇਸ ਇਕਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਲ ਸਨ।
ਇਕੱਤਰਤਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਸਬੰਧੀ ਹਜ਼ਾਰਾਂ ਦੀ ਤਾਦਾਦ ਵਿੱਚ ਪੱਤਰ ਪ੍ਰਾਪਤ ਹੋਏ ਹਨ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਛੋਟੇ ਸਾਹਿਬਾਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਅਤੇ ਇਸ ਸਬੰਧੀ ਸੰਗਤ ਦੇ ਪੁੱਜੇ ਸੁਝਾਵਾਂ ਅਤੇ ਮੰਗਾਂ ਉੱਤੇ ਵੀ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਕੈਲੰਡਰ ਦੇ ਮੁਤਾਬਕ ਇਹ ਪੁਰਬ 27 ਦਸੰਬਰ ਨੂੰ ਹੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਵਿਚਕਾਰ ਉਹਨਾਂ ਨੂੰ ਪ੍ਰਕਾਸ਼ ਗੁਰਪੁਰਬ ਮਨਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਤਾਂ ਆਪਣੀ ਸਹੂਲਤ ਮੁਤਾਬਕ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਸਿੱਖਾਂ ਲਈ ਸ਼ਹਾਦਤਾਂ ਚੜ੍ਹਦੀਕਲਾ ਦਾ ਪ੍ਰਤੀਕ ਹਨ ਅਤੇ ਸਾਡਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਣ ਦਾ ਤਰੀਕਾ ਗੁਰਮਤਿ ਸਮਾਗਮ ਹੀ ਹਨ, ਇਸ ਲਈ ਇਸ ਮਾਮਲੇ ਉੱਤੇ ਏਤਕਾ ਇਤਫ਼ਾਕ ਨਾਲ ਸਮਾਗਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਈ-ਕਈ ਦਿਨ ਕਰਦੀਆਂ ਹਨ, ਇਸ ਲਈ ਸਮੂਹ ਸੰਗਤਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਪ੍ਰੇਮ ਭਾਵਨਾ ਨਾਲ ਮਨਾਉਣ।
ਇਸੇ ਤਰ੍ਹਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਰਾਗ ਆਧਾਰਿਤ ਗੁਰਮਤਿ ਸੰਗੀਤ ਸ਼ੈਲੀ ਨੂੰ ਸੰਭਾਲਣ ਲਈ ਵੀ ਪੁੱਜੇ ਮਾਮਲੇ ਵਿਚਾਰੇ ਗਏ। ਇਕੱਤਰਤਾ ਵਿੱਚ ਗੁਰਮਤਿ ਸੰਗੀਤ ਵਿੱਚ ਕਾਰਜਸ਼ੀਲ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਦਾ ਮਾਮਲਾ ਵਿਚਾਰਿਆ ਗਿਆ ਕਿ ਇਨ੍ਹਾਂ ਵੱਲੋਂ ਅਕਸਰ ਹੀ ਗੁਰਬਾਣੀ ਕੀਰਤਨ ਗਾਇਨ ਕਰਦਿਆਂ ਅਜ਼ਾਨ ਦੀ ਤਰ੍ਹਾਂ ਉੱਚੀ ਗਾਇਨ ਕੀਤਾ ਜਾਂਦਾ ਹੈ ਜੋ ਕਿ ਵਿਲੱਖਣ ਗੁਰਮਤਿ ਸੰਗੀਤ ਸ਼ੈਲੀ ਦਾ ਹਿੱਸਾ ਨਹੀਂ ਅਤੇ ਕੀਰਤਨ ਨੂੰ ਰਲਗੱਡ ਕਰਨ ਵਾਲੀ ਗੱਲ ਹੈ।
ਇਸ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਾਂਹ ਤੋਂ ਇਹ ਦੋਵੇਂ ਕੀਰਤਨ ਕਰਨ ਸਮੇਂ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗਾਇਨ ਕਰਨ। ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਪੰਥ ਵਿੱਚ ਕਾਰਜਸ਼ੀਲ ਸਮੂਹ ਰਾਗੀ ਸਿੰਘਾਂ ਨੂੰ ਵੀ ਆਦੇਸ਼ ਕੀਤਾ ਹੈ ਕਿ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗੁਰਬਾਣੀ ਗਾਇਨ ਕੀਤੀ ਜਾਵੇ।

Loading