
ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਖ਼ਿਲਾਫ਼ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਉਹ ਸਿਆਸਤਦਾਨਾਂ ਵੱਲੋਂ ਇੱਕ-ਦੂਜੇ ’ਤੇ ਕੀਤੀ ਜਾਣ ਵਾਲੀ ਦੂਸ਼ਣਬਾਜ਼ੀ ਵਾਲਾ ਤਰੀਕਾ ਕਿਸਾਨ ਆਗੂਆਂ ’ਤੇ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰਵਨੀਤ ਬਿੱਟੂ ਕਿਸਾਨ ਸੰਘਰਸ਼ ਰਾਹੀਂ ਜ਼ਮੀਨਾਂ ਜਾਇਦਾਦਾਂ ਬਣਾਉਣ ਦੇ ਬੇਤੁਕੇ ਦੋਸ਼ਾਂ ਵਾਲੀ ਬਿਆਨਬਾਜ਼ੀ ਰਾਹੀਂ ਸੈਂਕੜੇ ਕੁਰਬਾਨੀਆਂ ਵਾਲੇ ਇਤਿਹਾਸਕ ਕਿਸਾਨ ਸੰਘਰਸ਼ ਦਾ ਨਿਰਾਦਰ ਬੰਦ ਕਰਨ। ਉਨ੍ਹਾਂ ਕਿਹਾ ਕਿ ਅਜਿਹੀਆਂ ਜ਼ਮੀਨਾਂ ਜਾਇਦਾਦਾਂ ਰਵਨੀਤ ਬਿੱਟੂ ਵਰਗੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਸੱਤਾ ’ਤੇ ਬੈਠ ਕੇ ਬਣਾਈਆਂ ਗਈਆਂ ਹਨ ਅਤੇ ਹੁਣ ਵੀ ਈਮਾਨ ਨੂੰ ਛਿੱਕੇ ਟੰਗਦੇ ਹੋਏ ਦਲਬਦਲੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਝੋਨੇ ਦੀ ਖਰੀਦ ਤੋਂ ਭੱਜਣ ਦੀ ਨੀਤੀ ਅਖਤਿਆਰ ਕਰਦਿਆਂ ਖੇਤੀ ਕਾਨੂੰਨਾਂ ਨੂੰ ਹੀ ਬਦਲਵੇਂ ਢੰਗਾਂ ਨਾਲ ਲਾਗੂ ਕਰਨ ’ਚ ਜੁਟੀ ਹੋਈ ਹੈ।