ਮਸਤੂਆਣਾ ਸਾਹਿਬ/ਏ.ਟੀ.ਨਿਊਜ਼:
ਪੰਥਕ ਤੇ ਲੋਕ-ਹਿਤੈਸ਼ੀ ਜਥੇਬੰਦੀ ਮਿਸਲ ਸਤਲੁਜ ਵੱਲੋਂ ਮਹਾਨ ਸੰਤ, ਸਮਾਜ ਸੁਧਾਰਕ ਅਤੇ ਵਿਦਿਆ ਦੇ ਪ੍ਰਚਾਰਕ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੁਫ਼ਤ ਕਾਨੂੰਨੀ ਸਲਾਹ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਪੀੜਤ ਵਰਗਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਮੁਫ਼ਤ ਕਾਨੂੰਨੀ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ। ਕੈਂਪ ਦੌਰਾਨ ਅਨੁਭਵੀ ਵਕੀਲਾਂ ਵੱਲੋਂ ਜ਼ਮੀਨ-ਜਾਇਦਾਦ, ਪਰਿਵਾਰਕ ਵਿਵਾਦ, ਮਜ਼ਦੂਰੀ ਕਾਨੂੰਨ, ਫੌਜਦਾਰੀ ਮਾਮਲੇ, ਨਾਗਰਿਕ ਹੱਕਾਂ ਸਮੇਤ ਹੋਰ ਕਾਨੂੰਨੀ ਮਸਲਿਆਂ ਬਾਰੇ ਸਲਾਹ ਦਿੱਤੀ ਗਈ ਅਤੇ ਲੋੜਬੰਦ ਸੰਗਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਦਾ ਵਿੱਦਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਇਹ ਕੈਂਪ ਮਿਸਲ ਸਤਲੁਜ ਵੱਲੋਂ ਲੋਕ ਸੇਵਾ ਵੱਲ ਇੱਕ ਨਿਮਾਣਾ ਪਰ ਸੰਕਲਪਬੱਧ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਜਾਣਕਾਰੀ ਦੀ ਘਾਟ ਕਾਰਨ ਆਮ ਨਾਗਰਿਕ ਅਕਸਰ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਹਨ,ਜਥੇਬੰਦੀ ਦਾ ਮਕਸਦ ਨਿਆਂ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਹੈ। ਹਰਪ੍ਰੀਤ ਸਿੰਘ ਸੰਧੂ, ਸਤਵੀਰ ਸਿੰਘ, ਅਰਸ਼ਦੀਪ ਸਿੰਘ, ਤਨਮੇ ਗੋਇਲ,ਮਨਸਪ੍ਰੀਤ ਸਿੰਘ ਵਕੀਲ ਸਾਹਿਬ ਨੇ ਸੰਗਤਾਂ ਨੂੰ ਕਾਨੂੰਨੀ ਸੇਵਾਵਾਂ ਦਿੱਤੀਆਂ। ਉੱਥੇ ਹੀ ਮਿਸਲ ਸਤਲੁਜ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਅਲਾਲ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਕਾਨੂੰਨੀ ਜਾਗਰੂਕਤਾ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਮੁਫ਼ਤ ਕਾਨੂੰਨੀ ਸਲਾਹ ਕੈਂਪ ਗਰੀਬ, ਮਜ਼ਦੂਰ, ਕਿਸਾਨ ਅਤੇ ਵਿਦਿਆਰਥੀ ਵਰਗ ਲਈ ਵੱਡਾ ਸਹਾਰਾ ਸਾਬਤ ਹੋਵੇਗਾ।ਯਾਦੂ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਸੋਚ ਸਾਨੂੰ ਸੇਵਾ, ਸੱਚਾਈ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪਾਠ ਪੜ੍ਹਾਉਂਦੀ ਹੈ, ਜਿਸ ਨੂੰ ਅੱਗੇ ਵਧਾਉਣਾ ਹਰ ਨੌਜਵਾਨ ਦਾ ਫਰਜ਼ ਹੈ। ਉਹਨਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਲੋਕ-ਹਿਤੈਸ਼ੀ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਅਮਰਿੰਦਰ ਸਿੰਘ ਤੁੜ, ਹਰਜੀਤ ਸਿੰਘ ਖਿਜ਼ਰਾਬਾਦ, ਅਮਰਿੰਦਰ ਸਿੰਘ, ਜਗਸੀਰ ਸਿੰਘ ,ਸਿਮਰਨਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਮਿਸਲ ਸਤਲੁਜ ਦੇ ਆਗੂ ਹਾਜ਼ਰ ਸਨ ।
![]()
