ਸੰਸਾਰ ਦੀ ਹਥਿਆਰਬੰਦ ਦੌੜ ਅਤੇ ਭਾਰਤ-ਪਾਕਿਸਤਾਨ ਦੀ ਜੰਗੀ ਤਾਕਤ

ਸੰਸਾਰ ਦੀ ਇਹ ਹਥਿਆਰਬੰਦ ਦੌੜ, ਜਿਸ ਵਿੱਚ ਸ਼ਕਤੀਸ਼ਾਲੀ ਮੁਲਕ ਅਰਬਾਂ-ਖਰਬਾਂ ਦੀ ਸੰਪਤੀ ਨੂੰ ਮੌਤ ਦੇ ਸੌਦਿਆਂ ’ਤੇ ਲੁਆ ਰਹੇ ਨੇ, ਜੋ ਕਿ ਮਨੁੱਖਤਾ ਦੇ ਭਵਿੱਖ ’ਤੇ ਸਵਾਲ ਖੜ੍ਹੇ ਕਰਦੇ ਹਨ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਦੀ 2024 ਦੀ ਰਿਪੋਰਟ ਅਤੇ ਭਾਰਤ-ਪਾਕਿਸਤਾਨ ਦੇ ਵਧਦੇ ਸੈਨਿਕ ਤਣਾਅ ਦੀ ਖਬਰ ਸੰਸਾਰੀ ਸੱਤਾ-ਸੰਤੁਲਨ ਅਤੇ ਦੱਖਣੀ ਏਸ਼ੀਆ ’ਤੇ ਇਸ ਦੇ ਪ੍ਰਭਾਵ ਦਾ ਜ਼ਿਕਰ ਕਰਦੀ ਹੈ। ਇਹ ਰਿਪੋਰਟ ਸੰਸਾਰ ਦੀ ਹਥਿਆਰ ਦੌੜ ਨੂੰ ਉਜਾੜਾ ਦੱਸਦੀ ਹੈ, ਜਿਸ ਵਿੱਚ 2.72 ਟ੍ਰਿਲੀਅਨ ਡਾਲਰ ਸੁਆਹ ਹੋਏ, ਜੋ 2023 ਨਾਲੋਂ 9.4% ਵੱਧ ਹਨ। ਅਮਰੀਕਾ, 997 ਬਿਲੀਅਨ ਡਾਲਰ ਖਰਚ ਕਰਕੇ ਸੰਸਾਰੀ ਸੈਨਿਕ ਖਰਚ ਦਾ 37% ਆਪਣੀ ਝੋਲੀ ਪਾਉਂਦਾ ਹੈ। ਚੀਨ (314 ਬਿਲੀਅਨ ਡਾਲਰ), ਰੂਸ (149 ਬਿਲੀਅਨ ਡਾਲਰ), ਜਰਮਨੀ (88.5 ਬਿਲੀਅਨ ਡਾਲਰ) ਅਤੇ ਭਾਰਤ (86.1 ਬਿਲੀਅਨ ਡਾਲਰ) ਹਥਿਆਰਾਂ ਲਈ ਖਰਚਦੇ ਹਨ। ਅਮਰੀਕਾ ਕੋਲ 2.1 ਮਿਲੀਅਨ ਸੈਨਿਕ, 12,000 ਜਹਾਜ਼, 13,000 ਟੈਂਕ, 5,277 ਪਰਮਾਣੂ ਹਥਿਆਰ ਹਨ ਜੋ ਸੰਸਾਰ ਦੀ ਵਡੀ ਫੌਜੀ ਤਾਕਤ ਹਨ । ਚੀਨ, ਸਾਈਬਰ ਵਾਰਫੇਅਰ ਅਤੇ ਨੇਵੀ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਅਮਰੀਕਾ ਨੂੰ ਟੱਕਰ ਦੇਣ ਦੀ ਕੋਸ਼ਿਸ਼ ਵਿਚ ਹੈ। ਰੂਸ, ਯੂਕਰੇਨ ਜੰਗ ਨਾਲ ਕਮਜ਼ੋਰ ਹੋਇਆ ਹੈ, ਪਰ ਰੂਸ 5,449 ਪਰਮਾਣੂ ਹਥਿਆਰਾਂ ਨਾਲ ਅਜੇ ਵੀ ਸ਼ਕਤੀਸ਼ਾਲੀ ਦੇਸ਼ ਹੈ। ਯੂਕਰੇਨ-ਰੂਸ ਜੰਗ, ਚੀਨ-ਤਾਈਵਾਨ ਮੁੱਦਾ ਅਤੇ ਮੱਧ ਪੂਰਬ ਦੀ ਅਸਥਿਰਤਾ ਨੇ ਸੈਨਿਕ ਖਰਚ ਨੂੰ ਅਸਮਾਨ ’ਤੇ ਪਹੁੰਚਾਇਆ ਹੈ। ਯੂਰਪ ਵਿੱਚ ਸੈਨਿਕ ਖਰਚ ਸ਼ੀਤ ਯੁੱਧ ਤੋਂ ਬਾਅਦ ਬਹੁਤ ਵਧਿਆ ਹੈ। ਯੂਕਰੇਨ ਨੇ 64.7 ਬਿਲੀਅਨ ਡਾਲਰ (ਰਾਜਸਵ ਦਾ 34%) ਹਥਿਆਰਾਂ ’ਤੇ ਖਰਚੇ ਸਨ। ਜਾਪਾਨ (55.3 ਬਿਲੀਅਨ ਡਾਲਰ) ਅਤੇ ਤਾਈਵਾਨ (16.5 ਬਿਲੀਅਨ ਡਾਲਰ) ਚੀਨ ਦੇ ਪ੍ਰਭਾਵ ਨੂੰ ਰੋਕਣ ਲਈ ਜੰਗੀ ਤਿਆਰੀਆਂ ਵਿੱਚ ਜੁਟੇ ਹਨ। ਇਹ ਸਥਿਤੀ ਸੰਸਾਰ ਨੂੰ ਨਵੀਂ ਸ਼ੀਤ ਯੁੱਧ ਦੀ ਅਗਲੀ ਪੌੜੀ ’ਤੇ ਲੈ ਜਾ ਰਹੀ ਹੈ।ਸੈਨਿਕ ਖਰਚ ਦਾ ਵਧਣਾ ਸਿਰਫ ਜੰਗੀ ਤਾਕਤ ਦੀ ਦੌੜ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਖੇਤਰਾਂ ’ਤੇ ਵੀ ਭਾਰੀ ਅਸਰ ਪਾਉਂਦਾ ਹੈ। ਸਰਕਾਰਾਂ ਸਿੱਖਿਆ, ਸਿਹਤ ਅਤੇ ਗਰੀਬੀ ਨਿਵਾਰਣ ਵਰਗੇ ਖੇਤਰਾਂ ਨੂੰ ਨਜ਼ਰਅੰਦਾਜ਼ ਕਰਕੇ ਹਥਿਆਰਾਂ ਨੂੰ ਤਰਜੀਹ ਦਿੰਦੀਆਂ ਨੇ, ਜੋ ਸਮਾਜ ਦੀ ਮੁਢਲੀ ਲੋੜਾਂ ’ਤੇ ਘਾਤਕ ਸੱਟ ਮਾਰਦਾ ਹੈ। ਭਾਰਤ ਅਤੇ ਪਾਕਿਸਤਾਨ, ਜੋ ਇਤਿਹਾਸਕ ਵੈਰ ਅਤੇ ਸਰਹੱਦੀ ਝਗੜਿਆਂ ਕਾਰਣ ਆਪਸੀ ਟਕਰਾਅ ਵਿਚ ਰਹਿੰਦੇ ਨੇ ਤੇ ਦੋਵੇਂ ਸੈਨਿਕ ਸਮਰੱਥਾ ਵਿੱਚ ਇੱਕ ਦੂਜੇ ਨੂੰ ਮਾਤ ਦੇਣ ਦੀ ਹੋੜ ਵਿੱਚ ਹਨ। ਸਿਪਰੀ ਅਨੁਸਾਰ, ਭਾਰਤ ਦਾ ਸੈਨਿਕ ਖਰਚ 86.1 ਬਿਲੀਅਨ ਡਾਲਰ (ਵਿਸ਼ਵ ਵਿੱਚ 5ਵਾਂ) ਅਤੇ ਪਾਕਿਸਤਾਨ ਦਾ 10.2 ਬਿਲੀਅਨ ਡਾਲਰ (29ਵਾਂ) ਹੈ।ਪਾਵਰ ਇੰਡੈਕਸ 2025 ਅਨੁਸਾਰ ਭਾਰਤ ਵਿਸ਼ਵ ਦੀ ਚੌਥੀ ਸਭ ਤੋਂ ਤਾਕਤਵਰ ਸੈਨਿਕ ਸ਼ਕਤੀ ਹੈ,ਜੋ 1.4 ਮਿਲੀਅਨ ਸੈਨਿਕ, 2,200 ਜਹਾਜ਼, 4,600 ਟੈਂਕ ਅਤੇ 180 ਪਰਮਾਣੂ ਹਥਿਆਰਾਂ ਨਾਲ ਲੈਸ ਹੈ। ਸਵਦੇਸ਼ੀ ਤਕਨੀਕ—ਬ੍ਰਹਮੋਸ ਮਿਸਾਈਲ, ਅਗਨੀ ਸੀਰੀਜ਼, ਡੀਆਰਡੀਓ—ਅਤੇ ਵਿਦੇਸ਼ੀ ਸਪਲਾਈ (ਰੂਸ 36%, ਫਰਾਂਸ, ਅਮਰੀਕਾ, ਇਜ਼ਰਾਈਲ) ਨੇ ਭਾਰਤ ਨੂੰ ਸਰਹੱਦੀ ਸੁਰੱਖਿਆ ਵਿੱਚ ਅਜੇਤੂ ਬਣਾਇਆ ਹੈ। ਐਸ-400 ਮਿਸਾਈਲ ਡਿਫੈਂਸ ਸਿਸਟਮ, ਹੈਮਰ, ਸਕੈਲਪ ਅਤੇ ਮੀਟੀਅਰ ਮਿਸਾਈਲਾਂ ਨੇ ਭਾਰਤ ਦੀ ਸਟੀਕ ਹਮਲਿਆਂ ਦੀ ਸਮਰੱਥਾ ਨੂੰ ਵਧਾਇਆ।. ਪਾਕਿਸਤਾਨ, 6.5 ਲੱਖ ਸੈਨਿਕ, 1,400 ਜਹਾਜ਼, 3,700 ਟੈਂਕ ਅਤੇ 170 ਪਰਮਾਣੂ ਹਥਿਆਰਾਂ ਨਾਲ, ਭਾਰਤ ਨਾਲੋਂ ਕਈ ਗੁਣਾ ਪਿੱਛੇ ਹੈ। ਸਿਪਰੀ ਅਨੁਸਾਰ, ਉਸ ਦੇ 81% ਹਥਿਆਰ ਚੀਨ ਤੋਂ ਆਉਂਦੇ ਨੇ ਜਿਵੇਂ ਜੇ-10ਸੀਈ ਜਹਾਜ਼, ਵੀਟੀ-4 ਟੈਂਕ, ਹੈਂਗੋਰ ਟੂ ਪਣਡੁੱਬੀਆਂ। ਚੀਨ ’ਤੇ ਨਿਰਭਰਤਾ, ਸਵਦੇਸ਼ੀ ਤਕਨੀਕ ਦੀ ਘਾਟ ਅਤੇ ਆਰਥਿਕ ਸੰਕਟ ਪਾਕਿਸਤਾਨ ਦੀ ਸਮਰੱਥਾ ਨੂੰ ਸੀਮਤ ਕਰਦੇ ਨੇ। ਭਾਰਤ ਦਾ ਸੈਨਿਕ ਖਰਚ ਅਤੇ ਸਮਰੱਥਾ ਪਾਕਿਸਤਾਨ ਨਾਲੋਂ 9 ਗੁਣਾ ਵੱਧ ਹੈ। ਯਾਦ ਰਹੇ ਕਿ 6-7 ਮਈ 2025 ਦੀ ਰਾਤ ਨੂੰ ਪਾਕਿਸਤਾਨ ਵਿੱਚ ਭਾਰਤੀ ਸੈਨਾ ਦੀ ਕਾਰਵਾਈ ਅਤੇ 8-9 ਮਈ ਦੀ ਸਰਹੱਦੀ ਝੜਪ ਨੇ ਤਣਾਅ ਨੂੰ ਸਿਖਰ ’ਤੇ ਪਹੁੰਚਾ ਦਿਤਾ ਸੀ। ਭਾਰਤ ਦੇ ਸਟੀਕ ਹਮਲਿਆਂ (ਹੈਮਰ, ਸਕੈਲਪ, ਐਸ-400) ਅਤੇ ਪਾਕਿਸਤਾਨ ਦੀ ਚੀਨੀ ਸਹਾਇਤਾ ਨੇ ਇਸ ਜੰਗੀ ਮਾਹੌਲ ਨੂੰ ਹੋਰ ਭੜਕਾਇਆ ਸੀ। ਇਹ ਤਣਾਅ ਦਾ ਕਾਰਣ ਕਸ਼ਮੀਰ ਮੁੱਦਾ ਹੈ।ਭਾਰਤ ਅਤੇ ਪਾਕਿਸਤਾਨ ਦੀ ਸੈਨਿਕ ਸਪਲਾਈ—ਭਾਰਤ ਦੀ ਪੱਛਮੀ ਅਤੇ ਰੂਸੀ ਨਿਰਭਰਤਾ, ਪਾਕਿਸਤਾਨ ਦੀ ਚੀਨ ਉਪਰ ਨਿਰਭਰਤਾ—ਸੰਸਾਰ ਦੀਆਂ ਵੱਡੀਆਂ ਸ਼ਕਤੀਆਂ (ਅਮਰੀਕਾ, ਰੂਸ, ਚੀਨ) ਦੀ ਪ੍ਰੌਕਸੀ ਜੰਗ ਦੀ ਸੰਭਾਵਨਾ ਨੂੰ ਜਨਮ ਦਿੰਦੀ ਹੈ। ਭਾਰਤ ਦੀ ਹਥਿਆਰ ਸਪਲਾਈ ਵਿੱਚ ਵਿਭਿੰਨਤਾ (ਰੂਸ 36%, ਫਰਾਂਸ, ਅਮਰੀਕਾ, ਇਜ਼ਰਾਈਲ) ਉਸ ਦੀ ਸੁਤੰਤਰ ਰਣਨੀਤੀ ਨੂੰ ਦਰਸਾਉਂਦੀ ਹੈ। 2010 ਤੱਕ ਰੂਸ ਮੁੱਖ ਸਪਲਾਇਰ ਸੀ, ਪਰ ਹੁਣ ਪੱਛਮੀ ਦੇਸ਼ਾਂ ਦੀ ਹਿੱਸੇਦਾਰੀ ਵਧੀ ਹੈ। ਼ ਪਾਕਿਸਤਾਨ ਦੇ 81% ਹਥਿਆਰ ਚੀਨ ਤੋਂ ਆਉਂਦੇ ਨੇ, ਜੋ ਉਸ ਦੀ ਆਰਥਿਕ ਅਤੇ ਸੈਨਿਕ ਮਜਬੂਰੀ ਹਨ। ਚੀਨੀ ਸੈਨਿਕ ਸਹਾਇਤਾ ਨੇ ਪਾਕਿਸਤਾਨ ਨੂੰ ਚੀਨ ਦੀ ਪ੍ਰੌਕਸੀ ਸ਼ਕਤੀ ਵਜੋਂ ਵਰਤਣ ਦੀ ਸੰਭਾਵਨਾ ਵਧਾਈ ਹੈ। ਪਰ, ਅੰਦਰੂਨੀ ਅਸਥਿਰਤਾ ਅਤੇ ਆਰਥਿਕ ਸੰਕਟ ਪਾਕਿਸਤਾਨ ਦੀ ਸਮਰੱਥਾ ਨੂੰ ਖੋਰਾ ਲਾ ਰਹੇ ਨੇ। ਅਮਰੀਕਾ, ਰੂਸ ਅਤੇ ਚੀਨ ਹਥਿਆਰ ਵੇਚ ਕੇ ਅਰਬਾਂ ਕਮਾਉਂਦੇ ਨੇ, ਜੋ ਸ਼ਾਂਤੀ ਦੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ।ਸੰਯੁਕਤ ਰਾਸ਼ਟਰ ਕੋਲ ਸ਼ਕਤੀਸ਼ਾਲੀ ਮੁਲਕਾਂ ’ਤੇ ਸਿੱਧੀ ਪਾਬੰਦੀ ਲਗਾਉਣ ਦੀ ਸਮਰੱਥਾ ਨਹੀਂ ਹੈ। ਸੰਧੀਆਂ (ਐਨਪੀਟੀ, ਸੀਟੀਬੀਟੀ) ਦੀ ਪਾਲਣਾ ਸਵੈ-ਇੱਛਤ ਹੈ, ਜਿਸ ਨੂੰ ਵੱਡੀਆਂ ਸ਼ਕਤੀਆਂ ਨਜ਼ਰਅੰਦਾਜ਼ ਕਰਦੀਆਂ ਹਨ। ਹਥਿਆਰਬੰਦ ਦੌੜ ਨੂੰ ਰੋਕਣ ਲਈ ਸਾਰੇ ਮੁਲਕਾਂ ਵਿੱਚ ਸਹਿਮਤੀ ਅਤੇ ਵਿਸ਼ਵਾਸ ਦੀ ਲੋੜ ਹੈ, ਜੋ ਮੌਜੂਦਾ ਤਣਾਅ (ਯੂਕਰੇਨ -ਰੂਸ, ਚੀਨ-ਤਾਈਵਾਨ, ਭਾਰਤ-ਪਾਕਿਸਤਾਨ) ਵਿੱਚ ਅਸੰਭਵ ਹੈ। ਕੁਲ ਮਿਲਾਕੇ ਭਾਰਤ, ਆਪਣੀ ਵਿਭਿੰਨ ਸੈਨਿਕ ਸਮਰੱਥਾ ਅਤੇ ਸਵਦੇਸ਼ੀ ਤਕਨੀਕ ਨਾਲ, ਪਾਕਿਸਤਾਨ ਨਾਲੋਂ ਕਈ ਗੁਣਾ ਅੱਗੇ ਹੈ, ਪਰ ਚੀਨ ਵਰਗੀ ਸ਼ਕਤੀ ਨਾਲ ਅਜੇ ਅੰਤਰ ਬਣਿਆ ਹੋਇਆ ਹੈ। ਪ੍ਰੌਕਸੀ ਜੰਗ ਦਾ ਕਿਲਾ ਪਰਛਾਵਾਂ ਕੁਝ ਹੱਦ ਤੱਕ ਸੱਚ ਹੈ, ਕਿਉਂਕਿ ਵੱਡੀਆਂ ਸ਼ਕਤੀਆਂ ਹਥਿਆਰ ਵੇਚਣ ਲਈ ਖੇਤਰੀ ਤਣਾਅ ਨੂੰ ਹਵਾ ਦਿੰਦੀਆਂ ਨੇ। ਪਰ, ਭਾਰਤ-ਪਾਕਿਸਤਾਨ ਦੀ ਅਸਲ ਦੁਸ਼ਮਣੀ ਸਰਹੱਦੀ ਅਤੇ ਇਤਿਹਾਸਕ ਜੜ੍ਹਾਂ ’ਤੇ ਟਿਕੀ ਹੈ। ਸੰਯੁਕਤ ਰਾਸ਼ਟਰ ਦੀ ਨਕਾਮਯਾਬੀ ਸ਼ਾਂਤੀ ਦੀਆਂ ਆਸਾਂ ਨੂੰ ਤਾਰ-ਤਾਰ ਕਰਦੀ ਹੈ। ਸੰਸਾਰ ਨੂੰ ਸ਼ਾਂਤੀ ਵੱਲ ਲਿਜਾਣ ਲਈ ਸਹਿਮਤੀ ਅਤੇ ਸਮਝੌਤਿਆਂ ਦੀ ਲੋੜ ਹੈ, ਜੋ ਅਜੇ ਦੂਰ ਦੀ ਗੱਲ ਹੈ।

Loading