
ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਅਕਾਲ’ ਲਈ ਵੀ ਅਰਦਾਸ ਕੀਤੀ।
ਇਸ ਤੋਂ ਬਾਅਦ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਬਾਬਾ ਅਟੱਲ ਵਿਖੇ ਨਤਮਸਤਕ ਹੋਏ। ਇਥੇ ਉਨ੍ਹਾਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਵੀ ਮੁਲਾਕਾਤ ਕੀਤੀ। 10 ਅਪ੍ਰੈਲ, 2025 ਨੂੰ ਦੁਨੀਆਂ ਭਰ ’ਚ ਰਿਲੀਜ਼ ਹੋਣ ਵਾਲੀ ਅਸਲ ਯੌਧਿਆਂ ਦੀਆਂ ਕਹਾਣੀਆਂ ਤੋਂ ਪ੍ਰੇਰਿਤ ‘ਅਕਾਲ’ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਫ਼ਿਲਮ ਹੈ।
ਇਸ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਸ਼ਿੰਦਾ ਗਰੇਵਾਲ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ ਤੇ ਹੋਰ ਕਲਾਕਾਰ ਸ਼ਾਮਲ ਹਨ। ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਨਿਰਮਿਤ ਇਹ ਫ਼ਿਲਮ ਸਾਡੇ ਯੌਧਿਆਂ ਦੀ ਬਹਾਦਰੀ ਤੇ ਸਨਮਾਨ ਨੂੰ ਪ੍ਰਣਾਮ ਕਰਦੀ ਹੈ।
ਵੱਡੀ ਗੱਲ ਇਹ ਹੈ ਕਿ ਹੁਣ ਇਸ ਪੰਜਾਬੀ ਫ਼ਿਲਮ ਨਾਲ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਕਰਨ ਜੌਹਰ ਵੀ ਜੁੜ ਗਏ ਹਨ। ਇੱਕ ਗੱਲ ਹੋਰ ਖ਼ਾਸ ਹੈ ਕਿ ਫ਼ਿਲਮ ਹੁਣ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਭਾਸ਼ਾ ’ਚ ਵੀ ਰਿਲੀਜ਼ ਹੋਣ ਜਾ ਰਹੀ ਹੈ।