ਸੱਤਾ ਦੇ ਸੁਪਨੇ ਕਿਵੇਂ ਦੇਖੇਗੀ ਫੁੱਟ ਦੀ ਸ਼ਿਕਾਰ ਪੰਜਾਬ ਕਾਂਗਰਸ?

In ਮੁੱਖ ਖ਼ਬਰਾਂ
April 07, 2025
ਪੰਜਾਬ ਕਾਂਗਰਸ ‘ਜੁੜੇਗਾ ਬਲਾਕ, ਜਿੱਤੇਗਾ ਪੰਜਾਬ’ ਮੁਹਿੰਮ ਚਲਾ ਰਹੀ ਹੈ। ਪਾਰਟੀ ਬਲਾਕ ਪੱਧਰ ਦੇ ਵਰਕਰਾਂ ਨੂੰ ਸਰਗਰਮ ਕਰਨ ਅਤੇ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਸੀਨੀਅਰ ਕਾਂਗਰਸੀ ਆਗੂਆਂ ਵਿੱਚ ਏਕਤਾ ਨਜ਼ਰ ਨਹੀਂ ਆ ਰਹੀ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਚਕਾਰ ਹਊਮੈਂ ਦੀ ਲੜਾਈ ਸ਼ੁਰੂ ਹੋ ਗਈ ਹੈ ਜਦੋਂ ਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਨੂੰ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ, ਦਾ ਰਾਜਾ ਵੜਿੰਗ ਨਾਲ ਪੁਰਾਣਾ ਟਕਰਾਅ ਚੱਲ ਰਿਹਾ ਹੈ। ਪਿਛਲੇ ਦਿਨਾਂ ਦੀ ਘਟਨਾ ਨੇ ਕਾਂਗਰਸ ਵਿੱਚ ਏਕਤਾ ਦੇ ਯਤਨਾਂ ਨੂੰ ਬੇਨਕਾਬ ਕਰ ਦਿੱਤਾ। ਜਦੋਂ ਕਾਂਗਰਸ ਨੇ ਸੁਲਤਾਨਪੁਰ ਲੋਧੀ ਵਿੱਚ ਬਦਲਾਅ ਰੈਲੀ ਕੀਤੀ ਸੀ। ਕਾਂਗਰਸ ਦੀ ਰੈਲੀ ਦੇ ਸਮਾਨਾਂਤਰ, ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਅਤੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੇ ਵੀ ਰੈਲੀ ਕੀਤੀ ਜਦੋਂ ਕਿ ਰੈਲੀ ਤੋਂ ਬਾਅਦ ਰਾਜਾ ਵੜਿੰਗ ਆਸ਼ੂ ਨੂੰ ਮਿਲਣ ਲਈ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪੁੱਜੇ। ਆਸ਼ੂ ਘਰ ਨਹੀਂ ਸੀ ਅਤੇ ਇੰਤਜ਼ਾਰ ਕਰਨ ਤੋਂ ਬਾਅਦ ਰਾਜਾ ਵੜਿੰਗ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਦੀ ਏਕਤਾ ਟੁੱਟੀ ਹੋਵੇ। ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ‘ਠੇਕੇਦਾਰ’ ਕਿਹਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸ ਮੁੱਦੇ ’ਤੇ ਬਾਜਵਾ ਨੂੰ ਘੇਰ ਲਿਆ। ਉਸ ਸਮੇਂ ਬਾਜਵਾ ਇਕੱਲੇ ਰਹਿ ਗਏ ਸਨ। ਕਾਂਗਰਸੀ ਵਿਧਾਇਕਾਂ ਨੇ ਇੱਕ ਸਮੇਂ ਬਾਜਵਾ ਦੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ। ਹਾਲਾਂਕਿ ਪਾਰਟੀ ਨੇ ਬਾਅਦ ਵਿੱਚ ਦੋ ਵਾਰ ਵਾਕਆਊਟ ਕਰਕੇ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਵਿਧਾਇਕ ‘ਠੇਕੇਦਾਰ’ ਦੇ ਦੋਸ਼ ’ਤੇ ਬਾਜਵਾ ਦੇ ਨਾਲ ਖੜ੍ਹਾ ਨਹੀਂ ਦੇਖਿਆ ਗਿਆ। ਮਹੱਤਵਪੂਰਨ ਗੱਲ ਇਹ ਹੈ ਕਿ ਸੀਨੀਅਰ ਕਾਂਗਰਸੀ ਆਗੂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕੋਈ ਸਬਕ ਨਹੀਂ ਸਿੱਖ ਰਹੇ ਜਾਪਦੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤਤਕਾਲੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਅੰਦਰੂਨੀ ਲੜਾਈ ਕਾਰਨ ਪਾਰਟੀ ਸਿਰਫ਼ 18 ਵਿਧਾਨ ਸਭਾ ਸੀਟਾਂ ਤੱਕ ਸਿਮਟ ਗਈ ਸੀ। ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵੀ ਆਪਣੀਆਂ ਸੀਟਾਂ ਨਹੀਂ ਬਚਾਅ ਸਕੇ। ਦੋ ਹਲਕਿਆਂ ਤੋਂ ਚੋਣ ਲੜਨ ਵਾਲੇ ਚੰਨੀ ਨੂੰ ਦੋਵਾਂ ਸੀਟਾਂ ’ਤੇ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ, ‘ਗੱਲ ਵਰਕਰਾਂ ਨੂੰ ਜੋੜਨ ਦੀ ਹੈ, ਵਰਕਰ ਤਾਂ ਜੁੜ ਜਾਵੇਗਾ, ਜੋੜਨਾ ਤਾਂ ਸਾਨੂੰ ਆਪਣੇ ਨੇਤਾਵਾਂ ਨੂੰ ਹੈ। ਨੇਤਾਵਾਂ ਦੀ ਖਿੱਚੋਤਾਣ ਦੇ ਕਾਰਨ ਹੀ ਅੰਮ੍ਰਿਤਸਰ ਅਤੇ ਫਗਵਾੜਾ ਵਿੱਚ ਕਾਂਗਰਸ ਆਪਣੇ ਮੇਅਰ ਨਹੀਂ ਬਣਾ ਸਕੀ।’ ਪੰਜਾਬ ਕਾਂਗਰਸ ਵਿੱਚ ਇਸ ਟਕਰਾਅ ਨੂੰ ਦੇਖਦੇ ਹੋਏ ਪਾਰਟੀ ਨੇ ਆਪਣੇ ਸੀਨੀਅਰ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਸੂਬਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਸੀ। ਭਾਵੇਂ ਬਘੇਲ ਨੇ ਦੋ ਵਾਰ ਮੈਰਾਥਨ ਮੀਟਿੰਗਾਂ ਕੀਤੀਆਂ ਹੋਣ ਪਰ ਪਾਰਟੀ ਆਗੂਆਂ ਵਿਚਕਾਰ ਦੂਰੀ ਘੱਟ ਨਹੀਂ ਹੋ ਰਹੀ। ਹੁਣ ਦੇਖਣਾ ਇਹ ਹੈ ਕਿ ਬਘੇਲ ਪਾਰਟੀ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਉਂਦੇ ਹਨ। ਨਿਰਪੱਖ ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਮੇਂ ਕਾਂਗਰਸ ਕੋਲ ਪੰਜਾਬ ਪੱਖੀ ਚਿਹਰਾ ਹੈ ਤਾਂ ਉਹ ਪ੍ਰਗਟ ਸਿੰਘ ਹੈ,ਜੋ ਕਾਂਗਰਸ ਨੂੰ ਦੁਬਾਰਾ ਜੋਸ਼ ਤੇ ਏਕਤਾ ਨਾਲ ਭਰ ਸਕਦੇ ਹਨ। ਜਦ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਧੜੇਬੰਦੀ ਖ਼ਤਮ ਕੀਤੇ ਬਿਨਾਂ ਕਾਂਗਰਸ ਦਾ ਰਾਹ ਆਸਾਨ ਨਹੀਂ ਹੋਵੇਗਾ। ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਇਸ ਰੈਲੀ ਵਿੱਚੋਂ ਗਾਇਬ ਰਹੇ ਹਾਲਾਂਕਿ ਉਨ੍ਹਾਂ ਦੀ ਰਿਹਾਇਸ਼ ਤੇ ਹਲਕਾ ਲੁਧਿਆਣਾ ਵੈਸਟ ਦੋਵੇਂ ਇੱਥੋਂ ਜ਼ਿਆਦਾ ਦੂਰ ਵੀ ਨਹੀਂ ਸਨ। ਆਸ਼ੂ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਨ ਪਰ ਉਨ੍ਹਾਂ ਦਾ ਕਿਸੇ ਬੁਲਾਰੇ ਨੇ ਜ਼ਿਕਰ ਤੱਕ ਨਹੀਂ ਕੀਤਾ। ਰੈਲੀ ਕਰਵਾਉਣ ਵਾਲੇ ਪਾਰਟੀ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਇੰਚਾਰਜ ਕੈਪਟਨ ਸੰਦੀਪ ਸੰਧੂ ਨੂੰ ਕਾਬਿਲ ਦੱਸ ਕੇ 2027 ਦੀ ਚੋਣ ਜਿਤਾਉਣ ਦੀਆਂ ਗੱਲਾਂ ਤਾਂ ਹੋਈਆਂ ਪਰ ਅਗਲੇ ਮਹੀਨੇ ਹੋਣ ਵਾਲੀ ਜ਼ਿਮਨੀ ਚੋਣ ਦੀ ਗੱਲ ਹੀ ਨਹੀਂ ਹੋਈ। ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਤੇ ਵੋਟਰਾਂ ਦੇ ਵਿਸ਼ੇਸ਼ ਧੰਨਵਾਦ ਨਾਲ ਕੀਤੀ ਅਤੇ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਉਹ ਸੰਸਦ ਵਿੱਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦੋ ਸਾਲ ਦਿਨ-ਰਾਤ ਇੱਕ ਕਰਨਾ ਪਵੇਗਾ ਤਾਂ ਹੀ ਕਾਂਗਰਸ ਨੂੰ ਮੌਕਾ ਮਿਲ ਸਕਦਾ ਹੈ। ਪਾਰਟੀ ਅੰਦਰਲੀ ਧੜੇਬੰਦੀ ਖ਼ਤਮ ਨਾ ਹੋਣ ’ਤੇ ਵੱਡਾ ਨੁਕਸਾਨ ਹੋ ਸਕਦਾ ਹੈ। ਦੂਜੇ ਪਾਸੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਵੱਲੋਂ ਸ੍ਰੀ ਆਸ਼ੂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸ੍ਰੀ ਆਸ਼ੂ ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੀ ਧੜੇਬੰਦੀ ਦੇਖਣ ਨੂੰ ਮਿਲੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਅਬਜ਼ਰਵਰਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਈਸ਼ਵਰਜੋਤ ਸਿੰਘ ਚੀਮਾ ਸਣੇ ਕਈ ਸਥਾਨਕ ਆਗੂ ਹਾਜ਼ਰ ਸਨ ਪਰ ਸੰਸਦ ਮੈਂਬਰ ਰਾਜਾ ਵੜਿੰਗ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਆਦਿ ਹਾਜ਼ਰ ਨਹੀਂ ਸਨ। ਸ੍ਰੀ ਆਸ਼ੂ ਤੇ ਸ੍ਰੀ ਵੜਿੰਗ ਦੀ ਖਹਿਬਾਜ਼ੀ ਦੀ ਚਰਚਾ ਜ਼ੋਰਾਂ ’ਤੇ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਜਾ ਵੜਿੰਗ ਵੱਲੋਂ ਆਸ਼ੂ ਵਿਰੋਧੀਆਂ ਨਾਲ ਸੰਪਰਕ ਕਾਇਮ ਕਰ ਕੇ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿਉਂਕਿ ਰਾਜਾ ਵੜਿੰਗ ਨੂੰ ਸ਼ੱਕ ਹੈ ਕਿ ਆਸ਼ੂ ਨੇ ਉਨ੍ਹਾਂ ਦੀ ਚੋਣ ਦੌਰਾਨ ਹਲਕਾ ਪੱਛਮੀ ਵਿੱਚ ਦਿਲੋਂ ਮਦਦ ਨਹੀਂ ਸੀ ਕੀਤੀ, ਇਸ ਲਈ ਉਹ ਇਸ ਹਲਕੇ ਤੋਂ ਵੱਡੇ ਫ਼ਰਕ ਨਾਲ ਪਿੱਛੇ ਰਹੇ ਸਨ। ਇਸੇ ਦੌਰਾਨ ਇਹ ਵੀ ਚਰਚਾ ਹੈ ਕਿ ਪਾਰਟੀ ਦੀ ਇਸ ਅੰਦਰੂਨੀ ਖਹਿਬਾਜ਼ੀ ਦਾ ਖ਼ਮਿਆਜ਼ਾ ਸ੍ਰੀ ਆਸ਼ੂ ਨੂੰ ਭੁਗਤਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਇਸ ਵਾਰ ਜ਼ਿਆਦਾ ਮਿਹਨਤ ਕਰਨੀ ਪੈ ਸਕਦੀ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਾਂਗਰਸ ਵਿੱਚ ਧੜੇਬੰਦੀ ਕਾਇਮ ਰਹਿੰਦੀ ਹੈ ਤੇ ਯੋਗ ਪ੍ਰਧਾਨ ਨਹੀਂ ਬਣਾਇਆ ਜਾਂਦਾ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ।

Loading