ਵਿੰਡਸਰ (ਕੈਨੇਡਾ) : ਕੈਨੇਡਾ ਦੇ ਵਿੰਡਸਰ, ਓਨਟਾਰੀਓ ਦੇ ਰਹਿਣ ਵਾਲੇ 50 ਸਾਲਾ ਜਸਦੀਪ ਸਿੰਘ ਨੇ ਅੰਟਾਰਟਿਕਾ ਆਈਸ ਮੈਰਾਥਨ ਤੇ ਦੱਖਣੀ ਮੈਰਾਥਨ ਸਮੇਤ ਸੱਤ ਮਹਾਂਦੀਪਾਂ ’ਚ ਮੈਰਾਥਨ (42 ਕਿਲੋਮੀਟਰ) ਪੂਰੀ ਕਰਨ ਵਾਲੇ ਪਹਿਲੇ ਉਤਰੀ ਅਮਰੀਕੀ ਸਿੱਖ ਬਣ ਕੇ ਇਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਇਸ ਸ਼ਾਨਦਾਰ ਉਪਲੱਬਧੀ ਨੂੰ ਹਾਸਲ ਕਰਨ ਲਈ ਜਸਦੀਪ ਸਿੰਘ ਦਸੰਬਰ 2024 ਵਿੱਚ ਦੁਨੀਆਂ ਭਰ ਦੇ 500 ਤੋਂ ਘੱਟ ਦੌੜਾਂਕਾਂ ਦੇ ਇੱਕ ਐਲੀਟ ਗਰੁੱਪ ’ਚ ਸ਼ਾਮਲ ਹੋਇਆ। ਹਾਲ ਹੀ ਵਿੱਚ ਉਸ ਦੇ ਇਸ ਸਫ਼ਰ ’ਤੇ ਕੈਨੇਡਾ ਦੀ ਸੀ.ਬੀ.ਸੀ. ਵੱਲੋਂ ਚਾਨਣਾ ਪਾਇਆ ਗਿਆ।
ਭਾਰਤ ਤੋਂ ਕੈਨੇਡੀਅਨ ਪ੍ਰਵਾਸੀ ਵਜੋਂ ਜਸਦੀਪ ਨੇ 40 ਸਾਲ ਦੀ ਉਮਰ ਵਿੱਚ ਦਖਣੀ ਓਨਟਾਰੀਓ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੰਡਸਰ ’ਚ ਅਪਣੀ ਦੌੜ ਦੀ ਸ਼ੁਰੂਆਤ ਕੀਤੀ। ਪਿਛਲੇ ਇੱਕ ਦਹਾਕੇ ਵਿੱਚ, ਉਸਨੇ ਹੌਲੀ-ਹੌਲੀ ਦੁਨੀਆਂ ਭਰ ਵਿੱਚ ਮੈਰਾਥਨ ਪੂਰੀ ਕੀਤੀ ਹੈ। ਉਸਦੇ ਇਸ ਸਫ਼ਰ ਵਿੱਚ ਉਤਰੀ ਅਮਰੀਕਾ ਲਈ 2018 ਵਿੱਚ ਡੇਟਰੋਇਟ ਮੈਰਾਥਨ ਅਤੇ 2019 ਵਿੱਚ ਨਿਊਯਾਰਕ ਮੈਰਾਥਨ ਨੂੰ ਪੂਰਾ ਕਰਨਾ ਸ਼ਾਮਲ ਹੈ। ਉਸਦੀ ਯੂਰਪੀਅਨ ਮੈਰਾਥਨਾਂ ਵਿੱਚ 2021 ’ਚ ਬਰਲਿਨ ਮੈਰਾਥਨ ਅਤੇ 2022 ਵਿੱਚ ਲੰਡਨ ਮੈਰਾਥਨ ਸ਼ਾਮਲ ਹਨ। ਉਸਨੇ 2023 ’ਚ ਦੱਖਣੀ ਅਮਰੀਕਾ ਵਿੱਚ ਰੀਓ ਮੈਰਾਥਨ ਅਤੇ ਅਫ਼ਰੀਕਾ ਵਿੱਚ ਕੇਪ ਟਾਊਨ ਮੈਰਾਥਨ ਪੂਰੀ ਕੀਤੀ।
ਏਸ਼ੀਆ ਵਿੱਚ 2024 ’ਚ ਜਸਦੀਪ ਸਿੰਘ ਨੇ ਟੋਕੀਓ ਮੈਰਾਥਨ ਪੂਰੀ ਕੀਤੀ ਅਤੇ ਇਸੇ ਸਾਲ ਉਹ ਆਸਟਰੇਲੀਆ ’ਚ ਸਿਡਨੀ ਮੈਰਾਥਨ ਵਿੱਚ ਵੀ ਹਿੱਸਾ ਲਿਆ। ਆਖ਼ਰ ’ਚ ਉਸ ਨੇ ਦਸੰਬਰ 2024 ’ਚ ਯੂਨੀਅਨ ਗਲੇਸ਼ੀਅਰ ’ਤੇ ਅੰਟਾਰਕਟਿਕਾ ਆਈਸ ਮੈਰਾਥਨ ਨੂੰ ਪੂਰਾ ਕਰ ਕੇ ਅਪਣੇ ਸਫ਼ਰ ਦੀ ਚੋਟੀ ’ਤੇ ਪਹੁੰਚ ਗਿਆ। ਜਸਦੀਪ ਦੀ ਯਾਤਰਾ ਅੰਟਾਰਕਟਿਕਾ ਵਿੱਚ ਸਮਾਪਤ ਹੋਈ, ਜਿੱਥੇ ਉਸਨੇ ਧਰਤੀ ਦੇ ਸਭ ਤੋਂ ਕਠੋਰ ਵਾਤਾਵਰਣਾਂ ਵਿੱਚ ਦੌੜ ਲਗਾਈ।
ਜਸਦੀਪ ਨੇ ਕਿਹਾ, ‘‘ਅੰਟਾਰਕਟਿਕਾ ਇੱਕ ਸੁਪਨਾ ਸੀ ਅਤੇ ਸਭ ਤੋਂ ਚੁਨੌਤੀਪੂਰਣ ਦੌੜ ਸੀ। ਇਸ ਮੈਰਾਥਨ ਨੂੰ ਪੂਰਾ ਕਰਨਾ ਮੇਰੇ ਲਈ ਖ਼ੁਦ ਨੂੰ ਜਿੱਤਣ ਵਰਗਾ ਸੀ ਅਤੇ ਇਹ ਸਾਬਤ ਕਰਨਾ ਕਿ ਜਦੋਂ ਅਸੀਂ ਮਨ ਬਣਾ ਲੈਂਦੇ ਹਾਂ ਤਾਂ ਅਸੀਂ ਕੁਝ ਵੀ ਕਰਨ ਦੇ ਸਮਰੱਥ ਹਾਂ।’’ ਜਸਦੀਪ ਨੇ ਆਪਣੀ ਸਫ਼ਲਤਾ ਦਾ ਸਿਹਰਾ ਅਪਣੇ ਟ੍ਰੇਨਰ ਡੇਵਿਡ ਸਟੀਵਰਟ ਦੇ ਮਾਰਗਦਰਸ਼ਨ ਨੂੰ ਦਿੱਤਾ। ਜਿਨ੍ਹਾਂ ਨੇ ਕਈ ਸਾਲਾਂ ਤਕ ਵਿੰਡਸਰ ਵਿਖੇ ਉਸ ਨਾਲ ਕੰਮ ਕੀਤਾ। ਸਖ਼ਤ ਸਿਖਲਾਈ ਅਤੇ ਤਿਆਰੀ ਦੇ ਜ਼ਰੀਏ, ਜਸਦੀਪ ਨੇ ਇੰਨੀ ਵੱਡੀ ਉਪਲਬਧੀ ਹਾਸਲ ਕਰਨ ਲਈ ਲੋੜੀਂਦੀ ਤਾਕਤ ਅਤੇ ਮਾਨਸਿਕ ਲਚਕੀਲਾਪਣ ਵਿਕਸਿਤ ਕੀਤਾ। ਇਸ ਦੇ ਨਾਲ ਹੀ ਜਸਦੀਪ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਉਸਦੀ ਪਤਨੀ ਅਤੇ ਉਸ ਦੇ ਦੋ ਬੱਚਿਆਂ ਦੇ ਅਟੁੱਟ ਸਮਰਥਨ ਨੂੰ ਦਿੰਦਾ ਹੈ।