ਹਮਾਮ ਵਿੱਚ ਸਭ ਨੰਗੇ ਨੇ…

In ਖਾਸ ਰਿਪੋਰਟ
July 16, 2025

ਬਲਰਾਜ ਪੰਨੂੰ

ਪੰਜਾਬ ਦੀ ਸਿਆਸਤ ਦਾ ਰੰਗ ਅੱਜ ਕੱਲ੍ਹ ਲਾਲ ਪੀਲਾ ਹੋਇਆ ਪਿਆ ਹੈ। ਲਾਲ ਪੀਲਾ ਤਾਂ ਕਿਹਾ ਹੈ ਜੋ ਮਜੀਠੀਆ ਦੇ ਚਾਹੁੰਣ ਵਾਲੇ ਨੇ, ਉਹਨਾਂ ਦਾ ਹਾਲਾਤਾਂ ਨੂੰ ਵੇਖ ਕੇ ਪੀਲਾ ਰੰਗ ਹੋ ਗਿਆ ਹੈ ਤੇ ਆਪ ਪਾਰਟੀ ਵਾਲਿਆਂ ਦਾ ਰੰਗ ਲਾਲ ਯਾਨੀ ਬਾਗੋਬਾਗ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮਜੀਠੀਆ ਨੂੰ ਅੰਦਰ ਸੁੱਟ ਕੇ ਅਸੀਂ ਲੋਕਾਂ ਦੇ ਨਾਲ ਨਜ਼ਰਾਂ ਮਿਲਾਉਣ ਜੋਗੇ ਹੋ ਗਏ ਹਾਂ। ਸੋਚਦੇ ਨੇ ਕਿ ਲਉ ਬਈ ਫੜ ਲਿਆ ਅਸੀਂ ਨਸ਼ੇ ਦਾ ਸੌਦਾਗਰ। ਉੱਧਰੋਂ ਮਜੀਠੀਆ ਸਾਹਿਬ ਕਹਿੰਦੇ ਨੇ ਕਿ ਮੈਂ ਜੇਲ੍ਹ ਦੇ ਵਿੱਚ ਸੁਰੱਖਿਅਤ ਨਹੀਂ। ਉਹਨਾਂ ਦਾ ਵਕੀਲ ਮੰਗ ਕਰ ਰਿਹਾ ਹੈ ਕਿ ਮਜੀਠੀਆ ਸਾਹਿਬ ਨੂੰ ਓਰੇਂਜ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ। ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਉਹ ਵੀ ਅੱਜ ਕੱਲ੍ਹ ਖੱਖੜੀਆਂ ਕਰੇਲੇ ਵਾਂਗ ਹੋਏ ਪਏ ਨੇ। ਭਾਂਵੇਂ ਕਿ ਉਹ ਆਮ ਕਹਿ ਦਿੰਦੇ ਨੇ ਕਿ ਸਭ ਕੁੱਝ ਠੀਕ ਹੈ ਪਰ ਆਪਸ ਦੇ ਵਿੱਚ ਉਹ ਦੋ ਪਾਰਟੀਆਂ ਵਾਂਗ ਲੜ ਰਹੇ ਨੇ। ਤੇ ਲੋਕ ਇਹ ਸੋਚ ਰਹੇ ਨੇ ਕਿ ਇਹ ਆਪਸ ਵਿੱਚ ਲੜਨਗੇ ਜਾਂ ਵਿਰੋਧੀਆਂ ਦੇ ਨਾਲ? ਵੈਸੇ ਕਾਂਗਰਸ ਦੀ ਹਿਸਟਰੀ ’ਤੇ ਨਜ਼ਰ ਮਾਰੀ ਜਾਵੇ ਤਾਂ ਕੈਰੋਂ, ਗਿਆਨੀ ਜੈਲ ਸਿੰਘ ਤੇ ਬੇਅੰਤ ਸਿੰਘ ਸਮੇਂ ਵੀ ਕਾਂਗਰਸ ਵਿੱਚ ਗਰੁੱਪ ਉਭਰਦੇ ਰਹੇ ਨੇ। ਸ਼ਾਇਦ ਇਹ ਪਾਰਟੀ ਦੀ ਕੋਈ ਨੀਤੀ ਹੋਵੇ ਕਿ ਆਪਣੇ ਆਪ ਨੂੰ ਕੋਈ ਬਹੁਤਾ ਵੱਡਾ ਨਾ ਸਮਝ ਲਵੇ। ਸੁੱਖ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਨਹੀਂ ਦਿਖਦੀ ਕਿਉਂਕਿ 12 ਜੁਲਾਈ ਨੂੰ 12 ਵਿਧਾਇਕ ਦਿੱਲੀ ਵਿੱਚ ਜਾ ਕੇ ਸੁਪਰੀਮੋ ਨੂੰ ਮਿਲੇ ਸਨ। ਵੈਸੇ ਆਪ ਵਾਲਿਆਂ ਦਾ ਸੁਪਰੀਮੋ ਰਹਿੰਦਾ ਤਾਂ ਪੰਜਾਬ ਹੀ ਹੈ ਅਜੇ ਪਿੱਛਲੇ ਹਫ਼ਤੇ ਏਥੇ ਹੀ ਸੀ। ਐਸੀ ਕਿਹੜੀ ਗੱਲ ਸੀ ਕਿ ਅਮਨ ਅਰੋੜਾ ਦੀ ਅਗਵਾਈ ਦੇ ਵਿੱਚ ਦਿੱਲੀ ਜਾਣਾ ਪੈ ਗਿਆ। 

ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਿਆਸਤਦਾਨਾਂ ਦੀ ਆਪਸੀ ਲੜਾਈ ਨਿੱਜੀ ਸਕੋਰਾਂ ’ਤੇ ਆ ਕੇ ਅਟਕ ਗਈ ਹੈ। ਇੱਕ ਦੂਜੇ ਦੇ ਵਿਰੁੱਧ ਧਰਨੋ ਧਰਨੀ ਵੀ ਹੁੰਦੇ ਨੇ, ਗਾਲੀ ਗਲੋਚ ਤੋਂ ਵੀ ਸੰਕੋਚ ਨਹੀਂ ਕਰਦੇ। ਅਖੇ ਤੂੰ ਮੈਨੂੰ ਗਾਲ ਕੱਢ ਮੈਂ ਤੈਨੂੰ ਕੱਢਾਂ। ਕਈ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਵਾਲੀ ਮਰਿਆਦਾ ਹੀ ਭੁੱਲ ਜਾਂਦੇ ਨੇ ਕਿ ਉਹ ਮੁੱਖ ਮੰਤਰੀ ਨੇ। ਲੰਘੇ ਦਿਨਾਂ ’ਚ ਕਾਫੀ ਚਰਚਾ ਵਿੱਚ ਰਹੇ ਨੇ। ਵਿਦੇਸ਼ ਨੀਤੀ ਦੇ ਉੱਤੇ ਖਾਸ ਅੰਦਾਜ਼ ਵਿੱਚ ਉਹਨਾਂ ਟਿੱਪਣੀ ਕੀਤੀ ਵੈਸੇ ਵਿਦੇਸ਼ ਨੀਤੀ ਦੇ ਉੱਤੇ ਸਾਰੇ ਹੀ ਸਵਾਲ ਕਰਦੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਗੱਲ ਨੂੰ ਜ਼ਿਆਦਾ ਉਛਾਲਿਆ ਗਿਆ। ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕਿਧਰੇ ਅੰਦਰਖਾਤੇ ਤਾਰਾਂ ਜੁੜੀਆਂ ਤਾਂ ਨਹੀਂ? ਕਾਨੂੰਨ ਅਨੁਸਾਰ ਕਿਸੇ ਗ੍ਰਹਿ ਮੰਤਰੀ ਨੂੰ ਤੜੀਪਾਰ ਕਹਿ ਦੇਣਾ ਉਹ ਵੀ ਸੰਵਿਧਾਨਿਕ ਅਹੁਦੇ ’ਤੇ ਬੈਠਿਆਂ, ਇਹ ਗੱਲਾਂ ਸ਼ੋਭਦੀਆਂ ਨਹੀਂ, ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਤੜੀਪਾਰ ਸੀ। ਤੁਹਾਨੂੰ ਯਾਦ ਹੋਣੈ ਕਿ ਨੀਤੀ ਆਯੋਗ ਮੀਟਿੰਗ ਸਮੇਂ ਜਿਸ ਤਰੀਕੇ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਝੁੱਕ ਕੇ ਪ੍ਰਧਾਨ ਮੰਤਰੀ ਨੂੰ ਭਗਵੰਤ ਮਾਨ ਮਿਲੇ ਸੀ, ਤੇ ਹੁਣ ਇੱਕ ਦਮ ਬਦਲਾਵ ਕਿ ਪ੍ਰਧਾਨ ਮੰਤਰੀ ਦੇ ਲਈ ਨਿਰਾਦਰੀ ਸ਼ਬਦ ਵਰਤਣੇ ਵੀ ਕਈ ਸਵਾਲ ਖੜੇ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਤੀਰ ਉੱਥੇ ਹੀ ਛੱਡਿਆ ਜਾ ਰਿਹੈ ਜਿਥੋਂ ਪਤਾ ਹੈ ਕਿ ਰੀਐਕਸ਼ਨ ਆਵੇਗਾ।
ਲੰਘੇ ਦਿਨਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਹੋਇਆ ਵੈਸੇ ਲੱਸੀ ਨੂੰ ਰਿੜਕਿਆਂ ਨਿਕਲਦਾ ਕੁਝ ਵੀ ਨਹੀਂ, ਪਰ ਸਾਰੀਆਂ ਪਾਰਟੀਆਂ ਨੇ ਲੱਸੀ ਹੀ ਰਿੜਕੀ। ਪੰਜਾਬ ਦੀ ਵਿਧਾਨ ਸਭਾ ਵਿੱਚ ਬੇਅਦਬੀ ਦੇ ਮੁੱਦੇ ’ਤੇ ਗੱਲ ਘੱਟ ਤੇ ਤੂੰ ਤੂੰ, ਮੈਂ ਮੈਂ ਜ਼ਿਆਦਾ ਹੋਈ। ਮੌਜੂੁਦਾ ਸਰਕਾਰ ਆਪਣੀ ਪਿੱਠ ਆਪੇ ਥਾਪੜਦੀ ਰਹੀ ਤੇ ਦੂਜੀਆਂ ਪਾਰਟੀਆਂ ਨੂੰ ਭੰਡਣ ਦੇ ਵਿੱਚ ਵਾਹਵਾ ਸਮਾਂ ਲਗਾਇਆ। ਮੁੱਖ ਮੰਤਰੀ ਦੇ ਵੱਲੋਂ ਗਿਨੀਵ ਕੌਰ ਦੀ ਨਕਲ ਉਤਾਰਨਾ ਸੱਚਮੁੱਚ ਬਹੁਤ ਬੁਰਾ ਲੱਗਿਆ। ਆਖ਼ਰ ਔਰਤ ਦਾ ਲਿਹਾਜ਼ ਤਾਂ ਕਰਨਾ ਚਾਹੀਦਾ ਸੀ। ਭਾਸ਼ਾ ਦੀ ਮਰਿਆਦਾ ਮੁੱਕਦੀ ਨਜ਼ਰ ਆਈ। ਅਸਲ ਦੇ ਵਿੱਚ ਹੋਣਾ ਤਾਂ ਇਹ ਚਾਹੀਦਾ ਸੀ ਕਿ ਖ਼ਾਮੀਆਂ ’ਤੇ ਚਰਚਾ ਹੋਵੇ। ਇਹ ਦੂਰ ਕਿਵੇਂ ਕੀਤੀਆਂ ਜਾਣ? ਸਲਾਹ ਮਸ਼ਵਰਾ ਹੋਵੇ। ਲੋਕ ਭਲਾਈ ਕੰਮ ਕਿਵੇਂ ਨੇਪਰੇ ਚਾੜਨੇ ਨੇ, ਸਾਂਝੀ ਗੱਲਬਾਤ ਹੋਵੇ। ਪਰ ਹਰ ਮੁੱਦੇ ਨੂੰ ਹਲਕੇ ਵਿੱਚ ਲਿਆ ਗਿਆ ਜਾਂ ਕਹਿ ਲਉ ਕਿ ਡੰਗ ਟਪਾਇਆ ਗਿਆ। ਬੇਅਦਬੀ ਇੱਕ ਬਹੁਤ ਗੰਭੀਰ ਮਸਲਾ ਹੈ ਇਸ ਮਸਲੇ ਉੱਤੇ ਸਰਕਾਰਾਂ ਬਣੀਆਂ ਵੀ ਨੇ ਤੇ ਟੁੱਟੀਆਂ ਵੀ ਨੇ। ਕਿਸੇ ਸਰਕਾਰ ਦੇ ਕੋਲ ਇਸ ਮੁੱਦੇ ਦਾ ਕੋਈ ਜਵਾਬ ਨਹੀਂ। ਹਾਂ, ਇਹ ਗੱਲ ਠੀਕ ਹੈ ਕਿ ਵਾਅਦੇ ਹਰ ਸਰਕਾਰ ਨੇ ਇਨਸਾਫ਼ ਦੇ ਕੀਤੇ ਨੇ। ਸੱਤਾਧਿਰ ਪਾਰਟੀ ਨੇ ਇਸ ਮਸਲੇ ’ਤੇ ਸਿੱਖ ਧਰਮ ਦੀ ਮਹਾਨਤਾ ਦੀ ਗੱਲ ਕਰਕੇ ਮਸਲੇ ਨੂੰ ਸਮੇਟ ਦਿੱਤਾ। ਆਪ ਪਾਰਟੀ ਦੇ ਵਿੱਚ ਦੋ ਵਕੀਲ ਵੀ ਨੇ, ਪਰ ਉਹ ਵਕੀਲ ਵੀ ਕੋਈ ਕਾਨੂੰਨੀ ਪੁਆਇੰਟ ਚੁੱਕਣ ਦੀ ਬਜਾਏ ਚੁੱਪ ਰਹੇ। ਹਾਂ, ਕੁਝ ਕੁ ਵਿਧਾਇਕਾਂ ਨੇ ਹਲਕੀ ਫੁਲਕੀ ਇਸ ਮਾਮਲੇ ’ਤੇ ਗੱਲ ਕੀਤੀ। ਨਸ਼ੇ ਦੇ ਮੁੱਦੇ ’ਤੇ ਗੱਲ ਕੀਤੀ ਗਈ ਪਰ ਇਸ ਨਾਜ਼ੁਕ ਮਾਮਲੇ ’ਤੇ ਵੀ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਫੋਕੀ ਗੇਮ ਖੇਡ ਰਹੇ ਹੋਣ। ਕੱਚਘਰੜ ਜਿਹਾ ਡਾਟਾ ਪੇਸ਼ ਕੀਤਾ ਅਖੇ ਗਿਆਰਾਂ ਹਜ਼ਾਰ ਨਸ਼ਾ ਤਸਕਰਾਂ ’ਤੇ ਅਸੀਂ ਕੇਸ ਦਰਜ਼ ਕਰ ਲਏ ਨੇ ਤੇ 21, 987 ਅਸੀਂ ਜੇਲ੍ਹ ਵਿੱਚ ਸੁੱਟ ਦਿੱਤੇ ਹਨ। ਕਹਿੰਦੇ ਅਸੀਂ ਸਪਲਾਈ ਲਾਈਨ ਕੱਟ ਦਿੱਤੀ ਹੈ। ਲੱਖਾਂ ਨਸ਼ਾ ਕਰਨ ਵਾਲੇ ਲੋਕਾਂ ਦਾ ਡਾਟਾ ਕਿੱਥੇ ਹੈ? ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਕਿੰਨੀ ਕੁ ਹੈ? ਕਿੰਨੇ ਬੰਦੇ ਨੇ ਜਿਹੜੇ ਨਸ਼ੇ ਦੇ ਆਦੀ ਨੇ? ਜੇ ਨਸ਼ਾ ਖ਼ਤਮ ਹੈ ਤਾਂ ਹਸਪਤਾਲਾਂ ਦੇ ਵਿੱਚ ਗੋਲੀਆਂ ਲੈਣ ਵਾਲਿਆਂ ਦੀ ਲਾਈਨ ਸਵੇਰੇ ਪੰਜ ਵਜੇ ਹੀ ਲੱਗਣੀ ਕਿਉਂ ਸ਼ੁਰੂ ਹੋ ਜਾਂਦੀ ਹੈ। ਕਹਿੰਦੇ, ਪੰਚਾਇਤਾਂ ਮਤੇ ਪਾ ਕੇ ਨਸ਼ਾ ਮੁਕਤ ਪਿੰਡ ਬਣਾ ਰਹੀਆਂ ਨੇ। ਰੱਬ ਦੀਆਂ ਰੱਬ ਜਾਣੇ ਇਹ ਨਸ਼ਾ ਮੁਕਤ ਸੱਚ ਵਿੱਚ ਬਣ ਰਹੇ ਨੇ ਜਾਂ ਬਣਾਏ ਜਾ ਰਹੇ ਨੇ।
ਇਸ ਹਫ਼ਤੇ ਤਖ਼ਤਾਂ ਦਾ ਟਕਰਾਅ ਵੀ ਹੋਇਆ ਤੇ ਟਲ ਵੀ ਗਿਆ। ਸਵਾਲ ਅਜੇ ਉਥੇ ਦਾ ਉਥੇ ਖੜਾ ਹੈ ਕਿ ਤਖ਼ਤ ਆਹਮੋ ਸਾਹਮਣੇ ਕਿਉਂ ਹੋਏ? ਸੰਸਥਾਵਾਂ ਵੱਡੀਆਂ, ਉੱਚੀਆਂ ਤੇ ਸੁੱਚੀਆਂ ਨੇ ਤੇ ਲੋਕਾਂ ਦੀਆਂ ਆਸਾਂ ਵੀ ਬਹੁਤ ਵੱਡੀਆਂ ਨੇ। ਸੰਕਟ ਵੀ ਵੱਡੇ ਨੇ ਪਰ ਮਾਫ਼ੀ ਚਾਹਾਂਗੇ ਵੱਡਿਆਂ ਸੰਕਟਾਂ ਦੇ ਸਾਹਮਣੇ ਵਿਜ਼ਨ ਬਹੁਤ ਛੋਟੇ ਨੇ। ਜੋ ਸੰਕਟ ਨੂੰ ਨਾਪ ਨਹੀਂ ਰਹੇ। ਦੁਆ ਹੈ ਕਿ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਲੋਕਾਂ ਦਾ ਵਿਸ਼ਵਾਸ਼ ਮੁੜ ਮੁੜ ਨਾ ਟੁੱਟੇ।
ਇਸ ਹਫ਼ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੇ 1158 ਘਰਾਂ ਦੇ ਵਿੱਚ ਸੋਗ ਪਾ ਦਿੱਤਾ ਹੈ ਕਿਉਂਕਿ ਉਹਨਾਂ ਦੀ ਸਿਲੈਕਸ਼ਨ ਰੱਦ ਕਰ ਦਿੱਤੀ ਗਈ ਹੈ। ਇਸ ਲਈ ਜ਼ਿੰਮੇਵਾਰ ਕੌਣ ਹੈ? ਤੇ ਜਵਾਬਦੇਹੀ ਕਿਸ ਦੀ ਹੋਵੇਗੀ ਪਤਾ ਨਹੀਂ। ਕ੍ਰਿਸ਼ਨ ਕੁਮਾਰ ਵਰਗੇ ਆਈ.ਏ.ਐਸ. ਅਫ਼ਸਰ, ਜਿਹਨਾਂ ਨੂੰ ਸਤਿਕਾਰ ਇਹ ਕਹਿ ਕੇ ਦਿੱਤਾ ਜਾਂਦਾ ਹੈ ਕਿ ‘ਅਫ਼ਸਰ ਹੋਵੇ ਤਾਂ ਇਹੋ ਜਿਹਾ।’ ਉਹਨਾਂ ਦੀ ਇਹ ਅਣਦੇਖੀ ਜਾਂ ਇਸ ਤਰ੍ਹਾਂ ਕਹਿ ਲਉ ਕਿ ਉਹਨਾਂ ਦੇ ਨੱਕ ਥੱਲੇ ਐਡਾ ਵੱਡਾ ਘਪਲਾ ਕਈ ਸਵਾਲ ਖੜੇ ਕਰਦਾ ਹੈ। ਦੋਸ਼ੀ ਤਾਂ ਸਾਬਕਾ ਮੁੱਖ ਮੰਤਰੀ ਚੰਨੀ ਵੀ ਨੇ ਪਰ ਇਮਾਨਦਾਰੀ ਦਾ ਦਮ ਭਰਦਾ ਚਿਹਰਾ ਪ੍ਰਗਟ ਸਿੰਘ ਨੇ ਇਹ ਕੌੜਾ ਘੁੱਟ ਕਿਵੇਂ ਭਰ ਲਿਆ। ਕੁਝ ਵੀ ਹੋਵੇ ਅਹੁਦੇ ਦੀ ਦੁਰਵਰਤੋ, ਅਣਦੇਖੀ 1158 ਵਾਲਿਆਂ ਨੂੰ ਗੂੰਗੇ ਬੋਲੇ ਕਰ ਗਈ ਹੈ। ਪਤਾ ਨਹੀਂ ਇਸ ਮਸਲੇ ਦੇ ਵਿੱਚ ਹੋਰ ਕਿੰਨੇ ਕੁ ਨਾਮ ਨੇ? ਪਰ ਵਿਸ਼ਵਾਸ਼ ਇਮਾਨਦਾਰ ਚਿਹਰਿਆਂ ਤੋਂ ਵੀ ਉੱਠਦਾ ਜਾ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਮਾਮ ਵਿੱਚ ਸਭ ਨੰਗੇ ਨੇ।

Loading