ਹਮੇਸ਼ਾ ਲਈ ਖਾਮੋਸ਼ ਹੋ ਗਿਆ ਹਾਸਿਆਂ ਦਾ ਬਾਦਸ਼ਾਹ

In ਮੁੱਖ ਲੇਖ
August 23, 2025

ਤੇਜਿੰਦਰ ਕੌਰ ਥਿੰਦ

ਛਣਕਾਟਿਆਂ ਦੀ ਬਹਾਰ ਲਾਉਣ ਵਾਲਾ, ਕੋਕੇ ਜੜਨ ਵਾਲਾ ਹਰਦਿਲ ਆਜ਼ੀਜ਼, ਪੰਜਾਬੀ ਸਿਨੇਮਾ ਦੀ ਧੜਕਣ ਡਾ. ਜਸਵਿੰਦਰ ਸਿੰਘ ਭੱਲਾ ਪਿਛਲੇ ਦਿਨੀਂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀਆਂ ਤਾਂ ਅੱਖਾਂ ਨਮ ਹਨ ਪਰ ਸਦਾ ਹਾਸੇ ਵੰਡਣ ਵਾਲਾ ਚਾਚਾ ਚਤਰਾ ਅੱਜ ਹਰ ਪਾਸੇ ਦੁੱਖ, ਉਦਾਸੀ ਤੇ ਹਰ ਇਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੂੰ ਗਮਗੀਨ ਕਰ ਗਿਆ ਹੈ।
ਡਾ. ਜਸਵਿੰਦਰ ਭੱਲਾ ਆਪਣੀ ਕਾਮੇਡੀ ਸਦਕਾ ਪ੍ਰਸਿੱਧ ਹੋਏ। ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕੇ ਜਸਵਿੰਦਰ ਭੱਲਾ ਨੂੰ ਇਸ ਮੁਕਾਮ ’ਤੇ ਪਹੁੰਚਣ ਲਈ ਕਾਫੀ ਲੰਬਾ ਸੰਘਰਸ਼ ਵੀ ਕਰਨਾ ਪਿਆ। ਗਾਇਕੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਭੱਲਾ ਨੂੰ ਸਫਲਤਾ ਅਤੇ ਪਛਾਣ ਇੱਕ ਕਾਮੇਡੀਅਨ ਤੇ ਅਦਾਕਾਰ ਵਜੋਂ ਜ਼ਿਆਦਾ ਮਿਲੀ। ਅੱਜ ਵੀ ਜਦੋਂ ਸੱਥਾਂ ਅੰਦਰ ਉਸ ਦੇ ਮਸ਼ਹੂਰ ਹੋਏ ਛਣਕਾਟਿਆਂ ਦੀ ਛਣਕਾਰ ਦੀਆਂ ਗੱਲਾਂ ਹੁੰਦੀਆਂ ਹਨ ਤਾਂ ਚਾਚੇ ਚਤਰੇ ਦੀਆਂ ਸ਼ੁਰਲੀਆਂ ਅਤੇ ਯਾ..ਯਾ.. ਵਾਲੇ ਐੱਨ.ਆਰ.ਆਈ. ਭਾਨੇ ਦੀਆਂ ਜੱਬਲੀਆਂ ਦੇ ਨਾਲ ਸਾਥੀ ਕਲਾਕਾਰਾਂ ਦੀ ਤਿੱਕੜੀ ਦੇ ਸੁਮੇਲ ਦੀ ਚਰਚਾ ਵੀ ਜ਼ਰੂਰ ਹੁੰਦੀ ਹੈ। ਇਸ ਤਿੱਕੜੀ ’ਚ ਜਸਵਿੰਦਰ ਭੱਲਾ, ਭਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹਨ। ਇਨ੍ਹਾਂ ਤਿੰਨਾਂ ਨੇ ਲੰਮਾ ਸਮਾਂ ‘ਛਣਕਾਟਾ’ ਟਾਈਟਲ ਹੇਠ ਆਈਆਂ ਐਲਬਮਜ਼ ’ਚ ਆਪਣੀ ਕਲਾ ਦਾ ਖ਼ੂਬ ਪ੍ਰਦਰਸ਼ਨ ਕੀਤਾ ਤੇ ਸਰੋਤਿਆਂ ਨੇ ਵੀ ਇਨ੍ਹਾਂ ਦੀ ਕਲਾ ਨੂੰ ਰੱਜਵਾਂ ਪਿਆਰ ਦਿੱਤਾ ਹੈ।

ਜਨਮ ਅਤੇ ਪੜ੍ਹਾਈ

ਜਸਵਿੰਦਰ ਭੱਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਕਬਾ ਵਿਖੇ ਪਿਤਾ ਬਹਾਦਰ ਸਿੰਘ ਭੱਲਾ ਅਤੇ ਮਾਤਾ ਸਤਵੰਤ ਕੌਰ ਦੇ ਘਰ ਦਾ ਜਨਮ 4 ਮਈ 1960 ਨੂੰ ਪੈਦਾ ਹੋਏ। ਉਸ ਦੇ ਪਿਤਾ ਸਿੱਖਿਆ ਵਿਭਾਗ ’ਚ ਅਫਸਰ ਸਨ। ਸਕੂਲ ਦੌਰਾਨ ਹੀ ਜਸਵਿੰਦਰ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਆਪਣੇ ਗੀਤਾਂ ਨਾਲ ਸਕੂਲ ਦੇ ਹਰ ਸਮਾਗਮ ਵਿੱਚ ਹਾਜ਼ਰੀ ਲਗਵਾ ਕੇ ਸਕੂਲ ਅਧਿਆਪਕਾਂ ਤੋਂ ਸ਼ਾਬਾਸ਼ ਦੇ ਨਾਲ-ਨਾਲ ਕਈ ਇਨਾਮ ਵੀ ਪ੍ਰਾਪਤ ਕਰਦਾ। ਉਨ੍ਹਾਂਂ ਆਪਣੀ ਮੁੱਢਲੀ ਪੜ੍ਹਾਈ ਦੋਰਾਹਾ ਤੋਂ ਹਾਸਲ ਕੀਤੀ। ਨੌਵੀਂ ਜਮਾਤ ’ਚ ਪੜ੍ਹਦਿਆਂ ਹੀ 1975 ਦੇ ਕਰੀਬ ਭੱਲਾ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ ਸਰੋਤਿਆਂ ਤਕ ਪਹੁੰਚਾਇਆ। ਉਨ੍ਹਾਂ ਬੀਐੱਸਸੀ ਅਤੇ ਐੱਮਐੱਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਫਿਰ ਪੀਐੱਚਡੀ ਕਰ ਕੇ ਇਸੇ ਯੂਨੀਵਰਸਿਟੀ ’ਚ ਹੀ ਬਤੌਰ ਪ੍ਰੋਫੈਸਰ ਸੇਵਾ ਵੀ ਨਿਭਾਈ।
ਉਨ੍ਹਾਂ ਨੇ 1984 ’ਚ ਯੂਨੀਵਰਸਿਟੀ ’ਚ ਨੌਕਰੀ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਸਾਲ ਤਕ ਏਆਈ/ਏਡੀਓ ਵਜੋਂ ਸੇਵਾ ਨਿਭਾਈ। ਫਿਰ ਸਾਲ 1989 ਵਿੱਚ ਉਹ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਸ਼ਾਮਲ ਹੋਏ ਅਤੇ ਹੁਣ ਉਹ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ ‘ਹੈੱਡ ਆਫ ਦੀ ਡਿਪਾਰਟਮੈਂਟ’ ਸੇਵਾ ਮੁਕਤ ਹੋਏ।

ਮਸ਼ਹੂਰ ਹੋਏ ਡਾਇਲਾਗ

ਡਾ. ਜਸਵਿੰਦਰ ਸਿੰਘ ਭੱਲਾ ਦੀ ਖ਼ਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ ’ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦੇ ਜਾਂਦੇ ਹਨ। ਇਨ੍ਹਾਂ ’ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ ‘ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ’, ‘ਗੰਦੀ ਔਲਾਦ ਨਾ ਮਜ਼ਾ ਨਾ ਸਵਾਦ’ (ਫਿਲਮ ਕੈਰੀ ਆਨ ਜੱਟਾ), ‘365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ’ (ਲੱਕੀ ਦੀ ਅਣ ਲੱਕੀ ਸਟੋਰੀ), ‘ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ’ (ਚੱਕ ਦੇ ਫੱਟੇ), ‘ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ’ (ਜੀਹਨੇ ਮੇਰਾ ਦਿਲ ਲੁੱਟਿਆ), ‘ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ’ (ਜੱਟ ਐਂਡ ਜੂਲੀਅਟ), ‘ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ’ (ਜੱਟ ਬੁਆਏਜ਼ ਪੁੱਤ ਜੱਟਾਂ ਦੇ), ‘ਇੱਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ’ (ਰੰਗੀਲੇ), ‘ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ’ (ਜੱਟ ਏਅਰਵੇਜ਼)। ਜਸਵਿੰਦਰ ਸਿੰਘ ਭੱਲਾ ਵੈਸੇ ਵੀ ਅਜਿਹੇ ਪੰਜਾਬੀ ਕਾਮੇਡੀਅਨ ਮੰਨੇ ਗਏ ਹਨ ਜੋ ਕੋਈ ਵੀ ਸੰਵਾਦ ਕਾਫ਼ੀ ਤੇਜ਼ੀ ਨਾਲ ਬੋਲਣ ਦੀ ਜਾਚ ਰੱਖਦੇ ਹਨ। ਭੱਲਾ ਦੀ ਸਫਲਤਾ ਪਿੱਛੇ ਉਨ੍ਹਾਂ ਦੀ ਸਾਦਗੀ ਤੇ ਸਖ਼ਤ ਮਿਹਨਤ ਸਹਿਜੇ ਹੀ ਨਜ਼ਰ ਆਉਂਦੀ ਹੈ। ਇਸ ’ਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਅੱਜ ਜਸਵਿੰਦਰ ਭੱਲਾ ਤੋਂ ਬਿਨਾਂ ਪੰਜਾਬੀ ਫਿਲਮਾਂ ਨੂੰ ਅਧੂਰਾ ਮੰਨਿਆ ਜਾਂਦਾ ਹੈ। ਇਹ ਵੀ ਦਿਲਚਪਸ ਗੱਲ ਹੈ ਕਿ ਪੰਜਾਬੀ ਫਿਲਮਾਂ ’ਚ ਜਸਵਿੰਦਰ ਭੱਲਾ ਦੀ ਬੀਐੱਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਤੇ ਵੀਨੂੰ ਢਿੱਲੋਂ ਵਰਗੇ ਅਦਾਕਾਰਾ ਨਾਲ ਵਿਖਾਈ ਅਦਾਕਾਰੀ ਦਰਸ਼ਕ ਹੋਰ ਵੀ ਜ਼ਿਆਦਾ ਪਸੰਦ ਕਰਦੇ ਹਨ।
ਨਿੱਜੀ ਜੀਵਨ
ਡਾ. ਜਸਵਿੰਦਰ ਸਿੰਘ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ ਜੋ ਇੱਕ ਫਾਈਨ ਆਰਟਸ ਅਧਿਆਪਕ ਹਨ। ਇਨ੍ਹਾਂ ਦੇ ਘਰ ਬੇਟੀ ਅਰਸ਼ਦੀਪ ਕੌਰ ਭੱਲਾ ਤੇ ਬੇਟਾ ਪੁਖਰਾਜ ਭੱਲਾ ਨੇ ਜਨਮ ਲਿਆ। ਅੱਜਕੱਲ੍ਹ ਪੁਖਰਾਜ ਭੱਲਾ ਵੀ ਆਪਣੇ ਪਿਤਾ ਦੀਆਂ ਪਾਈਆਂ ਪੈੜਾਂ ’ਤੇ ਚੱਲਦਿਆਂ ਫਿਲਮ ਜਗਤ ’ਚ ਆਪਣੀ ਚੰਗੀ ਪਛਾਣ ਬਣਾ ਰਿਹਾ ਹੈ।
ਦੂਰਦਰਸ਼ਨ ਵੱਲ ਕਦਮ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਜਸਵਿੰਦਰ ਭੱਲਾ ਦਾ ਮੇਲ ਬਾਲ ਮੁਕੰਦ ਸ਼ਰਮਾ ਨਾਲ ਹੋਇਆ। ਇੱਥੋਂ ਹੀ ਇਨ੍ਹਾਂ ਦੀ ਦੋਸਤੀ ਗੂੜ੍ਹੀ ਹੋਈ ਤੇ ਇਹ ਸਫਰ ਅੱਗੇ ਵਧਿਆ। ਇਨ੍ਹਾਂ ਦੋਵਾਂ ਦੀ ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਕਾਮੇਡੀ ਪੇਸ਼ਕਾਰੀ ਨਾਲ ਆਪਣੀ ਪਛਾਣ ਬਣਾਉਣ ਵਿੱਚ ਸਫਲ ਹੋ ਗਈ। ਪੀਏਯੂ ’ਚ ਲੱਗਦੇ ਕਿਸਾਨ ਮੇਲਿਆਂ ਦੀ ਡਾ. ਭੱਲਾ ਨੇ ਅਗਵਾਈ ਕਰਦਿਆਂ ਕਿਸਾਨਾਂ ਦੇ ਹਿੱਤ ਦੀਆਂ ਵੀ ਗੱਲਾਂ ਕੀਤੀਆਂ। ਇਸ ਨਾਲ ਹੀ ਕਿਰਸਾਨੀ ਦੀ ਬਿਹਤਰੀ ਲਈ ਆਪਣਾ ਵੱਡਮੁੱਲਾ ਯੋਗਦਾਨ ਵੀ ਪਾਇਆ ।
ਯੂਨੀਵਰਸਿਟੀ ’ਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਜਸਵਿੰਦਰ ਭੱਲਾ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ ‘ਰੁਲਦੇ ਦਾ ਵਿਆਹ’ ਵਿੱਚ ਬਾਲ ਮੁਕੰਦ ਸ਼ਰਮਾ ਅਤੇ ਦਿਵਿਆ ਦੱਤਾ ਨਾਲ ਛੋਟੇ ਪਰਦੇ ’ਤੇ ਸ਼ਾਨਦਾਰ ਐਂਟਰੀ ਕੀਤੀ। ਇਸ ਪ੍ਰੋਗਰਾਮ ਨੂੰ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਿਆ ਤੇ ਇਨ੍ਹਾਂ ਦੀ ਪਛਾਣ ਹੋਰ ਵੀ ਗੂੜ੍ਹੀ ਹੋ ਗਈ।

ਫਿਲਮੀ ਸਫ਼ਰ ਦਾ ਆਗ਼ਾਜ਼

ਸਟੇਜ ਸ਼ੋਅ, ਕੈਸਿਟਾਂ ਤੇ ਜਲੰਧਰ ਦੂਰਦਰਸ਼ਨ ’ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ ’ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ‘ਮਾਹੌਲ ਠੀਕ ਹੈ’ (1999) ਤੋਂ ਹੋਈ। ਇਸ ਫਿਲਮ ’ਚ ਉਸ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਇਸ ਫਿਲਮ ’ਚ ਬਾਲ ਮੁਕੰਦ ਸ਼ਰਮਾ ਵੀ ਪੁਲਿਸ ਵਾਲੇ ਦੇ ਕਿਰਦਾਰ ’ਚ ਨਜ਼ਰ ਆਏ। ਇਸ ਫਿਲਮ ‘ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ ’ਚ ਨਿਭਾਇਆ ਹੈ। ਇਨ੍ਹਾਂ ’ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ਼ ’ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ। ਇਨ੍ਹਾਂ ਫਿਲਮਾਂ ’ਚ ‘ਜੀਜਾ ਜੀ’, ‘ਚੱਕਦੇ ਫੱਟੇ’, ‘ਮੇਲ ਕਰਾਦੇ ਰੱਬਾ’, ‘ਜੀਹਨੇ ਮੇਰਾ ਦਿਲ ਲੁੱਟਿਆ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਨ 2’, ‘ਕੈਰੀ ਆਨ ਜੱਟਾ’, ‘ਸਰਦਾਰ ਜੀ’, ‘ਸਰਦਾਰ ਜੀ-2’, ‘ਡੈਡੀ ਕੂਲ ਮੁੰਡੇ ਫੂਲ’, ‘ਵਿਆਹ 70 ਕਿਲੋਮੀਟਰ’, ‘ਕਰੈਜ਼ੀ ਟੱਬਰ’, ‘ਵੇਖ ਬਰਾਤਾਂ ਚੱਲੀਆਂ’, ‘ਬੈਂਡ ਵਾਜੇ’, ‘ਗੋਲਕ ਬੂਗਨੀ ਬੈਂਕ ਤੇ ਬਟੂਆ’, ‘ਮੈਰਿਜ ਪੈਲੇਸ’, ‘ਪਾਵਰ ਕੱਟ’, ‘ਕੈਰੀ ਆਨ ਜੱਟਾ-2’, ‘ਨੌਕਰ ਵਹੁਟੀ ਦਾ’ ਆਦਿ ਸ਼ਾਮਲ ਹਨ।
ਭੱਲਾ ਹੁਣ ਤਕ ਉਹ 100 ਦੇ ਕਰੀਬ ਪੰਜਾਬੀ ਫਿਲਮਾਂ ’ਚ ਆਪਣੀ ਕਾਮੇਡੀ ਨਾਲ ਖ਼ੂਬਸੂਰਤ ਰੰਗ ਭਰ ਚੁੱਕੇ ਹਨ। ਇਸੇ ਕਾਮੇਡੀ ਦੇ ਵਿਲੱਖਣ ਅੰਦਾਜ਼ ਨਾਲ ਉਹ ਅੱਜ ਵੀ ਸਿਨੇਮਾ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੇ ਹੋਏ ਨਿਰੰਤਰ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਹਨ। ਜਲਦ ਹੀ ਉਹ ਕਈ ਫਿਲਮਾਂ ’ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮਾਂ ’ਚ ਜਸਵਿੰਦਰ ਭੱਲਾ ਵੱਲੋਂ ਬੋਲੇ ਗਏ ਸੰਵਾਦ ਵੀ ਬੇਹੱਦ ਮਸ਼ਹੂਰ ਹੋਏ ਹਨ।
ਦਿਲਾਂ ਦੀ ਧੜਕਣ ਬਣਿਆ ‘ਛਣਕਾਟਾ’
ਜਸਵਿੰਦਰ ਸਿੰਘ ਭਲਾ ਬਾਰੇ ਗੱਲ ਚੱਲ ਰਹੀ ਹੋਵੇ ਤਾਂ ਉਨ੍ਹਾਂ ਦੀਆਂ ਆਈਆਂ ‘ਛਣਕਾਟਾ’ ਲੜੀ ਦੀਆਂ ਐਲਬਮਜ਼ ਤੇ ਸੀਡੀਜ਼ ਬਾਰੇ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀ ਸਕਦਾ। ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਦੀ ਤਿੱਕੜੀ ਨੇ ਛਣਕਾਟੇ ਜ਼ਰੀਏ ਲੰਬਾ ਸਮਾਂ ਲੋਕਾਂ ਦੇ ਦਿਲਾਂ ’ਤੇ ਰਾਜ਼ ਕੀਤਾ। ਚਾਚੇ ਚਤਰੇ ਦਾ ‘ਕੋਕਿਆਂ ਨਾਲ ਸਜਾਇਆ ਛਣਕਾਟੇ ਵਾਲਾ ਖੂੰਡਾ’ ਕਾਫੀ ਮਕਬੂਲ ਹੋਇਆ ਸੀ। ਅਸਲ ’ਚ ਚਾਚੇ ਚਤਰੇ ਦੇ ਕਿਰਦਾਰ ਰਾਹੀਂ ਜਸਵਿੰਦਰ ਭੱਲਾ ਨੇ ਸਮਾਜਿਕ ਤੇ ਰਾਜਨੀਤੀ ਬੁਰਾਈਆਂ ’ਤੇ ਵਿਅੰਗ ਰਾਹੀਂ ਖ਼ੂਬ ਚਾਨਣਾ ਪਾਉਂਦੇ ਸਨ।
ਭਾਨੇ ਦੇ ਕਿਰਦਾਰ ਰਾਹੀਂ ਉਹ ਐੱਨਆਰਆਈ ਲੋਕਾਂ ਨਾਲ ਜੁੜੀਆਂ ਕਈ ਖੱਟੀਆਂ-ਮਿੱਠੀਆਂ ਗੱਲਾਂ ਤੋਂ ਬਾਖ਼ੂਬੀ ਰੂਬਰੂ ਵੀ ਕਰਵਾਉਂਦੇ ਸਨ। ਇਹ ਕਿਰਦਾਰ ਸਮੇਂ ਦੀ ਮੰਗ ਨੂੰ ਪਛਾਣਦੇ ਹੋਏ ਉਸ ਨੇ ਛਣਕਾਟਿਆਂ ’ਚ ਸ਼ਾਮਲ ਕੀਤਾ ਸੀ ਜੋ ਦਰਸ਼ਕਾਂ ਨੂੰ ਵੀ ਖ਼ੂਬ ਪਸੰਦ ਆਇਆ। ਪੰਜਾਬੀਆਂ ਦੇ ਦਿਲਾਂ ’ਚ ਧੜਕਣ ਬਣੇ ਕੈਸਿਟ ਕਲਚਰ ਤੋਂ ਐਲਬਮ ਦੇ ਦੌਰ ਤੱਕ ਇੱਕ ਤੋਂ ਬਾਅਦ ਇਕ ਜਸਵਿੰਦਰ ਭੱਲਾ ਦੇ ਹਿੱਟ ਛਣਕਾਟਿਆਂ ਦੀ ਲੜੀ ਵੀ ਨਿਰੰਤਰ ਚੱਲਦੀ ਰਹੀ। ਉਨ੍ਹਾਂ ਦਾ ਪਹਿਲਾ ‘ਛਣਕਾਟਾ’ 1988 ’ਚ ਰਿਲੀਜ਼ ਹੋਇਆ। ਇਸ ਮਗਰੋਂ ਫਿਰ ਤਾਂ ਚੱਲ ਸੋ ਚੱਲ ਹੁਣ ਤੱਕ 27 ਛਣਕਾਟੇ ਮਾਰਕੀਟ ’ਚ ਆ ਚੁੱਕੇ ਹਨ। ਇਨ੍ਹਾਂ ਕੈਸਿਟਾਂ ਦੇ ਨਾਂ ’ਚ ‘ਛਟਕਾਟੇ’ ਤੋਂ ਇਲਾਵਾ ‘ਚਾਚਾ ਸ਼ੇਮ ਸ਼ੇਮ’, ‘ਚਾਚਾ ਸੁਧਰ ਗਿਆ’, ‘ਅੰਬਰਸਰ ਦਾ ਪਾਣੀ’, ‘ਜੜ੍ਹਤੇ ਕੋਕੇ’, ‘ਕੱਢ ’ਤੀਆਂ ਕਸਰਾਂ’, ‘2007 ਦਾ ਕਰ ਤਾਂ ਕੁੰਡਾ’, ‘ਮਿੱਠੇ ਪੋਚੇ’ ਆਦਿ ਵੀ ਟਾਈਟਲ ਜੁੜੇ ਹਨ।
‘ਛਣਕਾਟਾ 2006 ‘ਕੱਢ ’ਤੀਆਂ ਕਸਰਾਂ’ ਤਾਂ ਇਸ ਸੀਰੀਜ਼ ਦੀ ਸਿਲਵਰ ਜੁਬਲੀ ਬਣਿਆ ਹੈ। ਦੱਸਣਯੋਗ ਹੈ ਕਿ 2002 ਤੋਂ ਬਾਅਦ ਇਹ ਛਣਕਾਟੇ ਵੀਡੀਓ ਸੀਡੀਜ਼ ’ਚ ਵੀ ਰਿਲੀਜ਼ ਹੋਏ। ਯੂਨੀਵਰਸਿਟੀ ਦੀ ਸਟੇਜ਼ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਸਵਿੰਦਰ ਭੱਲਾ ਨੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਵਰਗੇ ਦੇਸ਼ਾਂ ਸਮੇਤ ਦੁਨੀਆ ਦੇ ਹਰ ਕੋਨੇ ’ਚ ਆਪਣੇ ਸਹਾਇਕ ਕਲਾਕਾਰ ਬਾਲ ਮੁਕੰਦ ਸ਼ਰਮਾ ਨਾਲ ਆਪਣੀ ਕਾਮੇਡੀ ਕਲਾ ਦੇ ਜੌਹਰ ਵਿਖਾਏ ਹਨ। ਭੱਲਾ ਦੀ ਇਸ ਕਲਾ ਨੂੰ ਵੇਖਦੇ ਹੋਏ ਹੁਣ ਤਕ ਕਈ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਪੈ ਚੁੱਕੇ ਹਨ। ਜੇ ਇਨ੍ਹਾਂ ਦਾ ਜ਼ਿਕਰ ਕਰਨ ਲੱਗੀਏ ਤਾਂ ਇਕ ਲੰਬੀ ਸੂਚੀ ਤਿਆਰ ਹੋ ਜਾਵੇਗੀ।

Loading