
ਅੰਮ੍ਰਿਤਸਰ/ਏ.ਟੀ.ਨਿਊਜ਼:
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਜੰਗਬੰਦੀ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਧਾਰਨੀ ਹਨ ਕਿ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਜੰਗ ਨਹੀਂ ਲੱਗਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਇਸ ਜੰਗਬੰਦੀ ਲਈ ਦੇਸ਼ ਅਤੇ ਵਿਦੇਸ਼ ਦੇ ਜਿਹੜੇ ਵੀ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਨੂੰ ਜੰਗ ਦੀ ਨਹੀਂ ਬਲਕਿ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਲੋੜ ਹੈ। ਲਗਭਗ 70 ਸਾਲਾਂ ਦੇ ਸਿੱਖ ਮਿਸਲ ਦੇ ਰਾਜ ਕਾਲ ਤੋਂ ਸਬਕ ਲੈਣ ਦੀ ਲੋੜ ਹੈ ਨਾ ਕਿ ਬੀਤੇ ਵਿੱਚ ਹੋਈਆਂ ਗਲਤੀਆਂ ਨੂੰ ਦੁਹਰਾਉਣ ਦੀ।
ਜਥੇਦਾਰ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਜ਼ੁਲਮ ਅਤੇ ਜ਼ਿਆਦਤੀ ਦੇ ਖਿਲਾਫ਼ ਡਟ ਕੇ ਖੜ੍ਹਦੀ ਰਹੀ ਹੈ ਅਤੇ ਦੇਸ਼ ਦੀ ਰੱਖਿਆ ਲਈ ਵੀ ਸਿੱਖਾਂ ਦੀ ਭੂਮਿਕਾ ਮੋਹਰੀ ਹੈ। ਪਰ ਜੰਗ ਮਨੁੱਖਤਾ ਲਈ ਘਾਤਕ ਹੈ, ਜਿਸ ਵਿੱਚ ਬੇਗੁਨਾਹਾਂ ਦੀਆਂ ਜਾਨਾਂ ਜਾਂਦੀਆਂ ਹਨ। ਇਸ ਲਈ ਦੋਵੇਂ ਧਿਰਾਂ ਨੂੰ ਹਰ ਮਸਲਾ ਗੱਲਬਾਤ ਰਾਹੀਂ ਹੀ ਹੱਲ ਕਰਨਾ ਚਾਹੀਦਾ ਹੈ।