
ਚੰਡੀਗੜ੍ਹ, 8 ਅਕਤੂਬਰ:
ਸੱਤਾਧਾਰੀ ਭਾਜਪਾ ਨੇ ਹਰਿਆਣਾ ਵਿਚ ਹੈਟ੍ਰਿਕ ਲਾਉਣ ਦੀ ਤਿਆਰੀ ਖਿੱਚ ਲਈ ਹੈ। ਭਾਜਪਾ ਨੇ ਸੂਬੇ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਵੱਧ ਸੀਟਾਂ ’ਤੇ ਲੀਡ ਬਣਾ ਲਈ ਹੈ। ਭਾਜਪਾ ਉਮੀਦਵਾਰ 49 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਸਰਕਾਰ ਬਣਾਉਣ ਲਈ 46 ਦਾ ਜਾਦੂਈ ਅੰਕੜਾ ਲੋੜੀਂਦਾ ਹੈ। ਕਾਂਗਰਸ 35 ਸੀਟਾਂ ’ਤੇ ਅੱਗੇ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਡੇਟ ਕੀਤੇ ਸੱਜਰੇ ਰੁਝਾਨਾਂ ਮੁਤਾਬਕ ਪ੍ਰਮੁੱਖ ਉਮੀਦਵਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ, ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ, ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ, ਆਜ਼ਾਦ ਉਮੀਦਵਾਰ ਸਾਵਿੱਤਰੀ ਜਿੰਦਲ, ਆਪੋ ਆਪਣੀਆਂ ਸੀਟਾਂ ’ਤੇ ਹੱਗੇ ਹਨ। ਇਨੈਲੋ ਦੇ ਅਭੈ ਸਿੰਘ ਚੌਟਾਲਾ ਤੇ ਜੇਜੇਪੀ ਦੇ ਦੁਸ਼ਿਅੰਤ ਚੌਟਾਲਾ ਪੱਛੜ ਗਏ ਹਨ। ਬਾਅਦ ਦੁਪਹਿਰ 12:30 ਤੱਕ ਦੇ ਰੁਝਾਨਾਂ ਮੁਤਾਬਕ ਭਾਜਪਾ 49 ਸੀਟਾਂ ਤੇ ਕਾਂਗਰਸ 35 ਸੀਟਾਂ ’ਤੇ ਅੱਗੇ ਸੀ। ਆਜ਼ਾਦ ਉਮੀਦਵਾਰ 4 ਸੀਟਾਂ ’ਤੇ ਅੱਗੇ ਚੱਲ ਰਹੇ ਹਨ ਜਦੋਂਕਿ ਇਨੈਲੋ ਤੇ ਬਸਪਾ ਨੇ ਇਕ ਇਕ ਸੀਟ ’ਤੇ ਬੜਤ ਬਣਾਈ ਹੋਈ ਹੈ। ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਲ੍ਹ ਸਕੀ।