ਅੰਮ੍ਰਿਤਸਰ/ਏ.ਟੀ.ਨਿਊਜ਼: ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪਰਿਕਰਮਾ ਵਿਚੋਂ ਨਜ਼ਰ ਆਉਂਦੀ ਬਹੁਮੰਜ਼ਿਲਾ ਇਮਾਰਤ ਦੀ ਮੁੜ ਉਸਾਰੀ ਤੁਰੰਤ ਰੋਕੀ ਜਾਵੇ। ਇਹ ਇਮਾਰਤ ਅਕਾਲ ਤਖ਼ਤ ਸਾਹਿਬ ਦੇ ਪਿੱਛਲੇ ਪਾਸੇ ਗਲਿਆਰੇ ਵਿੱਚ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਬਣਾਈ ਜਾ ਰਹੀ ਹੈ ਪਰ ਇਸ ਦੀਆਂ ਉਪਰਲੀਆਂ ਮੰਜ਼ਿਲਾਂ ਪਰਿਕਰਮਾ ਤੋਂ ਵਿਖਾਈ ਦੇ ਰਹੀਆਂ ਹਨ, ਜਿਸ ਨਾਲ 450 ਸਾਲ ਪੁਰਾਣੀ ਵਿਰਾਸਤ ਅਤੇ ਧਾਰਮਿਕ ਮਹਿਮਾ ਨੂੰ ਠੇਸ ਪਹੁੰਚਣ ਦਾ ਡਰ ਹੈ।
ਮੰਚ ਦੇ ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਸੁਰਿੰਦਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਅਤੇ ਸਕੱਤਰ ਕਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਮਾਰਤ ਉਸਾਰੀ ’ਤੇ ਇਤਰਾਜ਼ ਨਹੀਂ, ਪਰ ਚਿੰਤਾ ਇਸ ਗੱਲ ਦੀ ਹੈ ਕਿ ਇਸ ਦੀ ਆੜ ਵਿੱਚ ਵਪਾਰਕ ਅਦਾਰੇ ਵੀ ਉੱਚੀਆਂ ਇਮਾਰਤਾਂ ਬਣਾਉਣ ਲੱਗ ਪੈਣ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੱਧ ਤੋਂ ਵੱਧ 38.5 ਫੁੱਟ ਉਚਾਈ ਦੀ ਸੀਮਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਸੁਰੱਖਿਅਤ ਰਹੇ। ਉਸਾਰੀ ਦਾ ਨਕਸ਼ਾ ਮਿਉਂਸਪਲ ਬਾਈਲਾਜ਼ ਅਨੁਸਾਰ ਹੀ ਮਨਜ਼ੂਰ ਹੋਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦਾ ਜਵਾਬ
ਸ਼੍ਰੋਮਣੀ ਕਮੇਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਇਮਾਰਤ ਸਿੱਖ ਭਵਨ ਨਿਰਮਾਣ ਕਲਾ ਤਹਿਤ ਬਣ ਰਹੀ ਹੈ ਅਤੇ ਕੋਈ ਨਵੀਂ ਮੰਜ਼ਿਲ ਨਹੀਂ ਉਸਾਰੀ ਜਾ ਰਹੀ। ਸਿਰਫ਼ ਪਹਿਲਾਂ ਤੋਂ ਖੜ੍ਹੇ ਪਿੱਲਰਾਂ ’ਤੇ ਹੀ ਕੰਮ ਜਾਰੀ ਹੈ। ਇਹ ਨਿੱਜੀ ਨਹੀਂ ਸਗੋਂ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਹੈ।
ਸਿੱਖ ਵਿਦਵਾਨ ਤਰਲੋਚਨ ਸਿੰਘ ਦੀ ਅਪੀਲ
ਸਾਬਕਾ ਸੰਸਦ ਮੈਂਬਰ ਤੇ ਸਿੱਖ ਵਿਦਵਾਨ ਤਰਲੋਚਨ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ। ਉਨ੍ਹਾਂ ਯਾਦ ਕਰਵਾਇਆ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਪਹਿਲਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਹੁਕਮ ਕਢਵਾਇਆ ਸੀ ਕਿ ਪਰਿਕਰਮਾ ਜਾਂ ਕੈਮਰੇ ਵਿੱਚ ਨਜ਼ਰ ਆਉਣ ਵਾਲੀ ਕੋਈ ਉੱਚੀ ਇਮਾਰਤ ਨਾ ਬਣੇ। ਇਸ ਅਧੀਨ ਪਾਣੀ ਦੀ ਟੈਂਕੀ ਅਤੇ ਬੋਰਡ ਢਾਹੇ ਗਏ ਸਨ ਪਰ ਹੁਣ ਸ਼੍ਰੋ੍ਰਮਣੀ ਕਮੇਟੀ ਵੱਲੋਂ ਖੁਦ ਬਹੁਮੰਜ਼ਿਲਾ ਢਾਂਚਾ ਬਣਾਇਆ ਜਾ ਰਿਹਾ ਹੈ ਅਤੇ ਹੋਟਲ ਵਾਲੇ ਵੀ ਸਿਫਾਰਸ਼ਾਂ ਨਾਲ ਉੱਚੀਆਂ ਇਮਾਰਤਾਂ ਬਣਾ ਰਹੇ ਹਨ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਰੋਕ ਲਗਾ ਕੇ ਸਬੰਧਤ ਸੰਸਥਾਵਾਂ ਨੂੰ ਆਦੇਸ਼ ਜਾਰੀ ਕਰਨ।
ਇਹ ਮਾਮਲਾ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਵਿਰਾਸਤ ਨੂੰ ਬਚਾਉਣ ਨਾਲ ਜੁੜਿਆ ਹੋਇਆ ਹੈ ਜਿਸ ’ਤੇ ਵੱਖ-ਵੱਖ ਪੱਖਾਂ ਵੱਲੋਂ ਚਰਚਾ ਜਾਰੀ ਹੈ।
![]()
