ਸੁਨੀਤਾ ਵਿਲੀਅਮਜ਼ ਤੇ ਬੈਰੀ ਬੁੱਚ ਵਿਲਮੋਰ 9 ਮਹੀਨੇ 14 ਦਿਨ ਅਰਥਾਤ 287 ਦਿਨ ਪੁਲਾੜ ਵਿੱਚ ਬਿਤਾਉਣ ਤੋਂ ਬਾਅਦ ਪਿਛਲੇ ਦਿਨੀਂ ਧਰਤੀ ’ਤੇ ਆ ਗਏ। ਉਨ੍ਹਾਂ ਦਾ ਡਰੈਗਨ ਪੁਲਾੜ ਯਾਨ ਭਾਰਤੀ ਸਮੇਂ ਅਨੁਸਾਰ 19 ਮਾਰਚ ਨੂੰ ਸਵੇਰੇ 3.27 ਵਜੇ ਪਾਣੀ ਵਿੱਚ ਫਲੋਰੀਡਾ ਦੇ ਤੱਟ ’ਤੇ ਉਤਰਿਆ। ਉਹ ਮੰਗਲਵਾਰ 18 ਮਾਰਚ ਨੂੰ 08.35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਜਦੋਂ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੋਇਆ ਤਾਂ ਇਸ ਦਾ ਤਾਪਮਾਨ 1650 ਡਿਗਰੀ ਸੈਲਸੀਅਸ ਤੋਂ ਵਧ ਗਿਆ ਸੀ। ਵਾਪਸ ਆਉਣ ਲਈ ਉਨ੍ਹਾਂ ਨੂੰ 17 ਘੰਟੇ ਲੱਗੇ।
ਉਨ੍ਹਾਂ ਦੇ ਸਫਲਤਾਪੂਰਬਕ ਜ਼ਮੀਨੀ ਸਤ੍ਹਾ ’ਤੇ ਆਉਣ ਨਾਲ ਸਮੁੱਚੇ ਸੰਸਾਰ ਅਤੇ ਨਾਸਾ ਦੇ ਵਿਗਿਆਨੀਆਂ ਨੂੰ ਸੁੱਖ ਦਾ ਸਾਹ ਆਇਆ ਹੈ ਕਿਉਂਕਿ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਨੁਕਸ ਪੈ ਜਾਣ ਕਰ ਕੇ ਅੱਗੇ ਪਾਉਣੀ ਪਈ ਸੀ। ਲੋਕਾਂ ਵਿੱਚ ਉਨ੍ਹਾਂ ਦੀ ਵਾਪਸੀ ਲਈ ਬਹੁਤ ਉਤਸ਼ਾਹ ਤੇ ਅਸਥਿਰਤਾ ਬਣੀ ਹੋਈ ਸੀ। ਬੈਰੀ ਬੁੱਚ ਵਿਲਮੋਰ ਤੇ ਸੁਨੀਤਾ ਲੀਨਾ ਪਾਂਡਿਆ ਵਿਲੀਅਮਜ਼ 6 ਜੂਨ 2024 ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਸਿਰਫ਼ 8 ਦਿਨ ਠਹਿਰਨ ਲਈ ਗਏ ਸਨ ਅਤੇ ਉਸੇ ਪੁਲਾੜ ਵਿੱਚ ਵਾਪਸ ਆਉਣਾ ਸੀ ਪ੍ਰੰਤੂ ਪੁਲਾੜ ਜਹਾਜ਼ ਵਿੱਚ ਨੁਕਸ ਪੈਣ ਕਰਕੇ ਉਨ੍ਹਾਂ ਨੂੰ ਉੱਥੇ ਲੰਬਾ ਸਮਾਂ ਰਹਿਣਾ ਪਿਆ। ਇੱਕ ਬੋਰਡ ਸਪੇਸ ਕਰਾਫਟ ਐਲਨ ਮਸਕ ਦੇ ਸਪੇਸ ਐਕਸ ਦਾ ਸੀ। ਰਾਸ਼ਟਰਪਤੀ ਟਰੰਪ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਐਲਨ ਮਸਕ ਨੇ ਐਲਾਨ ਕੀਤਾ ਸੀ ਕਿ ਦੋਹਾਂ ਪੁਲਾੜ ਯਾਤਰੀਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇਗਾ। ਸਪੇਸ ਐਕਸ ਅਤੇ ਨਾਸਾ ਵਧਾਈ ਦੇ ਪਾਤਰ ਹਨ। ਉਨ੍ਹਾਂ ਨੂੰ ਟੈਕਸਾਸ ਰਾਜ ਦੇ ਹਿਊਸਟਨ ਵਿੱਚ ਸਥਿਤ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਲਿਜਾਇਆ ਗਿਆ ਹੈ। ਇੱਥੇ ਉਨ੍ਹਾਂ ਦੇ ਵਾਈਟਲ ਅੰਗਾਂ ਦਾ ਮੁਆਇਨਾ ਕੀਤਾ ਜਾਵੇਗਾ। ਉਨ੍ਹਾਂ ਨੂੰ 45 ਦਿਨਾਂ ਲਈ ਹਸਪਤਾਲ ਵਿੱਚ ਡਾਕਟਰਾਂ ਦੀ ਦੇਖ-ਰੇਖ ਵਿੱਚ ਰੱਖਿਆ ਜਾਵੇਗਾ ਕਿਉਂਕਿ ਪੁਲਾੜ ਵਿਚ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਵਿੱਚ ਥੋੜ੍ਹੀ-ਬਹੁਤੀ ਤਬਦੀਲੀ ਆ ਗਈ ਹੋਵੇਗੀ। ਪੂਰੇ ਤੰਦਰੁਸਤ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਓਵਲ ਹਾਊਸ ਵਿੱਚ ਮਿਲਣ ਜਾਣਗੇ। ਚਾਰ ਵਾਰ ਸਫਲਤਾਪੂਰਬਕ ਪੁਲਾੜ ਦੀ ਯਾਤਰਾ ਕਰਨ ਵਾਲੀ ਭਾਰਤੀ ਮੂਲ ਦੀ ਅਮਰੀਕੀ ਸੁਨੀਤਾ ਵਿਲੀਅਮਜ਼ ਸੰਸਾਰ ਦੀ ਪਹਿਲੀ ਇਸ ਤਰ੍ਹਾਂ ਸਭ ਤੋਂ ਲੰਬਾ ਸਮਾਂ ਪੁਲਾੜ ਵਿੱਚ ਬਿਤਾਉਣ ਵਾਲਾ ਵਿਅਕਤੀ ਬਣ ਗਈ ਹੈ। ਸੁਨੀਤਾ ਵਿਲੀਅਮਜ਼ ਨੇ ਚਾਰ ਵਾਰ ਪੁਲਾੜ ਦੀ ਯਾਤਰਾ ਸਮੇਂ ਕੁੱਲ 606 ਦਿਨ ਦਾ ਸਮਾਂ ਬਿਤਾਇਆ ਹੈ।
ਇਸ ਦੇ ਨਾਲ ਹੀ ਉਹ ਭਾਰਤੀ ਮੂਲ ਦੀ ਦੂਜੀ ਪੁਲਾੜ ਯਾਤਰੀ ਹੈ। ਇਹ ਯਾਤਰਾਵਾਂ ਉਸ ਨੇ 31 ਜਨਵਰੀ, 4 ਫਰਵਰੀ, 9 ਫਰਵਰੀ 2007 ਅਤੇ 18 ਮਾਰਚ 2025 ਵਿੱਚ ਕੀਤੀਆਂ ਹਨ। ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਕਲਪਨਾ ਚਾਵਲਾ ਪੁਲਾੜ ਵਿੱਚ ਗਈ ਸੀ ਜਿਸ ਦੀ ਵਾਪਸੀ ਸਮੇਂ ਪੁਲਾੜ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਕਰਕੇ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਕਲਪਨਾ ਚਾਵਲਾ ਭਾਰਤ ਦੇ ਹਰਿਆਣਾ ਅਤੇ ਸੁਨੀਤਾ ਵਿਲੀਅਮਜ਼ ਗੁਜਰਾਤ ਸੂਬੇ ਨਾਲ ਸਬੰਧ ਰੱਖਦੀ ਹੈ। ਨਾਸਾ ਦੀ ਜਾਣਕਾਰੀ ਅਨੁਸਾਰ ਇਸ ਦੇ ਨਾਲ ਹੀ ਸੁਨੀਤਾ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਸੁਨੀਤਾ ਨੇ ਪੁਲਾੜ ਵਿੱਚ ਲਗਾਤਾਰ 286 ਦਿਨ ਬਿਤਾ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ ਚਾਰ ਵਾਰ ਸਪੇਸਵਾਕ ਕੀਤੀ। ਉਸ ਨੂੰ ਭਾਰਤ ਸਰਕਾਰ ਨੇ ਪੁਲਾੜ ਦੇ ਖੇਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ 2007 ਵਿਚ ਪਦਮ ਭੂਸ਼ਣ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ। ਉਹ 2007 ਅਤੇ 2013 ਵਿੱਚ ਭਾਰਤ ਆਈ ਸੀ। ਉਸ ਸਮੇਂ ਉਸ ਨੇ ਆਪਣੇ ਪਿੰਡ ਦੇ ਡਾਡਾ ਮਾਤਾ ਮੰਦਰ ਵਿੱਚ ਪੂਜਾ ਕੀਤੀ ਸੀ। ਜਦੋਂ 2024 ਵਿੱਚ ਪੁਲਾੜ ਯਾਤਰਾ ’ਤੇ ਗਈ ਸੀ, ਉਦੋਂ ਦੀ ਹੀ ਇਸ ਮੰਦਰ ਵਿੱਚ ਜਯੋਤੀ ਲਗਾਤਾਰ ਜਲ ਰਹੀ ਹੈ। ਪਿੰਡ ਦੀਆਂ ਇਸਤਰੀਆਂ ਉਸ ਦੇ ਸੁਰੱਖਿਅਤ ਆਉਣ ਦੀਆਂ ਪ੍ਰਾਰਥਨਾਵਾਂ ਕਰਦੀਆਂ ਸਨ। ਮਹਿਜ਼ 22 ਸਾਲ ਦੀ ਉਮਰ ’ਚ 1987 ’ਚ ਸੁਨੀਤਾ ਵਿਲੀਅਮਜ਼ ਨੇਵਲ ਅਕੈਡਮੀ ਤੋਂ ਸਰੀਰਕ ਵਿਗਿਆਨ ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕਰ ਕੇ ਸਟੇਟ ਨੇਵੀ ਵਿੱਚ ਭਰਤੀ ਹੋ ਗਈ ਸੀ।
ਉਸ ਨੂੰ ਨੇਵਲ ਕੋਸਟਲ ਸਿਸਟਮ ਕਮਾਂਡ ਵਿੱਚ ਛੇ ਮਹੀਨੇ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਬੇਸਿਕ ਡਾਈਵਿੰਗ ਅਧਿਕਾਰੀ ਨਿਯੁਕਤ ਕਰ ਦਿੱਤਾ ਸੀ। ਉਸ ਤੋਂ ਬਾਅਦ 1989 ਵਿੱਚ ਸੁਨੀਤਾ ਵਿਲੀਅਮਜ਼ ਨੂੰ ਏਵੀਏਟਰ ਨਾਮਜ਼ਦ ਕਰ ਦਿੱਤਾ ਸੀ। ਉਸ ਨੇ ਹੈਲੀਕਾਪਟਰ ਲੜਾਈ ਸਪੋਰਟ ਸਕੁਐਡਰਨ-3 (ਐੱਚਸੀ-3) ਵਿੱਚ ਸ਼ੁਰੂਆਤੀ ਐੱਚ-46 ਸਾਗਰ ਨਾਈਟ ਦੀ ਸਿਖਲਾਈ ਵੀ ਪ੍ਰਾਪਤ ਕੀਤੀ। ਫਿਰ ਉਸ ਨੂੰ ਹੈਲੀਕਾਪਟਰ ਲੜਾਈ ਸਪੋਰਟਸ ਵਿੱਚ ਨਿਯੁਕਤ ਕੀਤਾ ਗਿਆ। ਉਸ ਤੋਂ ਬਾਅਦ ਸੁਨੀਤਾ ਵਿਲੀਅਮਜ਼ ਦੀ ਨਾਰਫੋਕ, ਵਰਜੀਨੀਆ ਵਿੱਚ ਸਕੁਐਡਰਨ 8 (ਐੱਚਸੀ-8) ਜਿਸ ਨਾਲ ਉਸ ਨੇ ਮੈਡੀਟੇਰੀਅਨ, ਲਾਲ ਸਾਗਰ ਅਤੇ ਫਾਰਸ ਦੀ ਖਾੜੀ ਆਪ੍ਰੇਸ਼ਨ ਪ੍ਰੋਵਾਈਡ ਕੰਫਰਟ ਲਈ ਵਿਦੇਸ਼ ਤਾਇਨਾਤੀ ਸਮੇਂ ਕੰਮ ਕੀਤਾ। ਸਤੰਬਰ 1992 ਵਿੱਚ ਉਹ ਯੂ.ਐੱਸ.ਐੱਸ. ਸਿਲਵਾਨੀਆ ਵਿੱਚ ਤੂਫ਼ਾਨ ਐਂਡਿਰ ਰਿਲੀਫ ਤਹਿਤ ਕਾਰਜਾਂ ਲਈ ਸਿਖਲਾਈ ਵਾਸਤੇ ਫਲੋਰੀਡਾ ਭੇਜੀ ਗਈ ਜੋ ਐੱਚ.46 ਦੀ ਟੁਕੜੀ ਦੀ ਅਧਿਕਾਰੀ ਸੀ। ਸੰਨ 1993 ਵਿੱਚ ਸੰਯੁਕਤ ਰਾਜ ਦੇ ਨੇਵਲ ਟੈਸਟ ਪਾਇਲਟ ਸਕੂਲ ਵਿਚ ਸਿਖਲਾਈ ਲਈ ਅਤੇ ਗ੍ਰੈਜੂਏਸ਼ਨ ਕੀਤੀ। ਉਸ ਨੂੰ ਰੋਟਰੀ ਵਿੰਗ ਏਅਰ ਕਰਾਫਟ ਟੈਸਟ ਡਾਇਰੈਕਟੋਰੇਟ ਐੱਚ.46 ਪ੍ਰਾਜੈਕਟ ਅਧਿਕਾਰੀ ਅਤੇ ਟੀ.2 ਵਿੱਚ ਵੀ 22 ਚੇਜ਼ ਪਾਇਲਟ ਵਜੋਂ ਨਿਯੁਕਤ ਕੀਤਾ ਗਿਆ।
ਉਸ ਤੋਂ ਬਾਅਦ ਸਕੁਐਡਰਨ ਸੇਫਟੀ ਅਫ਼ਸਰ ਨਿਯੁਕਤ ਕਰ ਦਿੱਤਾ। ਸੰਨ 1995 ਵਿੱਚ ਫਲੋਰੀਡਾ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਇੰਜੀਨੀਅਰਿੰਗ ਮੈਨੇਜਮੈਂਟ ਵਿੱਚ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਸੰਨ 1998 ਵਿੱਚ ਉਹ ਨਾਸਾ ਵਿੱਚ ਭਰਤੀ ਹੋ ਗਈ ਸੀ। ਸੁਨੀਤਾ ਵਿਲੀਅਮਜ਼ 17 ਸਤੰਬਰ 2012 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਕਮਾਂਡਰ ਬਣੀ ਸੀ। ਉਹ ਸੰਸਾਰ ਦੇ ਤਜਰਬੇਕਾਰ ਪੁਲਾੜ ਯਾਤਰੀਆਂ ਵਿੱਚ ਨੌਵੇਂ ਸਥਾਨ ’ਤੇ ਆਉਂਦੀ ਹੈ। ਸ਼ਟਲ ਡਿਸਕਵਰੀ ’ਤੇ ਸਵਾਰ ਹੋਣ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਆਪਣੇ ਟੱਟੂ ਦੀ ਪੂਛ ਨੂੰ ਲੋਕਮ ਆਫ ਲਵ ਨੂੰ ਦਾਨ ਕਰਨ ਦਾ ਪ੍ਰਬੰਧ ਵੀ ਕੀਤਾ। ਉਸ ਨੇ ਚਾਰ ਸਪੇਸਵਾਕਾਂ ਵਿੱਚ 29 ਘੰਟੇ 17 ਮਿੰਟ ਦਾ ਸਮਾਂ ਲਗਾਇਆ ਹੈ। ਉਹ ਜੌਹਨ ਹਿਗਿਨ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਮੰਜ਼ਿਲ ਪ੍ਰਯੋਗਸ਼ਾਲਾ ਵਿੱਚ ਕਨੇਡਾਰਮ 2 ਦੇ ਨਿਯੰਤਰਣ ਦਾ ਕੰਮ ਕਰਦੇ ਰਹੇ ਹਨ। ਉਸ ਨੇ ਵੱਖ-ਵੱਖ ਪੁਲਾੜ ਯੰਤਰਾਂ ’ਚ ਲਗਪਗ 3000 ਉਡਾਣਾਂ ਭਰੀਆਂ। ਉਸ ਨੂੰ ਬਹੁਤ ਸਾਰੇ ਮਾਣ-ਸਨਮਾਨ ਮਿਲੇ ਹਨ ਜਿਨ੍ਹਾਂ ’ਚ ਨੇਵਲ ਕਮਾਂਡੇਸ਼ਨ ਮੈਡਲ, ਨੇਵੀ ਐਂਡ ਮੈਰੀਨ ਸ਼ਾਰਪ ਅਚੀਵਮੈਂਟ ਮੈਡਲ ਤੇ ਹਿਊਮੈਨੇਟੇਰੀ ਸਰਵਿਸ ਮੈਡਲ ਸ਼ਾਮਲ ਹਨ। ਉਹ ਸੁਸਾਇਟੀ ਆਫ ਐਕਸਪੈਰੀਮੈਂਟਲ, ਟੈਸਟ ਪਾਇਲਟਸ ਇਜਿੰਨੀਅਰਿੰਗ ਅਤੇ ਅਮਰੀਕੀ ਹੈਲੀਕਾਪਟਰ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ। ਉਹ ਅਮਲੀ ਤੌਰ ’ਤੇ ਕੰਮ ਕਰਨ ਵਿੱਚ ਯਕੀਨ ਰੱਖਦੀ ਹੈ। ਸੁਨੀਤਾ ਵਿਹਲੀ ਨਹੀਂ ਬੈਠ ਸਕਦੀ। ਉਹ ਲਗਾਤਾਰ ਕੁਝ ਨਾ ਕੁਝ ਕਰਨ ’ਚ ਰੁੱਝੀ ਰਹਿੰਦੀ ਹੈ। ਇਸ ਸਮੇਂ ਉਸ ਦਾ ਪਰਿਵਾਰ ਮੈਸੇਚਿਊਸੇਟਸ ਵਿੱਚ ਰਹਿੰਦਾ ਹੈ।
ਸੁਨੀਤਾ ਵਿਲੀਅਮਜ਼ ਦੇ ਸੁਰੱਖਿਅਤ ਵਾਪਸ ਆਉਣ ’ਤੇ ਪਿੰਡ ਵਿੱਚ ਉਸ ਦੇ ਪਰਿਵਾਰ ਦੇ ਨਜ਼ਦੀਕੀਆਂ ਨੇ ਖ਼ੁਸ਼ੀਆਂ ਮਨਾਈਆਂ ਹਨ ਅਤੇ ਉੱਥੇ ਵਿਆਹ ਵਰਗਾ ਮਾਹੌਲ ਹੈ। ਸੁਨੀਤਾ ਲਿਨ ਪਾਂਡਿਆ ਦਾ ਜਨਮ 19 ਸਤੰਬਰ 1965 ਨੂੰ ਓਹਾਈਓ ਰਾਜ ਦੇ ਯੂਕਲਿਡ ਨਗਰ (ਕਲੀਵਲੈਂਡ) ’ਚ ਪਿਤਾ ਦੀਪਕ ਪਾਂਡਿਆ ਤੇ ਮਾਤਾ ਉਰਸੁਲਾਈਨ ਬੋਨੀ (ਜ਼ਾਲੋਕਰ) ਪਾਂਡਿਆ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਡਾ. ਦੀਪਕ ਪਾਂਡਿਆ ਨਿਊਰੋਆਟੋਮਿਸਟ ਸਨ। ਉਨ੍ਹਾਂ ਦੀ 2020 ਵਿੱਚ ਮੌਤ ਹੋ ਗਈ ਸੀ। ਸੁਨੀਤਾ ਦੀ ਮਾਤਾ ਸਲੋਵਾਨੀਆ ਤੋਂ ਹਨ।
ਸੁਨੀਤਾ ਆਪਣੇ ਭਰਾ ਜੈ ਥਾਮਸ ਪਾਂਡਿਆ ਤੇ ਭੈਣ ਦੀਨਾ ਅਨਾਦਜ਼ ਤੋਂ ਛੋਟੀ ਹੈ। ਉਸ ਦੇ ਪਿਤਾ ਡਾਕਟਰੀ ਦੀ ਪੜ੍ਹਾਈ ਕਰਨ ਲਈ 1958 ’ਚ ਅਮਰੀਕਾ ਗਏ ਸਨ। ਉਨ੍ਹਾਂ ਦਾ ਪਿੰਡ ਗੁਜਰਾਤ ਸੂਬੇ ਦੇ ਅਹਿਮਦਾਬਾਦ ਜ਼ਿਲ੍ਹੇ ’ਚ ਝੂਲਾਸਨ ਹੈ ਜੋ ਗਾਂਧੀਨਗਰ ਤੋਂ 40 ਕਿੱਲੋਮੀਟਰ ਦੂਰ ਹੈ। ਉਸ ਨੇ 1983 ’ਚ ਨੀਡਹੋਮ ਮੈਸੇਚਿਊਸੇਟਸ ਦੇ ਸਕੂਲ ’ਚੋਂ ਗ੍ਰੈਜੂਏਸ਼ਨ ਕੀਤੀ ਸੀ। ਸੁਨੀਤਾ ਲੀਨਾ ਪਾਂਡਿਆ ਦਾ ਵਿਆਹ ਆਪਣੇ ਕਲਾਸ ਫੈਲੋ ਮਾਈਕਲ.ਜੇ.ਵਿਲੀਅਮਜ਼ ਨਾਲ ਹੋਇਆ ਹੈ। ਸੁਨੀਤਾ ਮਿਹਨਤੀ, ਆਤਮ ਵਿਸ਼ਵਾਸੀ, ਦਲੇਰ, ਹੈਲੀਕਾਪਟਰ ਪਾਇਲਟ, ਜਲ ਸੈਨਿਕ, ਗੋਤਾਖੋਰ, ਤੈਰਾਕ, ਜਲ ਸੈਨਾ ਪੌਡ ਚਾਲਕ ਤੇ ਪਸ਼ੂ ਪ੍ਰੇਮੀ ਇਸਤਰੀ ਹੈ। ਉਹ ਹਰ ਕੰਮ ਨੂੰ ਵੰਗਾਰ ਸਮਝ ਕੇ ਕਰਦੀ ਹੈ।
-ਉਜਾਗਰ ਸਿੰਘ
-(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)