
-ਇਸ ਵਾਰ ਅਪ੍ਰੈਲ ਦੇ ਸ਼ੁਰੂ ਵਿੱਚ ਹੀ ਗਰਮੀ ਨੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਈ ਸੂਬਾ ਸਰਕਰਾਂ ਨੇ ਲੂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ ਪਰ ਉਨ੍ਹਾਂ ’ਚ ਲੂ ਲੱਗਣ ਤੋਂ ਬਾਅਦ ਇਲਾਜ ਲਈ ਹਸਪਤਾਲਾਂ ’ਚ ਵਿਵਸਥਾ ਆਦਿ ’ਤੇ ਜ਼ੋਰ ਜ਼ਿਆਦਾ ਹੈ। ਲੂ ਨਾਲ ਸਿੱਝਣ ਲਈ ਕੌਮੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਨੇ ਸਾਰੇ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਇਸ ਨਾਲ ਨਜਿੱਠਣ ਲਈ ਕਾਰਜ-ਯੋਜਨਾ ਬਣਾਉਣ ਲਈ ਕਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਯੋਜਨਾਵਾਂ ਹਰ ਸਾਲ ਬਣਦੀਆਂ ਹਨ।
ਇਸ ਦੇ ਬਾਵਜੂਦ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਇੱਕ ਸਥਾਈ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਨਵੀਆਂ ਉੱਭਰਦੀਆਂ ਆਫ਼ਤਾਂ ’ਚ ਲੂ ਨੂੰ ਵੀ ਸ਼ਾਮਲ ਕੀਤਾ ਜਾਵੇ। ਕਮੇਟੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਸਾਲ 2013 ਮਗਰੋਂ ਦਸ ਸਾਲਾਂ ’ਚ 10,635 ਲੋਕ ਲੂ ਕਾਰਨ ਮਾਰੇ ਗਏ ਤੇ ਹੁਣ ਇਸ ਦਾ ਅਸਰ ਵਿਆਪਕ ਹੁੰਦਾ ਜਾ ਰਿਹਾ ਹੈ। ਸੰਨ 2020 ਤੋਂ 2022 ਦੌਰਾਨ ਦੇਸ਼ ਵਿੱਚ ਹੀਟ ਸਟ੍ਰੋਕ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 530 ਤੋਂ 730 ਹੋ ਗਈ।
ਲੂ ਸਿਰਫ਼ ਮਨੁੱਖ ਨੂੰ ਸਰੀਰਕ ਸੰਕਟ ਹੀ ਨਹੀਂ ਦਿੰਦੀ ਹੈ ਬਲਕਿ ਇਹ ਨਿਮਨ ਵਰਗ, ਖੁੱਲ੍ਹੇ ਵਿਚ ਕੰਮ ਕਰਨ ਵਾਲਿਆਂ ਜਿਵੇਂ ਟ੍ਰੈਫਿਕ ਪੁਲਿਸ, ਗਿਗ-ਵਰਕਰਾਂ, ਰੇਹੜੀ-ਰਿਕਸ਼ਾ ਚਲਾਉਣ ਵਾਲਿਆਂ ਦੇ ਨਾਲ-ਨਾਲ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਵੀ ਸਮਾਜਿਕ-ਆਰਥਿਕ ਤੌਰ ’ਤੇ ਮਾੜਾ ਅਸਰ ਪਾਉਂਦੀ ਹੈ।
ਲੂ ਆਮ ਤੌਰ ’ਤੇ ਰੁਕੀ ਹੋਈ ਹਵਾ ਦੀ ਵਜ੍ਹਾ ਨਾਲ ਹੁੰਦੀ ਹੈ। ਮਨੁੱਖੀ ਸਰੀਰ ਦਾ ਔਸਤਨ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ। ਜਦ ਬਾਹਰ ਦਾ ਤਾਪਮਾਨ 40 ਤੋਂ ਵੱਧ ਹੋਵੇ ਤੇ ਹਵਾ ਵਿਚ ਬਿਲਕੁਲ ਨਮੀ ਨਾ ਹੋਵੇ ਤਾਂ ਇਹ ਘਾਤਕ ਲੂ ਵਿੱਚ ਬਦਲ ਜਾਂਦੀ ਹੈ। ਪੰਜ ਸਾਲ ਪਹਿਲਾਂ ਕੇਂਦਰੀ ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ‘ਜਲਵਾਯੂ ਪਰਿਵਰਤਨ ਮੁਲਾਂਕਣ ਰਿਪੋਰਟ’ ਵਿੱਚ ਆਗਾਹ ਕੀਤਾ ਗਿਆ ਸੀ ਕਿ 2100 ਦੇ ਅੰਤ ਤੱਕ ਭਾਰਤ ਵਿੱਚ ਗਰਮੀਆਂ (ਅਪ੍ਰੈਲ-ਜੂਨ) ਵਿੱਚ ਚੱਲਣ ਵਾਲੀ ਲੂ ਜਾਂ ਗਰਮ ਹਵਾਵਾਂ ਤਿੰਨ ਤੋਂ ਚਾਰ ਗੁਣਾ ਵੱਧ ਹੋ ਸਕਦੀਆਂ ਹਨ।
ਇਨ੍ਹਾਂ ਦੀ ਔਸਤ ਮਿਆਦ ਵੀ ਦੁੱਗਣੀ ਹੋਣ ਦਾ ਅਨੁਮਾਨ ਹੈ। ਵੈਸੇ ਤਾਂ ਲੂ ਦਾ ਅਸਰ ਪੂਰੇ ਦੇਸ਼ ਵਿੱਚ ਹੀ ਵਧੇਗਾ ਪਰ ਸੰਘਣੀ ਆਬਾਦੀ ਵਾਲੇ ਗੰਗਾ ਨਦੀ ਬੇਸਿਨ ਦੇ ਇਲਾਕਿਆਂ ਵਿੱਚ ਇਸ ਦੀ ਮਾਰ ਜ਼ਿਆਦਾ ਤਿੱਖੀ ਹੋਵੇਗੀ। ਇਹ ਚਿੰਤਾਜਨਕ ਹੈ ਕਿ ਸੋਕਾ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਤੀ ਦਹਾਕਾ 1.3 ਪ੍ਰਤੀਸ਼ਤ ਦਾ ਵਾਧਾ ਹੋ ਰਿਹਾ ਹੈ।
ਇਸ ਤੋਂ ਇਲਾਵਾ ਕੌਮਾਂਤਰੀ ਸੰਗਠਨਾਂ ਦੇ ਸਹਿਯੋਗ ਨਾਲ ਤਿਆਰ ਜਲਵਾਯੂ ਪਾਰਦਰਸ਼ਿਤਾ ਰਿਪੋਰਟ 2022 ਦਾ ਕਹਿਣਾ ਹੈ ਕਿ 2021 ਵਿੱਚ ਭਿਆਨਕ ਗਰਮੀ ਕਾਰਨ ਭਾਰਤ ਵਿੱਚ ਸੇਵਾ, ਮੈਨੂਫੈਕਚਰਿੰਗ, ਖੇਤੀ ਅਤੇ ਕੰਸਟਰਕਸ਼ਨ ਖੇਤਰਾਂ ਵਿੱਚ ਲਗਪਗ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਗਰਮੀ ਵਧਣ ਕਾਰਨ 167 ਅਰਬ ਘੰਟੇ ਸੰਭਾਵੀ ਕਿਰਤ ਦਾ ਨੁਕਸਾਨ ਹੋਇਆ ਜੋ 1999 ਦੇ ਮੁਕਾਬਲੇ 39% ਜ਼ਿਆਦਾ ਹੈ।
-ਪੰਕਜ ਚਤੁਰਵੇਦੀ
(ਲੇਖਕ ਚੌਗਿਰਦਾ ਮਾਮਲਿਆਂ ਦਾ ਜਾਣਕਾਰ ਹੈ)।