ਹਰ ਸਿੱਖ ਪਰਿਵਾਰ ਤਿੰਨ ਬੱਚੇ ਪੈਦਾ ਕਰੇ : ਜਥੇਦਾਰ ਗੜਗੱਜ

In ਪੰਜਾਬ
May 05, 2025
ਅੰਮ੍ਰਿਤਸਰ/ਏ.ਟੀ.ਨਿਊਜ਼: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਦੀ ਘੱਟਦੀ ਜਾ ਰਹੀ ਗਿਣਤੀ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਹਰੇਕ ਸਿੱਖ ਪਰਿਵਾਰ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਹੈ। ਪਿਛਲੇ ਦਿਨੀਂ ਉਹ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜੇ ਜਿਥੇ ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੀ ਘੱਟਦੀ ਜਾ ਰਹੀ ਆਬਾਦੀ ਚਿੰਤਾ ਦਾ ਵਿਸ਼ਾ ਹੈ। ਇਹ ਇਸ ਲਈ ਹੈ ਕਿਉਂਕਿ ਅੱਜਕੱਲ੍ਹ ਹਰ ਸਿੱਖ ਇੱਕ ਜਾਂ ਦੋ ਬੱਚੇ ਪੈਦਾ ਕਰਨ ਤੱਕ ਸੀਮਿਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਪਰਿਵਾਰ ਨੂੰ ਜ਼ਿਆਦਾ ਨਹੀਂ ਤਾਂ ਘੱਟੋ-ਘੱਟ 3 ਬੱਚੇ ਜ਼ਰੂਰ ਪੈਦਾ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬਚਪਨ ਤੋਂ ਹੀ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਸੁਣਾਉਣ। ਬਾਣੀ ਨਾਲ ਜੋੜਣ ਲਈ ਨਿਤਨੇਮ ਲਈ ਪ੍ਰੇਰਿਤ ਕਰਨ ਤਾਂ ਜੋ ਉਹ ਵੱਡੇ ਹੋ ਕੇ ਪੂਰਨ ਸਿੱਖੀ ਸਰੂਪ ’ਚ ਸਜਣ। ਪੰਜਾਬ ਤੇ ਹਰਿਆਣਾ ’ਚ ਚੱਲ ਰਹੇ ਪਾਣੀਆਂ ਦੇ ਵਿਵਾਦ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ 5 ਦਰਿਆਵਾਂ ਦੀ ਧਰਤੀ ਸੀ ਪਰ ਕੋਝੀ ਰਾਜਨੀਤੀ ਨੇ ਸਾਡੇ ਤੋਂ 2 ਦਰਿਆ ਖੋਹ ਲਏ। ਉਨ੍ਹਾਂ ਕਿਹਾ ਕਿ ਪਾਣੀਆਂ ’ਤੇ ਪੰਜਾਬ ਦਾ ਮੁੱਢਲਾ ਹੱਕ ਹੈ ਕਿਉਂਕਿ ਇੱਥੋਂ ਦੇ ਲੋਕਾਂ ਨੇ ਬੜੀ ਮਿਹਨਤ ਨਾਲ ਜ਼ਮੀਨ ਨੂੰ ਅਬਾਦ ਕਰ ਕੇ ਸਿੰਚਾਈ ਯੋਗ ਬਣਾਇਆ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਪਾਣੀ ਧੱਕੇ ਨਾਲ ਖੋਹ ਲਿਆ ਗਿਆ ਤਾਂ ਇੱਥੇ ਸੋਕੇ ਵਾਲੇ ਅਸਾਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਤੇ ਭਾਈ ਘਨੱਈਆ ਜੀ ਵਾਲੀ ਸੋਚ ਰੱਖਦੇ ਹਨ। ਪੀਣ ਲਈ ਪਾਣੀ ਬਿਨਾਂ ਭੇਦਭਾਵ ਤੋਂ ਦਿੰਦੇ ਹਾਂ ਪਰ ਜੇਕਰ ਕੋਈ ਪਾਣੀ ਧੱਕੇ ਨਾਲ ਖੋਹੇਗਾ ਤਾਂ ਅਸੀਂ ਭਾਈ ਬਚਿੱਤਰ ਸਿੰਘ ਵਾਲੀ ਸੋਚ ਵੀ ਰੱਖਦੇ ਹਾਂ ਕਿ ਜੇਕਰ ਚੜ੍ਹ ਕੇ ਆਵੇ ਤਾਂ ਉਸ ਨੂੰ ਉਤਾਰਨਾ ਕਿਵੇਂ ਹੈ।

Loading