ਭਾਰਤ ’ਚ ਸਭ ਤੋਂ ਵੱਧ ਉਡਾਣਾਂ ਸੰਚਾਲਨ ਕਰਨ ਵਾਲੀ ਏਅਰਲਾਈਨ ਇੰਡੀਗੋ ਇਸ ਸਮੇਂ ਚਰਚਾ ਵਿੱਚ ਹੈ। ਇਹ ਸਤਰਾਂ ਲਿਖੇ ਜਾਣ ਤੱਕ ਇੰਡੀਗੋ ਦੀਆਂ ਉਡਾਣਾਂ ਦੀ ਲੇਟ-ਲਤੀਫ਼ੀ ਅਤੇ ਰੱਦ ਕਰਨ ਦਾ ਰੇੜਕਾ ਜਾਰੀ ਸੀ। ਹੁਣ ਤੱਕ ਇਸ ਏਅਰਲਾਈਨ ਦੀਆਂ 1100 ਤੋਂ ਵੱਧ ਹਵਾਈ ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ਕਾਰਨ ਦੇਸ਼ ਦੇ ਵੱਖ- ਵੱਖ ਹਵਾਈ ਅੱਡਿਆਂ ’ਤੇ ਲੱਖਾਂ ਯਾਤਰੀ ਪ੍ਰੇਸ਼ਾਨ ਹੋ ਰਹੇ ਹਨ। ਉਹਨਾਂ ਯਾਤਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੋਈ ਵੀ ਅਥਾਰਿਟੀ ਲੋੜੀਂਦੇ ਉਪਰਾਲੇ ਨਹੀਂ ਕਰ ਰਹੀ। ਇੰਡੀਗੋ ਦੀਆਂ ਫਲਾਈਟਾਂ ਨਵੇਂ ਨਿਯਮਾਂ, ਹਵਾਈ ਅਮਲੇ ਦੀ ਘਾਟ ਅਤੇ ਮਾਲ-ਅਸਬਾਬ ਦੇ ਬੋਝ ਕਾਰਨ ਲੇਟ ਹੋ ਰਹੀਆਂ ਹਨ। ਨਵੇਂ ਨਿਯਮਾਂ ’ਚ ਉਡਾਣ ਡਿਊਟੀ ਸਮਾਂ ਹੱਦ ਅਹਿਮ ਹੈ। ਨਵੇਂ ਨਿਯਮਾਂ ’ਚ ਪਾਇਲਟਾਂ ਅਤੇ ਕਰੂ ਮੈਂਬਰਾਂ ਦੀ ਘਾਟ ਸਾਹਮਣੇ ਆਈ ਹੈ ਅਤੇ ਜਹਾਜ਼ ਦੇਰੀ ਨਾਲ ਉਡਾਣ ਭਰ ਰਹੇ ਹਨ। ਖ਼ਾਸ ਤੌਰ ’ਤੇ ਦੇਰ ਰਾਤ ਅਤੇ ਵੱਡੇ ਤੜਕੇ ਦੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਕਾਰਨ ਲੱਖਾਂ ਯਾਤਰੀ ਪ੍ਰਭਾਵਿਤ ਹੋ ਰਹੇ ਹਨ। ਹਵਾਈ ਅੱਡਿਆਂ ’ਤੇ ਪ੍ਰੇਸ਼ਾਨ ਹੋ ਰਹੇ ਯਾਤਰੀ ਕਹਿ ਰਹੇ ਹਨ ਕਿ ਇੰਡੀਗੋ ਦੀ ਹਵਾਈ ਸੇਵਾ ਦਾ ਹਾਲ ਪੰਜਾਬ ਦੀ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਦੀ ਬੱਸ ਸਰਵਿਸ ਵਰਗਾ ਹੋ ਗਿਆ ਹੈ। ਜਿਸ ਦੇ ਠੇਕਾ ਕਾਮਿਆਂ ਵੱਲੋਂ ਵਾਰ ਵਾਰ ਹੜਤਾਲ ਕੀਤੇ ਜਾਣ ਕਾਰਨ ਅਕਸਰ ਲੱਖਾਂ ਲੋਕ ਖੱਜਲ ਖੁਆਰ ਹੁੰਦੇ ਹਨ। ਭਾਵੇਂ ਕਿ ਇੰਡੀਗੋ ਏਅਰਲਾਈਨ ਦੀਆਂ ਫਲਾਈਟਾਂ ਰੱਦ ਹੋਣ ਅਤੇ ਲੇਟ ਹੋਣ ਦੇ ਕਾਰਨ ਵੱਖਰੇ ਹਨ ਪਰ ਲੋਕਾਂ ਦੀ ਪ੍ਰੇਸ਼ਾਨੀ ਬਹੁਤ ਜ਼ਿਆਦਾ ਹੈ।
ਵੱਖ- ਵੱਖ ਹਵਾਈ ਅੱਡਿਆਂ ’ਤੇ ਹਵਾਈ ਉਡਾਣਾਂ ਦੀ ਉਡੀਕ ਕਰ ਰਹੇ ਯਾਤਰੀ ਕਹਿ ਰਹੇ ਹਨ ਕਿ ਉਹਨਾਂ ਨੂੰ ਫਲਾਈਟਾਂ ਦੇ ਲੇਟ ਹੋਣ ਦਾ ਪਤਾ ਏਅਰਪੋਰਟ ’ਤੇ ਆ ਕੇ ਚੱਲਦਾ ਹੈ, ਜਦੋਂ ਕਿ ਚਾਹੀਦਾ ਇਹ ਸੀ ਕਿ ਏਅਰਲਾਈਨ ਇਸ ਸਬੰਧੀ ਯਾਤਰੀਆਂ ਨੂੰ ਪਹਿਲਾਂ ਹੀ ਸੂਚਨਾ ਦਿੰਦੀ ਤਾਂ ਕਿ ਯਾਤਰੀ ਹਵਾਈ ਉਡਾਣ ਦੇ ਸਮੇਂ ਹੀ ਹਵਾਈ ਅੱਡੇ ਪਹੁੰਚਦੇ। ਇਸ ਤੋਂ ਇਲਾਵਾ ਹਵਾਈ ਅੱਡਿਆਂ ਤੇ ਯਾਤਰੀਆਂ ਲਈ ਬੁਨਿਆਦੀ ਸਹੂਲਤਾਂ ਦੀ ਘਾਟ ਵੀ ਵੇਖਣ ਵਿੱਚ ਆ ਰਹੀ ਹੈ।
ਹਵਾਈ ਸਫ਼ਰ ਨੂੰ ਸੜਕ ਅਤੇ ਰੇਲ ਸਫ਼ਰ ਨਾਲੋਂ ਆਸਾਨ ਸਮਝਿਆ ਜਾਂਦਾ ਹੈ। ਇਸ ਵਿੱਚ ਸਮਾਂ ਬਹੁਤ ਘੱਟ ਲੱਗਦਾ ਹੈ। ਅੱਜ ਦੇ ਰੁਝੇਵੇਂ ਭਰੇ ਯੁੱਗ ਵਿੱਚ ਵੱਡੀ ਗਿਣਤੀ ਲੋਕਾਂ ਕੋਲ ਸਮੇਂ ਦੀ ਘਾਟ ਹੈ। ਇਸੇ ਕਾਰਨ ਵੱਡੀ ਗਿਣਤੀ ਲੋਕ ਸੜਕ ਜਾਂ ਰੇਲ ਸਫ਼ਰ ਕਰਨ ਦੀ ਥਾਂ ਹਵਾਈ ਯਾਤਰਾ ਨੂੰ ਤਰਜੀਹ ਦਿੰਦੇ ਹਨ ਪਰ ਜਿਸ ਤਰੀਕੇ ਨਾਲ ਇੰਡੀਗੋ ਦੀਆਂ ਫਲਾਈਟਾਂ ਲਗਾਤਾਰ ਰੱਦ ਹੋਣ ਅਤੇ ਲੇਟ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਉਸ ਨਾਲ ਆਮ ਲੋਕਾਂ ਦਾ ਏਅਰ ਲਾਈਨਾਂ ਤੋਂ ਭਰੋਸਾ ਡਗਮਗਾਉਂਦਾ ਜਾ ਰਿਹਾ ਹੈ। ਇੰਡੀਗੋ ਏਅਰਲਾਈਨਜ਼ ਭਾਰਤ ਦੇ ਲੋਕਾਂ ਦੀ ਭਰੋਸੇਮੰਦ ਏਅਰਲਾਈਨ ਹੈ। ਘਰੇਲੂ ਉਡਾਣਾਂ ਦੀ ਕੁਨੈਕਟੀਵਿਟੀ ਵੀ ਇਸੇ ਏਅਰਲਾਈਨ ਦੀ ਸਭ ਤੋਂ ਵੱਧ ਹੈ। ਇਸ ਏਅਰਲਾਈਨ ਦਾ ਕਿਰਾਇਆ ਵੀ ਦੂਜੀਆਂ ਏਅਰਲਾਈਨਜ਼ ਨਾਲੋਂ ਘੱਟ ਹੈ। ਯਾਤਰੀ ਅਕਸਰ ਕਹਿੰਦੇ ਹਨ ਕਿ ਇੰਡੀਗੋ ਦਾ ਕਿਰਾਇਆ ਦੂਜੀਆਂ ਏਅਰ ਲਾਈਨਾਂ ਜਿਵੇਂ ਕਿ ਵਿਸਤਾਰਾ, ਏਅਰ ਇੰਡੀਆ ਤੇ ਅਕਾਸਾ ਦੇ ਕਿਰਾਏ ਨਾਲੋਂ 20 ਤੋਂ 60 ਫ਼ੀਸਦੀ ਘੱਟ ਹੈ। ਇਹ ਏਅਰਲਾਈਨ ਦੇਸ਼ ਦੇ ਹਰ ਇਲਾਕੇ ਤੱਕ ਪਹੁੰਚ ਰੱਖਦੀ ਹੈ। ਇਸੇ ਕਾਰਨ ਇਸ ਏਅਰਲਾਈਨ ਨੂੰ ਭਾਰਤੀਆਂ ਦੀ ਸਭ ਤੋਂ ਭਰੋਸੇਮੰਦ ਏਅਰਲਾਈਨ ਮੰਨਿਆ ਜਾਂਦਾ ਹੈ।
ਇਸ ਸਮੇਂ ਸਾਲ ਦਾ ਆਖ਼ਰੀ ਮਹੀਨਾ ਦਸੰਬਰ ਚੱਲ ਰਿਹਾ ਹੈ, ਜਿਸ ਨੂੰ ਛੁੱਟੀਆਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਸਮੇਂ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ। ਵੱਡੀ ਗਿਣਤੀ ਲੋਕ ਵਿਆਹ ਸਮਾਗਮਾਂ ’ਚ ਹਿੱਸਾ ਲੈਣ, ਛੁੱਟੀਆਂ ਦਾ ਆਨੰਦ ਮਾਨਣ, ਪਹਾੜਾਂ ’ਤੇ ਹੁੰਦੀ ਬਰਫ਼ਬਾਰੀ ਵੇਖਣ, ਗੋਆ ਅਤੇ ਮੁੰਬਈ ਵਰਗੇ ਇਲਾਕਿਆਂ ਨੂੰ ਵੇਖਣ, ਹਿੱਲ ਸਟੇਸ਼ਨਾਂ ਦੀ ਸੈਰ ਕਰਨ, ਹੋਰ ਜ਼ਰੂਰੀ ਕੰਮ ਧੰਦੇ ਜਾਣ ਲਈ ਇਸ ਮਹੀਨੇ ਹਵਾਈ ਯਾਤਰਾ ਕਰਦੇ ਹਨ, ਜਿਸ ਕਾਰਨ ਹਰ ਸਾਲ ਇਸ ਮਹੀਨੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਭੀੜ ਵੇਖਣ ਵਿੱਚ ਆਉਂਦੀ ਹੈ। ਇਸ ਵਾਰ ਵੀ ਅਨੇਕਾਂ ਕਾਰਨ ਕਰਕੇ ਵੱਡੀ ਗਿਣਤੀ ਲੋਕ ਹਵਾਈ ਯਾਤਰਾ ਕਰ ਰਹੇ ਹਨ ਪਰ ਇੰਡੀਗੋ ਦੀਆਂ ਫਲਾਇਟਾਂ ਦੀ ਅਨਿਸ਼ਚਿਤਾ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਈ ਹਵਾਈ ਅੱਡਿਆਂ ’ਤੇ ਤਾਂ ਯਾਤਰੀਆਂ ਅਤੇ ਏਅਰਲਾਈਨ ਦੇ ਸਟਾਫ਼ ਵਿਚਾਲੇ ਬਹਿਸ ਆਦਿ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਏਅਰਲਾਈਨ ਦਾ ਸਟਾਫ਼ ਵੀ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦਾ ਹੈ। ਉਹਨਾਂ ਕੋਲ ਯਾਤਰੀਆਂ ਵੱਲੋਂ ਕੀਤੇ ਜਾਂਦੇ ਹਰ ਸਵਾਲ ਦਾ ਜਵਾਬ ਮੌਜੂਦ ਨਹੀਂ ਹੁੰਦਾ, ਜਿਸ ਕਾਰਨ ਅਕਸਰ ਯਾਤਰੀ ਭੜਕ ਜਾਂਦੇ ਹਨ। ਹਵਾਈ ਉਡਾਣਾਂ ਰੱਦ ਹੋਣ ਕਾਰਨ ਵੱਡੀ ਗਿਣਤੀ ਯਾਤਰੀ ਆਪਣੇ ਰਿਸ਼ਤੇਦਾਰਾਂ ਅਤੇ ਸੰਬੰਧੀਆਂ ਦੇ ਵਿਆਹ ਸਮਾਗਮਾਂ, ਡਿਊਟੀ ’ਤੇ ਪਹੁੰਚਣ, ਖੁਸ਼ੀ ਦੇ ਸਮਾਗਮਾਂ ਅਤੇ ਪਾਰਟੀਆਂ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਹਨ, ਜਿਸ ਦਾ ਸਾਰਾ ਦੋਸ਼ ਉਹ ਏਅਰਲਾਈਨਜ਼ ਨੂੰ ਦੇ ਰਹੇ ਹਨ।
ਇਹ ਮਾਮਲਾ ਸੁਪਰੀਮ ਕੋਰਟ ਵੀ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ ਇੰਡੀਗੋ ਵੱਲੋਂ ਹਾਲ ਹੀ ’ਚ ਵਪਾਰਕ ਯਾਤਰੀ ਉਡਾਣਾਂ ਨੂੰ ਰੱਦ ਕਰਨ ਅਤੇ ਦੇਰੀ ਕਰਨ ਦੇ ਮਾਮਲੇ ’ਚ ਫੌਰੀ ਸੁਣਵਾਈ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ’ਚ ਦੇਸ਼ ਦੇ 95 ਹਵਾਈ ਅੱਡਿਆਂ ’ਤੇ ਲਗਭਗ 2500 ਫਲਾਈਟਾਂ ’ਚ ਦੇਰੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ’ਤੇ ਚੀਫ਼ ਜਸਟਿਸ ਸੂਰੀਆ ਕਾਂਤ ਨੇ ਕਿਹਾ ਕਿ ‘ਅਸੀਂ ਸਮਝਦੇ ਹਾਂ ਕਿ ਲੱਖਾਂ ਲੋਕ ਇਸ ਕਾਰਨ ਪਰੇਸ਼ਾਨੀ ਝੱਲ ਰਹੇ ਹਨ। ਲੋਕ ਆਪਣੇ ਜ਼ਰੂਰੀ ਕੰਮ ਨਹੀਂ ਕਰ ਪਾ ਰਹੇ। ਹਾਲਾਂ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਹੱਲ ਕਰਨ ਲਈ ਕਾਰਜਸ਼ੀਲ ਹੈ। ਫ਼ਿਲਹਾਲ ਸੁਪਰੀਮ ਕੋਰਟ ਦੇ ਦਖ਼ਲ ਦੀ ਕੋਈ ਜ਼ਰੂਰਤ ਨਹੀਂ ਹੈ।’ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਤੋਂ ਨਾਂਹ ਕੀਤੇ ਜਾਣ ਕਾਰਨ ਇਸ ਮਾਮਲੇ ਦੇ ਜਲਦੀ ਹੱਲ ਹੋਣ ਦੇ ਆਸਾਰ ਮੱਧਮ ਹਨ। ਇਸ ਦੇ ਬਾਵਜੂਦ ਇੰਡੀਗੋ ਏਅਰਲਾਈਨ ਅਤੇ ਕੇਂਦਰ ਸਰਕਾਰ ਵੱਲੋਂ ਹਵਾਈ ਆਵਾਜਾਈ ਪਹਿਲਾਂ ਵਾਂਗੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ। ਇੰਡੀਗੋ ਅਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਸਮਝਣ ਅਤੇ ਤੁਰੰਤ ਇਸ ਮਸਲੇ ਦਾ ਹੱਲ ਕੱਢਣ।
![]()
