
ਨਵੀਂ ਦਿੱਲੀ: ਦੇਸ਼ ਦਾ ਕੌਮੀ ਪ੍ਰਸਾਰਕ ਪ੍ਰਸਾਰ ਭਾਰਤੀ ਸੱਤ ਸਾਲਾਂ ਬਾਅਦ ਹੋ ਰਹੀ ਅਗਾਮੀ ਹਾਕੀ ਇੰਡੀਆ ਲੀਗ (ਐੱਚਆਈਐੱਲ) ਦਾ ਸਿੱਧਾ ਪ੍ਰਸਾਰਨ ਕਰੇਗਾ। ਪ੍ਰਸਾਰ ਭਾਰਤੀ ਦੇ ਡਿਪਟੀ ਡਾਇਰੈਕਟਰ ਜਨਰਲ (ਖੇਡਾਂ) ਅਭਿਸ਼ੇਕ ਅਗਰਵਾਲ ਅਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਇੱਕ ਸਮਾਗਮ ਦੌਰਾਨ ਇਸ ਸਬੰਧੀ ਸਮਝੌਤੇ ’ਤੇ ਸਹੀ ਪਾਈ ਹੈ। ਰੁੜਕੇਲਾ ਵਿੱਚ 28 ਦਸੰਬਰ ਨੂੰ ਸ਼ੁਰੂ ਹੋਣ ਵਾਲੀ ਐੱਚਆਈਐੱਲ ਦਾ ਦੂਰਦਰਸ਼ਨ ਅਤੇ ਪ੍ਰਸਾਰ ਭਾਰਤੀ ਦੇ ਨਵੇਂ ਓਟੀਟੀ ਪਲੇਟਫਾਰਮ ‘ਵੇਵਜ਼’ ਜ਼ਰੀਏ ਦੇਸ਼ ਵਿੱਚ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਹਾਕੀ ਇੰਡੀਆ ਲੀਗ ਦਾ ਇਹ ਟੂਰਨਾਮੈਂਟ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵਿੱਚ ਪੁਰਸ਼ਾਂ ਦੇ ਮੁਕਾਬਲਿਆਂ ਦੇ ਨਾਲ-ਨਾਲ ਪਹਿਲੀ ਵਾਰ ਮਹਿਲਾ ਲੀਗ ਵੀ ਕਰਵਾਈ ਜਾਵੇਗੀ।