
ਪੈਰਿਸ/ਏ.ਟੀ.ਨਿਊਜ਼: ਪੈਰਿਸ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕਲਾਤਮਕ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਉਹ ਜਰਮਨੀ ਤੋਂ 2-3 ਨਾਲ ਹਾਰ ਗਈ। ਇਸ ਮੈਚ ਦੇ ਸ਼ੁਰੂ ਹੋਣ ਸਾਰ ਹੀ ਭਾਰਤੀ ਹਾਕੀ ਟੀਮ ਨੇ ਆਪਣੀ ਜੇਤੂ ਲੈਅ ਕਾਇਮ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਰਮਨੀ ਦੀ ਟੀਮ ’ਤੇ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 7ਵੇਂ ਅਤੇ ਸੁਖਜੀਤ ਸਿੰਘ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ ਜਦੋਂਕਿ ਜਰਮਨੀ ਦੇ ਪੀ ਗੁੰਜ਼ਾਲੋ ਨੇ 18ਵੇਂ, ਆਰ ਕ੍ਰਿਸਟੋਫਰ ਨੇੇ 27ਵੇਂ ਅਤੇ ਐੱਮ. ਮਾਰਕੋ ਨੇ 54ਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਤੋਂ ਪਹਿਲਾਂ ਨੈਦਰਲੈਂਡਜ਼ ਸੈਮੀ ਫਾਈਨਲ ਵਿੱਚ ਸਪੇਨ ਨੂੰ 4-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ।
ਹਮਲਾਵਰ ਖੇਡ ਦੀ ਸ਼ੁਰੂਆਤ ਕਰਦਿਆਂ ਭਾਰਤ ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਬਣਾਇਆ ਜਿਸ ਨੂੰ ਹਰਮਨਪ੍ਰੀਤ ਸਿੰਘ ਨੇ 7ਵੇਂ ਮਿੰਟ ਵਿੱਚ ਗੋਲ ਵਿੱਚ ਬਦਲ ਦਿੱਤਾ। ਭਾਰਤੀ ਟੀਮ ਪਹਿਲੇ ਕੁਆਰਟਰ ਵਿੱਚ ਮਿਲੀ ਲੀਡ ਨੂੰ ਬਰਕਰਾਰ ਨਹੀਂ ਰੱਖ ਸਕੀ। ਟੀਮ ਦੀ ਫਾਰਵਰਡ ਲਾਈਨ ਦਬਾਅ ਵਿੱਚ ਨਜ਼ਰ ਆਈ, ਜਦੋਂਕਿ ਮਿੱਡਫੀਲਡ ਵਿੱਚ ਵੀ ਕਈ ਗ਼ਲਤੀਆਂ ਹੋਈਆਂ। ਭਾਰਤ ਨੂੰ ਪੈਨਲਟੀ ਕਾਰਨਰ ਦੌਰਾਨ ਆਪਣੇ ਡਿਫੈਂਡਰ ਤੇ ਫਸਟ ਰਸ਼ਰ ਅਮਿਤ ਰੋਹੀਦਾਸ ਦੀ ਘਾਟ ਰੜਕਦੀ ਰਹੀ ਜੋ ਰੈੱਡ ਕਾਰਡ ਕਰ ਕੇ ਅੱਜ ਦਾ ਮੈਚ ਨਹੀਂ ਖੇਡ ਸਕਿਆ। ਭਾਰਤ ਨੂੰ ਕੁੱਲ ਮਿਲਾ ਕੇ 12 ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਵਿੱਚੋਂ ਦੋ ਨੂੰ ਹੀ ਗੋਲ ਵਿੱਚ ਬਦਲ ਸਕੀ। ਮੈਚ ਦੇ ਆਖ਼ਰੀ ਪਲਾਂ ਵਿੱਚ ਗੋਲਕੀਪਰ ਸ੍ਰੀਜੇਸ਼ ਮੈਦਾਨ ਵਿੱਚੋਂ ਬਾਹਰ ਚਲਾ ਗਿਆ ਤਾਂ ਕਿ ਇੱਕ ਹੋਰ ਹਮਲਾਵਰ ਖਿਡਾਰੀ ਮੈਦਾਨ ਵਿੱਚ ਉਤਰ ਸਕੇ। ਉਸ ਦੀ ਥਾਂ ਸਮਸ਼ੇਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਗਿਆ, ਪਰ ਭਾਰਤੀ ਟੀਮ ਕੋਈ ਕ੍ਰਿਸ਼ਮਾ ਕਰਨ ਵਿੱਚ ਨਾਕਾਮ ਰਹੀ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸ੍ਰੀਜੇਸ਼ ਦੀ ਗ਼ੈਰਮੌਜੂਦਗੀ ਵਿੱਚ ਟੀਮ ਨੇ ਜਰਮਨੀ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਨਾਕਾਮ ਕੀਤਾ।
ਭਾਰਤੀ ਟੀਮ ਹੁਣ ਕਾਂਸੀ ਦੇ ਤਗ਼ਮੇ ਲਈ 8 ਅਗਸਤ ਨੂੰ ਸਪੇਨ ਖ਼ਿਲਾਫ਼ ਖੇਡੇਗੀ ਜਦੋਂਕਿ ਖ਼ਿਤਾਬੀ ਮੁਕਾਬਲਾ ਜਰਮਨੀ ਤੇ ਨੀਦਰਲੈਂਡਜ਼ ਵਿਚਾਲੇ ਖੇਡਿਆ ਜਾਵੇਗਾ।
ਡੱਬੀ
ਮੈਚ ਹਾਰਿਆ ਪਰ ਦਿਲ ਜਿੱਤੇ :
ਭਾਰਤ ਦੀ ਹਾਕੀ ਟੀਮ ਭਾਵੇਂ ਸੈਮੀਫਾਈਨਲ ਵਿੱਚ ਜਰਮਨੀ ਕੋਲੋਂ ਹਾਰ ਗਈ ਹੈ, ਪਰ ਇਸ ਮੈਚ ਵਿੱਚ ਭਾਰਤੀ ਟੀਮ ਦੀ ਕਲਾਤਮਕ ਖੇਡ ਨੇ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਮੈੇਚ ਦੇ ਅੰਤਲੇ ਸਮੇਂ ਜਦੋਂ ਭਾਰਤੀ ਖਿਡਾਰੀਆਂ ਨੇ ਜਰਮਨੀ ਵਿਰੁੱਧ ਗੋਲ ਕਰਨ ਦਾ ਯਤਨ ਕੀਤਾ ਤਾਂ ਇੱਕ ਵਾਰ ਤਾਂ ਮੈਚ ਵੇਖਣ ਵਾਲਿਆਂ ਦੇ ਸਾਹ ਰੁਕਦੇ ਪ੍ਰਤੀਤ ਹੋਏ ਸਨ ਪਰ ਜਰਮਨੀ ਦਾ ਗੋਲਕੀਪਰ ਇਹ ਗੋਲ ਬਚਾਅ ਗਿਆ, ਜੇ ਇਹ ਗੋਲ ਹੋ ਜਾਂਦਾ ਤਾਂ ਮੈਚ ਦਾ ਨਤੀਜਾ ਹੀ ਕੁਝ ਹੋਰ ਹੋਣਾ ਸੀ। ਭਾਰਤੀ ਹਾਕੀ ਟੀਮ ਨੇ ਪੂਰੇ ਮਨੋਬਲ ਨਾਲ ਖੇਡ ਕੇ ਇਸ ਮੈਚ ਵਿੱਚ ਪਹਿਲਾਂ ਗੋਲ ਕਰਕੇ ਲੀਡ ਹਾਸਲ ਕੀਤਾ ਪਰ ਭਾਰਤੀ ਹਾਕੀ ਟੀਮ ਆਪਣੀ ਜੇਤੂ ਲੈਅ ਪੂਰੇ ਮੈਚ ਦੌਰਾਨ ਕਾਇਮ ਨਾ ਰੱਖ ਸਕੀ। ਭਾਵੇਂ ਭਾਰਤੀ ਟੀਮ ਜਰਮਨੀ ਤੋਂ ਹਾਰ ਗਈ ਪਰ ਫਿਰ ਵੀ ਉਸ ਦੀ ਖੇਡ ਨੇ ਹਾਕੀ ਪ੍ਰੇਮੀਆਂ ਦੇ ਦਿਲ ਜਿੱਤ ਲਏ।
ਜ਼ਿਕਰਯੋਗ ਹੈ ਕਿ ਇਹ ਮਾਣ ਸਿਰਫ ਭਾਰਤੀ ਹਾਕੀ ਟੀਮ ਨੂੰ ਹੀ ਜਾਂਦਾ ਹੈ ਕਿ ਭਾਰਤ ਨੇ ਉਲੰਪਿਕ ਖੇਡਾਂ ਵਿੱਚ ਹੁਣ ਤੱਕ ਸਭ ਤੋਂ ਜਿਆਦਾ ਮੈਡਲ ( 8 ਸੋਨੇ ਦੇ, 1 ਚਾਂਦੀ ਦਾ ਅਤੇ ਦੋ ਤਾਂਬੇ ਦੇ) ਹਾਕੀ ਵਿੱਚ ਹੀ ਜਿੱਤੇ ਹਨ। ਭਾਰਤ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ 1928 ਦੀਆਂ ਐਮਸਟਰਡਮ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਇਹਨਾਂ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਦਿਆਂ ਆਪਣੇ ਸੁਨਿਹਰੀ ਇਤਿਹਾਸ ਦਾ ਆਗਾਜ਼ ਕੀਤਾ। ਇਹਨਾਂ ਖੇਡਾਂ ਵਿੱਚ ਭਾਰਤ ਨੇ ਸਿਰਫ ਇੱਕ ਹੀ ਗੋਲਡ ਮੈਡਲ ਜਿਤਿਆ, ਉਹ ਵੀ ਹਾਕੀ ਵਿੱਚ। ਇਥੋਂ ਹੀ ਭਾਰਤੀ ਹਾਕੀ ਦਾ ਸੁਨਿਹਰੀ ਸਫਰ ਸ਼ੁਰੂ ਹੋਇਆ। ਕਿਸੇ ਵੀ ਦੇਸ਼ ਦੀ ਟੀਮ ਭਾਰਤੀ ਹਾਕੀ ਟੀਮ ਦੇ ਜੇਤੂ ਰੱਥ ਨੂੰ ਰੋਕ ਨਾ ਸਕੀ।
ਹੁਣ ਪੈਰਿਸ ਉਲੰਪਿਕ ਵਿੱਚ ਵੀ ਭਾਰਤੀ ਹਾਕੀ ਟੀਮ ਪੁਰਾਣੀ ਲੈਅ ਵਿੱਚ ਪਰਤਦੀ ਦਿਖਾਈ ਦਿੱਤੀ। ਇਸ ਟੀਮ ਤੋਂ ਸੋਨ ਤਗ਼ਮਾ ਜਿੱਤਣ ਦੀਆਂ ਪੂਰੀਆਂ ਉਮੀਦਾਂ ਸਨ ਪਰ ਜਰਮਨੀ ਕੋਲੋਂ ਸੈਮੀਫਾਈਨਲ ਵਿੱਚ ਹਾਰ ਜਾਣ ਕਾਰਨ ਇਹ ਉਮੀਦਾਂ ਪੂਰੀਆਂ ਨਹੀਂ ਹੋਈਆਂ। ਇਸ ਦੇ ਬਾਵਜੂਦ ਭਾਰਤੀ ਹਾਕੀ ਟੀਮ ਕੋਲ ਅਜੇ ਕਾਂਸੇ ਦਾ ਤਗ਼ਮਾ ਜਿੱਤਣ ਦਾ ਇੱਕ ਮੌਕਾ ਜ਼ਰੂਰ ਹੈ।