ਹਾਕੀ: ਭਾਰਤ ਨੇ ਪੰਜਵੀਂ ਵਾਰ ਜਿੱਤਿਆ ਪੁਰਸ਼ ਜੂਨੀਅਰ ਏਸ਼ੀਆ ਕੱਪ

In ਖੇਡ ਖਿਡਾਰੀ
December 05, 2024
ਮਸਕਟ, 5 ਦਸੰਬਰ: ਪਿਛਲੇ ਚੈਂਪੀਅਨ ਭਾਰਤ ਨੇ ਅਰੀਜੀਤ ਸਿੰਘ ਹੁੰਦਲ ਦੇ ਚਾਰ ਗੋਲਾਂ ਦੀ ਮਦਦ ਨਾਲ ਅੱਜ ਇੱਥੇ ਪੁਰਸ਼ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸ ਮਹਾਦੀਪ ਪੱਧਰੀ ਟੂਰਨਾਮੈਂਟ ਵਿੱਚ ਭਾਰਤ ਦਾ ਇਹ ਪੰਜਵਾਂ ਖ਼ਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2004, 2008, 2015 ਤੇ 2023 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਕੋਵਿਡ-19 ਕਾਰਨ ਇਹ ਟੂਰਨਾਮੈਂਟ 2021 ਵਿੱਚ ਨਹੀਂ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਜਪਾਨ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਅੱਜ ਦੇ ਮੈਚ ਦੌਰਾਨ ਹੁੰਦਲ ਨੇ ਚੌਥੇ, 18ਵੇਂ ਤੇ 54ਵੇਂ ਮਿੰਟ ਵਿੱਚ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਅਤੇ 47ਵੇਂ ਮਿੰਟ ਵਿੱਚ ਇਕ ਹੋਰ ਗੋਲ ਕੀਤਾ। ਭਾਰਤ ਲਈ ਇਕ ਹੋਰ ਗੋਲ ਦਿਲਰਾਜ ਸਿੰਘ (19ਵੇਂ ਮਿੰਟ) ਨੇ ਕੀਤਾ। ਪਾਕਿਸਤਾਨ ਲਈ ਸੂਫੀਆਨਾ ਖਾਨ (30ਵੇਂ ਤੇ 39ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਜਦਕਿ ਹੰਨਾਨ ਸ਼ਾਹਿਦ ਨੇ ਤੀਜੇ ਮਿੰਟ ਵਿੱਚ ਗੋਲ ਕੀਤਾ। ਪਾਕਿਸਤਾਨ ਨੇ ਤੀਜੇ ਮਿੰਟ ਵਿੱਚ ਹੀ ਸ਼ਾਹਿਦ ਦੇ ਗੋਲ ਨਾਲ ਲੀਡ ਹਾਸਲ ਕੀਤੀ। ਭਾਰਤ ਨੇ ਕੁਝ ਸਕਿੰਟਾਂ ਬਾਅਦ ਹੀ ਆਪਣਾ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ। ਹੁੰਦਲ ਨੇ ਸ਼ਕਤੀਸ਼ਾਲੀ ਡਰੈਗ ਫਲਿੱਕ ’ਤੇ ਪਾਕਿਸਤਾਨ ਦੇ ਗੋਲਕੀਪਰ ਦੇ ਸੱਜੇ ਪਾਸਿਓਂ ਗੋਲ ਵਿੱਚ ਪਹੁੰਚ ਕੇ ਟੀਮ ਨੂੰ ਬਰਾਬਰੀ ਦਿਵਾਈ। ਦੂਜੇ ਕੁਆਰਟਰ ਵਿੱਚ ਭਾਰਤ ਨੇ ਆਪਣੇ ਖੇਡ ਵਿੱਚ ਸੁਧਾਰ ਕੀਤਾ ਅਤੇ 18ਵੇਂ ਮਿੰਟ ਵਿੱਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ, ਜਿਸ ਨੂੰ ਹੁੰਦਲ ਨੇ ਗੋਲ ਵਿੱਚ ਬਦਲ ਦਿੱਤਾ। ਇਕ ਮਿੰਟ ਬਾਅਦ ਦਿਲਰਾਜ ਨੇ ਇਕ ਬਿਹਤਰੀਨ ਗੋਲ ਕਰ ਕੇ ਭਾਰਤ ਦੀ ਲੀਡ ਨੂੰ 3-1 ਕੀਤਾ। ਭਾਰਤ ਨੇ ਆਖ਼ਰੀ ਕੁਆਰਟਰ ਦੌਰਾਨ 47ਵੇਂ ਮਿੰਟ ’ਚ ਆਪਣਾ ਤੀਜਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਹੁੰਦਲ ਦੇ ਸ਼ਾਟ ਨੂੰ ਪਾਕਿਸਤਾਨ ਦੇ ਗੋਲਕੀਪਰ ਮੁਹੰਮਦ ਜੰਜੂਆ ਨੇ ਬਚਾਅ ਲਿਆ। ਹੁੰਦਲ ਨੇ ਹਾਲਾਂਕਿ, ਕੁਝ ਸਕਿੰਟ ਬਾਅਦ ਹੀ ਗੋਲ ਕਰ ਕੇ ਭਾਰਤ ਨੂੰ ਮੁੜ ਲੀਡ ਦਿਵਾਈ। ਭਾਰਤ ਨੇ ਆਖ਼ਰੀ 10 ਮਿੰਟ ਵਿੱਚ ਪਾਕਿਸਤਾਨ ’ਤੇ ਦਬਾਅ ਬਣਾਉਂਦਿਆਂ ਹੁੰਦਲ ਨੇ ਇਕ ਵਾਰ ਮੁੜ ਤੋਂ ਗੋਲ ਕਰ ਕੇ ਟੀਮ ਦੀ 5-3 ਨਾਲ ਜਿੱਤ ਯਕੀਨੀ ਬਣਾਈ।

Loading