ਹਾੜੀ ਵੱਢੂੰਗੀ ਨਾਲ ਤੇਰੇ…….

In ਮੁੱਖ ਲੇਖ
April 09, 2026

ਹਰਸੰਤ ਸਿੰਘ ਢੀਂਡਸਾ

ਪੰਜਾਬ ਵਿੱਚ ਹਾੜੀ ਦੀ ਮੁੱਖ ਫ਼ਸਲ ਕਣਕ ਕਟਾਈ ਲਈ ਤਿਆਰ ਹੈੇ। ਪੱਕੀ ਕਣਕ ਦੀ ਸੁਨਹਿਰੀ ਝਲਕ ਨਜ਼ਰ ਪੈਣ ਲੱਗੀ ਹੈ। ਪੁਰਾਤਨ ਸਮੇ ਤੋਂ ਸਾਡੇ ਫ਼ਸਲੀ ਚੱਕਰ ਨੂੰ ਮੁੱਖ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਹਾੜੀ ਅਤੇ ਸਾਉਣੀ। ਹਾੜੀ ਦੀਆਂ ਫ਼ਸਲਾਂ ਸਰ੍ਹੋਂ, ਤੋਰੀਆ, ਛੋਲੇ, ਜੌਂ, ਅਲਸੀ ਅਤੇ ਕਣਕ ਹਨ, ਸਾਉਣੀ ਦੀਆਂ ਫ਼ਸਲਾਂ ਵਿੱਚ ਕਪਾਹ- ਨਰਮਾ, ਬਾਜਰਾ, ਜਵਾਰ, ਮੱਕੀ, ਮੂੰਗਫਲੀ ਅਤੇ ਝੋਨਾ ਬੀਜਿਆ ਜਾਂਦਾ ਹੈ।
ਪੰਜਾਬ ਦੀ ਜਰਖੇਜ਼ ਧਰਤੀ ਉੱਤੇ ਹਰੀ ਕ੍ਰਾਂਤੀ ਤੋਂ ਪਹਿਲਾਂ ਹਾੜੀ ਅਤੇ ਸਾਉਣੀ ਵਿੱਚ ਕਣਕ ਅਤੇ ਝੋਨਾ ਨਾਂਮਾਤਰ ਹੀ ਹੁੰਦਾ ਸੀ। ਸਰਦੀਆਂ ਵਿੱਚ ਮੱਕੀ, ਬਾਜਰੇ, ਛੋਲਿਆਂ (ਮਿੱਸੀ) ਦੀ ਰੋਟੀ ਹਰ ਘਰ ਵਿੱਚ ਪੱਕਦੀ, ਕਣਕ ਦੀ ਰੋਟੀ ਕਿਸੇ ਆਏ ਗਏ ਪ੍ਰਾਹੁਣੇ ਨੂੰ ਹੀ ਪਰੋਸੀ ਜਾਂਦੀ ਸੀ। ਮੱਕੀ ਦੀਆਂ ਛੱਲੀਆਂ, ਸਰਦੀਆਂ ਵਿੱਚ ਮੂੰਗਫਲੀ, ਕੱਚੇ ਛੋਲਿਆਂ ਦੀਆਂ ਹੋਲਾਂ, ਭੁੰਨੀਆਂ ਸ਼ਕਰਕੰਦੀਆਂ ਸਾਡੇ ਪੰਜਾਬੀਆਂ ਦੀ ਖਾਧ ਖੁਰਾਕ ਹੁੰਦੀਆਂ ਸਨ। ਸਿਆਣੇ ਕਹਿੰਦੇ ਹਨ ਕਿ ਹਰੀ ਕ੍ਰਾਂਤੀ ਤੋਂ ਪਹਿਲਾਂ ਸ਼ੂਗਰ ਦੀ ਬਿਮਾਰੀ ਦਾ ਮਰੀਜ਼ ਪੰਜਾਬ ਵਿੱਚ ਲੱਭਿਆ ਨਹੀਂ ਸੀ ਲੱਭਦਾ। ਕਣਕ ਦੀਆਂ ਹਾਈਬਿ੍ਰਡ ਕਿਸਮਾਂ ਅਤੇ ਚੀਨੀ ਹੀ ਇਸ ਬਿਮਾਰੀ ਨੂੰ ਆਪਣੇ ਨਾਲ ਲੈ ਕੇ ਆਈ ਹੈ। ਵਰਤਮਾਨ ਸਮੇਂ ਪੰਜਾਬ ਦੇ ਚੱਪੇ ਚੱਪੇ ਵਿੱਚ ਬੀਜਿਆ ਜਾਣ ਵਾਲਾ ਝੋਨਾ ਤਾਂ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਨੂੰ ਹੀ ਨਿਗਲ ਗਿਆ। ਪੰਜਾਬ ਦੇ ਸ਼ਰਬਤ ਵਰਗੇ ਪਾਣੀ ਨੂੰ ਜ਼ਹਿਰੀਲਾ ਕਰਨ ਵਿੱਚ, ਪਾਣੀ ਦਾ ਪੱਧਰ ਡੂੰਘਾ ਕਰਨ ਅਤੇ ਹਵਾ ਨੂੰ ਦੂਸ਼ਿਤ ਕਰਨ ਲਈ ਇਹ ਫ਼ਸਲ ਮੁੱਖ ਦੋਸ਼ੀ ਹੈ। ਜਦੋਂ ਕਿ ਚੌਲਾਂ ਦੀ ਖਪਤ ਸਾਡੇ ਪੰਜਾਬ ਵਿੱਚ ਨਾਂਮਾਤਰ ਹੀ ਹੈ।
ਸਾਉਣੀ ਦੀ ਮੁੱਖ ਫ਼ਸਲ ਕਪਾਹ ਤੇ ਨਰਮਾ ਪੂਰੀ ਮਿਹਨਤ ਵਾਲੀ ਫ਼ਸਲ ਹੁੰਦੀ ਸੀ, ਪੂਰਾ ਸਮਾਂ ਕਿਸਾਨ ਪਰਿਵਾਰ ਸਮੇਤ ਖੇਤ ਵਿੱਚ ਰੁੱਝਿਆ ਰਹਿੰਦਾ ਸੀ। ਭਾਦੋਂ ਦੀ ਧੁੱਪ ਨਰਮਾ ਗੁੱਡਣ ਵਾਲੇ ਜੱਟਾਂ ਦੇ ਪੁੱਤਾਂ ਨੂੰ ਸਾਧ ਬਣਨ ਲਈ ਮਜਬੂਰ ਕਰ ਦਿੰਦੀ ਸੀ। ਕਮਾਦ ਦੀ ਫ਼ਸਲ ਵੀ ਬਹੁਤ ਮਿਹਨਤ ਮੰਗਦੀ ਸੀ। ਇਸ ਰੁੱਤ ਵਿੱਚ ਪੈਦਾ ਹੋਈ ਮੂੰਗਫਲੀ ਕਿਸੇ ਕੈਲੀਫੋਰਨੀਆ ਦੇ ਬਦਾਮਾਂ ਤੋਂ ਘੱਟ ਨਹੀਂ ਸੀ ਹੁੰਦੀ, ਪ੍ਰੰਤੂ ਝੋਨੇ ਦੀ ਫ਼ਸਲ ਅਜਿਹੀ ਆਈ ਕਿ ਉਸ ਨੇ ਸਾਉਣੀ ਰੁੱਤ ਦੀਆਂ ਸਾਰੀਆਂ ਫ਼ਸਲਾਂ ਹੀ ਖ਼ਤਮ ਕਰ ਦਿੱਤੀਆਂ। ਝੋਨੇ ਨੇ ਮਿਹਨਤੀ ਕਿਸਾਨਾਂ ਦੇ ਬੱਚਿਆਂ ਨੂੰ ਵਿਹਲੜ ਬਣਨ ਵੱਲ ਧੱਕਿਆ, ਸਿਰਫ਼ ਹਾੜੀ ਦੀ ਫ਼ਸਲ ਹੀ ਮਿਹਨਤ ਵਾਲੀ ਰਹਿ ਗਈ ਸੀ।
ਹਾੜੀ ਦੀ ਮੁੱਖ ਫ਼ਸਲ ਕਣਕ ਜਦੋਂ ਪੱਕਦੀ ਤਾਂ ਖੇਤਾਂ ਵਿੱਚ ਸੁਨਹਿਰੀ ਰੰਗੀ ਭਾਅ ਮਾਰਦੀ ਨਜ਼ਰ ਆਉਂਦੀ ਹੈ। ਕਿਸਾਨਾਂ ਦੇ ਚਿਹਰਿਆਂ ਉੱਤੇ ਰੌਣਕ ਖਿੜ ਜਾਂਦੀ ਹੈ, ਵਿਸਾਖ ਚੜ੍ਹਦਿਆਂ ਹੀ ਕਣਕ ਨੂੰ ਦਾਤੀ ਪੈ ਜਾਂਦੀ ਹੈ। ਸਾਰੇ ਲੋਕ ਹਾੜੀ ਦੀ ਵਾਢੀ ਦੀਆਂ ਤਿਆਰੀਆਂ ਵਿੱਚ ਜੁੱਟ ਜਾਂਦੇੇ ਹਨ। ਮੇਰੇ ਚੇਤੇ ਹੈ ਕਿ ਕੀ ਹਾਲੀ, ਕੀ ਪਾਲੀ ਹਾੜੀ ਤੋਂ ਪਹਿਲਾਂ ਸ਼ੱਕਰ-ਘਿਉ ਖ਼ਰੀਦ ਦੇ ਸਨ। ਫਿਰ ਦੁਪਹਿਰ ਅਤੇ ਸ਼ਾਮ ਨੂੰ ਸ਼ੱਕਰ ਤੇ ਘਿਉ ਨਾਲ ਰੋਟੀ ਖਾਂਦੇ ਸਨ। ਕਿਸਾਨ ਨਵੀਆਂ ਦਾਤੀਆਂ ਖ਼ਰੀਦਦੇ ਸਨ, ਪਿੰਡ ਦੇ ਲੁਹਾਰ ਕੋਲੋਂ ਹਾੜੀ ਦੇ ਸੀਜ਼ਨ ਵਿੱਚ ਸਿਰ ਖੁਰਕਣ ਦੀ ਵਿਹਲ ਨਾ ਹੁੰਦੀ, ਸਵੇਰੇ ਸ਼ਾਮ ਦਾਤੀਆਂ ਦੇ ਦੰਦੇ ਤਿੱਖੇ ਕਰਾਉਣ ਲਈ ਕਿਸਾਨਾਂ ਦੀ ਭੀੜ ਲੱਗੀ ਰਹਿੰਦੀ ਸੀ। ਉਸ ਸਮੇਂ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰਾ ਪਰਿਵਾਰ ਖੇਤ ਵਿੱਚ ਹੁੰਦਾ, ਸਮੇਤ ਔਰਤਾਂ, ਮਰਦਾਂ ਦੇ ਨਾਲ ਕਣਕ ਦੀ ਵਾਢੀ ਕਰਦੀਆਂ, ਪੰਜਾਬੀ ਸੱਭਿਆਚਾਰ ਦੀ ਬੋਲੀ ਵੀ ਬਹੁਤ ਪ੍ਰਚੱਲਿਤ ਹੋਈ, ਜਿਸ ਦੇ ਬੋਲ ਸਨ;
ਹਾੜੀ ਵੱਢੂੰਗੀ ਨਾਲ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ
ਖੇਤਾਂ ਵਿੱਚ ਘੁੰਗਰੂਆਂ ਵਾਲੀਆਂ ਦਾਤੀਆਂ ਦੀ ਘੁੰਗਰਾਲ ਦਾ ਆਪਣਾ ਹੀ ਇੱਕ ਸੰਗੀਤ ਹੁੰਦਾ ਸੀ‌। ਕਣਕ ਵੱਢਣ ਦੀ ਅਤੇ ਭਰੇ ਬੰਨ੍ਹਣ ਦੀ ਵੀ ਆਪਣੀ ਹੀ ਇੱਕ ਕਲਾ ਹੁੰਦੀ ਸੀ। ਸ਼ੌਕੀ ਕਿਸਾਨਾਂ ਦੀ ਵਾਢੀ ਕੀਤੀ ਸਾਫ਼ ਨਜ਼ਰ ਆਉਂਦੀ, ਕੀ ਮਜ਼ਾਲ ਹੈ ਕਿ ਕਿਤੇ ਕਣਕ ਦੀ ਪਿੱਛੇ ਖਿਲਰੀ ਬੱਲੀ ਨਜ਼ਰ ਆ ਜਾਵੇ। ਪੰਜਾਬ ਵਿੱਚ ਜਦੋਂ ਕੰਬਾਇਨਾਂ ਆਈਆਂ, ਲੋਕ ਸਿਰਫ਼ ਝੋਨੇ ਦੀ ਫ਼ਸਲ ਦੀ ਕਟਾਈ ਹੀ ਕੰਬਾਇਨਾਂ ਤੋਂ ਕਰਾਉਂਦੇ ਸਨ, ਕਣਕ ਦੀ ਵਾਢੀ ਕੰਬਾਇਨ ਤੋਂ ਕੋਈ ਨਾ ਕਰਵਾਉਂਦਾ ਕਿਉਂਕਿ ਉਸ ਸਮੇਂ ਤੂੜੀ ਵਾਲੇ ਰੀਪਰ ਤੋਂ ਤੂੜੀ ਕਰਵਾਉਣੀ ਕਿਸਾਨ ਚੰਗਾ ਨਹੀਂ ਸਮਝਦੇ ਸਨ। ਮੇਰੇ ਯਾਦ ਹੈ ਕਿ ਕਿਹਾ ਜਾਂਦਾ ਸੀ ਕਿ ਰੀਪਰ ਤੂੜੀ ਵਿੱਚ ਰੇਤਾ ਮਿਲਾ ਦਿੰਦਾ ਹੈ, ਤੂੜੀ ਰੱਬ ਦੇ ਜਾਇਆਂ ਨੇ ਖਾਣੀ ਹੈ, ਕੀ ਪਸ਼ੂ ਬਿਮਾਰ ਕਰਨੇ ਹਨ? ਲੋਕ ਪਸ਼ੂਆਂ ਨੂੰ ਵੀ ਮਨੁੱਖਾਂ ਜਿੰਨਾ ਹੀ ਪਿਆਰ ਕਰਦੇ ਸਨ। ਕੋਈ ਸਮਾਂ ਸੀ ਕਿ ਹੜੰਬੇ ਦੀ ਤੂੜੀ ਨੂੰ ਵੀ ਝਰਨਿਆਂ ਨਾਲ ਝਾਰ ਕੇ ਪਸ਼ੂਆਂ ਨੂੰ ਪਾਉਂਦੇ ਹੁੰਦੇ ਸੀ, ਪਸ਼ੂ ਧਨ ਉਸ ਸਮੇਂ ਕਿਸਾਨਾਂ ਲਈ ਜੀਵਨ ਦਾ ਅਟੁੱਟ ਅੰਗ ਸੀ। ਬਲਦਾਂ ਉੱਤੇ ਦਿੱਤੇ ਝੁੱਲ ਇਸਤਰੀਆਂ ਦੀ ਮੀਨਾਕਾਰੀ ਦੀ ਮੂੰਹ ਬੋਲਦੀ ਤਸਵੀਰ ਹੁੰਦੇ ਸਨ, ਉਹ ਸੀ ਪੰਜਾਬੀ ਸੱਭਿਆਚਾਰ ਦੀ ਅਸਲੀ ਤਸਵੀਰ।
ਸਾਰਾ ਪਰਿਵਾਰ ਖੇਤ ਵਿੱਚ ਹੁੰਦਾ ਸੀ, ਉੱਥੇ ਹੀ ਖੇਤ ਵਿੱਚ ਚਾਹ ਬਣਨੀ, ਉੱਥੇ ਹੀ ਅੰਬ ਦੇ ਅਚਾਰ ਅਤੇ ਪਿਆਜ਼ ਅਤੇ ਚਿੱਬੜਾਂ ਦੀ ਚਟਨੀ ਨਾਲ ਰੋਟੀ ਖਾਣੀ, ਇਸ ਦਾ ਜੋ ਸੁਆਦ ਸੀ, ਉਸ ਦੀ ਕੋਈ ਪੰਜ ਜਾਂ ਸੱਤ ਤਾਰਾ ਹੋਟਲ ਵੀ ਰੀਸ ਨਹੀਂ ਕਰ ਸਕਦਾ। ਕਣਕ ਵੱਢਣ ਤੋਂ ਬਾਅਦ, ਕਣਕ ਕੱਢਣ ਲਈ ਖੇਤਾਂ ਵਿੱਚ ਪਿੜ ਤਿਆਰ ਕੀਤੇ ਜਾਂਦੇ, ਭਰਿਆਂ ਦੀਆਂ ਖਲੀਆਂ ਲਾਈਆਂ ਜਾਂਦੀਆਂ। ਆਧੁਨਿਕ ਮਸ਼ੀਨਰੀ ਹੜੰਬੇ ਆਉਣ ਦੇ ਨਾਲ ਕਣਕ ਕੱਢਣ ਦੇ ਕੰਮ ਨੂੰ ਕਿਸਾਨਾਂ ਨੇ ਬਹੁਤ ਸੌਖਾ ਮੰਨਿਆ ਕਿਉਂਕਿ ਬਲਦਾਂ ਦੇ ਕਣਕ ਗਾਹੁਣ ਦੇ ਕੰਮ ਨਾਲੋਂ ਇਹ ਵੱਡੀ ਕ੍ਰਾਂਤੀ ਸੀ, ਪਰ ਇਸ ਨਾਲ ਹੱਥੀਂ ਕਿਰਤ ਦਾ ਸੱਭਿਆਚਾਰ ਖ਼ਤਮ ਨਹੀਂ ਸੀ ਹੋਇਆ। ਕਣਕ ਕੱਢਣ ਦਾ ਕੰਮ ਭਾਵੇਂ ਜ਼ਰੂਰ ਸੌਖਾ ਹੋ ਗਿਆ ਸੀ।
ਹਾੜੀ ਦੀ ਫ਼ਸਲ ਮੰਡੀ ਵਿੱਚ ਵੇਚ ਵੱਟ ਕੇ ਕਿਸਾਨ ਦਾ ਵਿਸਾਖੀ ਦੇ ਮੇਲੇ ’ਤੇ ਜਾਣ ਦਾ ਪੰਜਾਬੀ ਦੇ ਮਕਬੂਲ ਕਵੀ ਧਨੀ ਰਾਮ ਚਾਤਿ੍ਰਕ ਨੇ ਆਪਣੀ ਕਲਮ ਨਾਲ ਜੋ ਦਿ੍ਰਸ਼ ਚਿਤਰਿਆ ਸੀ, ਉਹ ਅੱਜ ਵੀ ਅੱਖਾਂ ਦੇ ਅੱਗੇ ਆ ਜਾਂਦਾ ਹੈ;
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸਾਹਾਂ ਦਾ ਵਿਆਜ ਕੱਟ ਕੇ
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਵਰਤਮਾਨ ਸਮੇਂ ਆਧੁਨਿਕਤਾ ਸਾਡੇ ਕਿਰਤੀ ਸੱਭਿਆਚਾਰ ਨੂੰ ਦਿਨ ਪ੍ਰਤੀ ਦਿਨ ਖ਼ਤਮ ਕਰਦੀ ਜਾ ਰਹੀ ਹੈ। ਪੱਛਮੀ ਸੱਭਿਆਚਾਰ ਦੀ ਚਕਾ-ਚੌਂਧ ਨੇ ਸਾਡੇ ਬੱਚਿਆਂ ਨੂੰ ਹੱਥੀਂ ਕੰਮ ਕਰਨ ਤੋਂ ਬਿਲਕੁਲ ਪਾਸੇ ਕਰ ਦਿੱਤਾ ਹੈ। ਹੱਥੀਂ ਕੰਮ ਕਰਨ ਨਾਲੋਂ ਅੱਜ ਦੀ ਨੌਜਵਾਨ ਪੀੜ੍ਹੀ ਜਿਮ ਜਾਣ ਨੂੰ ਤਰਜੀਹ ਦੇ ਰਹੀ ਹੈ। ਸਾਡੇ ਪੰਜਾਬੀਆਂ ਦੇ ਖੇਤ ਆਪਣੇ ਵਿਦੇਸ਼ ਗਏ ਨੌਜਵਾਨਾਂ ਨੂੰ ਆਵਾਜ਼ਾਂ ਮਾਰਦੇ ਪ੍ਰਤੀਤ ਹੁੰਦੇ ਹਨ ਕਿ ਵਿਦੇਸ਼ਾਂ ਦੀ ਧਰਤੀ ’ਤੇ ਗੁਲਾਮੀ ਦਾ ਜੀਵਨ ਬਸਰ ਕਰਨ ਨਾਲੋਂ ਆਪਣੇ ਖੇਤਾਂ ਦੀ ਮਹਿਕ ਮਾਣੋ, ਆਪਣੇ ਨਸੀਬ ਆਪਣੀ ਮਿੱਟੀ ਵਿੱਚੋਂ ਲੱਭੋ। ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕਿਰਤੀ ਸੱਭਿਆਚਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਪੰਜਾਬੀ ਮੁਟਿਆਰਾਂ ਅੱਜ ਪੱਬਾਂ ਅਤੇ ਕਲੱਬਾਂ ਵਿੱਚ ਨੱਚਦੀਆਂ ਸੋਭਦੀਆਂ ਨਹੀਂ। ਸੋ ਆਓ ਪੰਜਾਬੀ ਨੌਜਵਾਨੋਂ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲੀਏ, ਪੰਜਾਬ ਦੀ ਮਿੱਟੀ ਅਤੇ ਸੱਭਿਆਚਾਰ ਨੂੰ ਬਦਰੰਗ ਹੋਣ ਤੋਂ ਬਚਾਈਏ। ਪ੍ਰੋਫ਼ੈਸਰ ਪੂਰਨ ਸਿੰਘ ਨੇ ਲਿਖਿਆ ਸੀ;
ਇਹਦਾ ਰੰਗ ਸੰਧੂਰੀ ਹੈ
ਇਹ ਗੋਰੀ ਚਿੱਟੀ ਹੈ
ਇਹਨੂੰ ਮੈਲੀ ਨਾ ਕਰਨਾ
ਇਹ ਮੇਰੇ ਪੰਜਾਬ ਦੀ ਮਿੱਟੀ ਹੈ.

Loading