ਹਿਮਾਚਲ ਵਿਚ ਸਿੱਖ ਨੌਜਵਾਨਾਂ ਨੂੰ ਭਗਵੇਂ ਪਹਾੜੀਏ ਤੇ ਪੁਲਿਸ ਕਰ ਰਹੀ ਏ ਤੰਗ

In ਪੰਜਾਬ
March 19, 2025
ਅੰਮ੍ਰਿਤਸਰ: ਹਿਮਾਚਲ ਪ੍ਰਦੇਸ਼ ਵਿਚ ਬੀਤੇ ਦਿਨੀਂ ਜ਼ਬਰਦਸਤ ਹੰਗਾਮਾ ਹੋਇਆ ਹੈ। ਸਥਾਨਕ ਫਿਰਕੂ ਲੋਕਾਂ ਅਤੇ ਪੰਜਾਬ ਤੋਂ ਗਏ ਨੌਜਵਾਨਾਂ ਵਿਚਾਲੇ ਤਿੱਖੀ ਤਕਰਾਰ ਹੋਈ ਹੈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਵਾਦ ਸੰਤ ਭਿੰਡਰਾਂਵਾਲੇ ਦੀ ਤਸਵੀਰ ਵਾਲੇ ਝੰਡੇ ਉਤਾਰਨ ਨੂੰ ਲੈ ਕੇ ਹੋਇਆ ਹੈ। ਸਥਾਨਕ ਫਿਰਕੂ ਲੋਕਾਂ ‘ਤੇ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ਦਾ ਇਲਜ਼ਾਮ ਹੈ।ਜਿਸ ਤੋਂ ਬਾਅਦ ਝੰਡਾ ਵਾਪਸ ਲੈਣ ਲਈ ਪੰਜਾਬੀ ਨੌਜਵਾਨ ਲੋਕਾਂ ਨਾਲ ਭਿੜ ਗਏ। ਸਥਾਨਕ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ‘ਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਹਿਮਾਚਲ ਪੁਲੀਸ ਝੰਡਿਆਂ ਕਾਰਣ ਸਿੱਖ ਨੌਜਵਾਨਾਂ ਦੇ ਵ਼ਡੇ ਚਲਾਨ ਵੀ ਕਰ ਰਹੀ ਹੈ। ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਕਿਹਾ ਕਿ ਬਾਈਕ ਸਵਾਰਾਂ ਖ਼ਿਲਾਫ਼ ਭਾਰਤੀ ਨਿਆਂ ਕੋਡ 2023 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਬਾਈਕ ਸਵਾਰਾਂ ਨੇ ਆਪਣੀਆਂ ਬਾਈਕਾਂ 'ਤੇ ਪਾਬੰਦੀਸ਼ੁਦਾ ਸੰਤ ਭਿੰਡਰਾਂਵਾਲੇ ਦੇ ਝੰਡੇ ਲਗਾਏ ਸਨ। ਪੁਲਿਸ ਨੇ ਇਹ ਝੰਡੇ ਹਟਾ ਦਿੱਤੇ ਹਨ। ਪੁਲਿਸ ਨੇ ਕਿਹਾ ਕਿ ਸੁਭਾਸ਼ ਠਾਕੁਰ ਨੂੰ ਝੰਡਾ ਉਤਾਰਨ ਲਈ ਕਹਿਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕੀਤੀ ਤੇ ਮੁਲਜ਼ਮਾਂ ਵਿਰੁੱਧ ਬੀਐਨਐਸ ਦੀ ਧਾਰਾ 152, 351(2) ਤੇ 3(5) ਤਹਿਤ ਮਾਮਲਾ ਦਰਜ ਕੀਤਾ। ਡਿਪਟੀ ਸੁਪਰਡੈਂਟ ਕੇਡੀ ਸ਼ਰਮਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ। ਉਧਰ, ਝੰਡੇ ਲਗਾਉਣ ਵਾਲਿਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਡੀਐਸਪੀ ਨੇ ਇਲਾਕੇ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ, ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 180 ਬਾਈਕ ਸਵਾਰਾਂ ਦੇ ਚਲਾਨ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਬਿਨਾਂ ਹੈਲਮੇਟ ਤੇ ਤੇਜ਼ ਰਫ਼ਤਾਰ ਨਾਲ ਸਾਈਕਲ ਚਲਾਉਣ ਵਾਲੇ ਸ਼ਾਮਲ ਹਨ। ਇਸ ਕਾਰਣ ਸਿੱਖ ਪੰਥ ਵਿਚ ਹਿਮਾਚਲ ਸਰਕਾਰ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ।ਦੂਜੇ ਪਾਸੇ ਦਲ ਖਾਲਸਾ ਨੇ ਪ੍ਰਤੀਕਰਮ ਵਜੋਂ ਹਿਮਾਚਲ ਦੀਆਂ ਬੱਸਾਂ ਉਪਰ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਅਕਾਲ ਤਖਤ ਸਾਹਿਬ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਨ੍ਹਾਂ ਦੇ ਵਾਹਨਾਂ ਉੱਤੇ ਲੱਗੇ ਸਿੱਖਾਂ ਨਾਲ ਸਬੰਧਤ ਝੰਡਿਆਂ ਨੂੰ ਪਾੜਣ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਜਿਵੇਂ ਸਥਾਨਕ ਗੁੰਡਾ ਤੇ ਸ਼ਰਾਰਤੀ ਅਨਸਰ ਚਲਾ ਰਹੇ ਹੋਣ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਜਥੇਦਾਰ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਪੁਲਿਸ ਨੂੰ ਕਾਨੂੰਨ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹਰ ਧਰਮ ਤੇ ਫਿਰਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹੁੰਦੀ ਹੈ ਨਾ ਕਿ ਕਿਸੇ ਇੱਕ ਧਰਮ ਦੇ ਲੋਕਾਂ ਵਿਰੁੱਧ ਕੀਤੀ ਜਾ ਰਹੀ ਨਫ਼ਰਤ ਨੂੰ ਸ਼ਰੇਆਮ ਹੋਣ ਦੇਣ ਦੀ। ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ, ਪਰ ਸ਼ਰਧਾਲੂਆਂ ਨੂੰ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਜਬਰੀ ਲੁਹਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਪੁਲਿਸ ਪ੍ਰਸਾਸ਼ਨ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ ਬਲਕਿ ਸਿੱਖਾਂ ਖਿਲਾਫ਼ ਸਿਰਜੇ ਜਾ ਰਹੇ ਨਫ਼ਰਤੀ ਮਾਹੌਲ ਨੂੰ ਹਵਾ ਦੇ ਰਿਹਾ ਹੈ।

Loading