
ਦੇਹਰਾਦੂਨ/ਏ.ਟੀ.ਨਿਊਜ਼ : ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ ਕਿ ਹਿਮਾਲਿਆ ਦੀ ਉਤਪੱਤੀ ਕਰੀਬ ਪੰਜ ਤੋਂ ਸਾਢੇ ਪੰਜ ਕਰੋੜ ਸਾਲ ਪਹਿਲਾਂ ਹੋਈ ਸੀ ਪਰ ਵਾਡੀਆ ਹਿਮਾਲਿਆ ਭੋਂ-ਵਿਗਿਆਨ ਸੰਸਥਾ ਦਾ ਇੱਕ ਤਾਜ਼ਾ ਅਧਿਐਨ ਦੱਸਦਾ ਹੈ ਕਿ ਅਰੁਣਾਚਲ ਪ੍ਰਦੇਸ਼ ਹਿਮਾਲਿਆ ਖੇਤਰ (ਟ੍ਰਾਂਸ ਹਿਮਾਲਿਆ) ਅੱਠ ਕਰੋੜ ਸਾਲ ਪਹਿਲਾਂ ਹੀ ਵਜੂਦ ’ਚ ਆਉਣ ਲੱਗਾ ਸੀ। ਅਧਿਐਨ ਦੌਰਾਨ ਇਸ ਖੇਤਰ ’ਚ ਅਜਿਹੀਆਂ ਮਿਗਮਾਟਾਈਟ ਚੱਟਾਨਾਂ ਮਿਲੀਆਂ ਹਨ, ਜਿਨ੍ਹਾਂ ਦੀ ਉਮਰ ਸੱਤ ਤੋਂ ਅੱਠ ਕਰੋੜ ਸਾਲ ਪੁਰਾਣੀ ਹੈ। ਉਥੇ ਹੀ, ਕੁਝ ਅਧਿਐਨਾਂ ’ਚ ਤਿੱਬਤ ਖੇਤਰ ’ਚ ਮਿਗਮਾਟਾਈਟ ਚੱਟਾਨਾਂ (ਗੈਂਗਡੀਜ਼ ਬੈਥੋਲਿਥ) ਇਸੇ ਉਮਰ ਦੇ ਆਸਪਾਸ ਦੀਆਂ ਮਿਲੀਆਂ ਹਨ।
ਹਿਮਾਲਿਆ ਦੀ ਉਮਰ ਨੂੰ ਲੈ ਕੇ ਪਹਿਲੀ ਵਾਰ ਅਰੁਣਾਚਲ ਪ੍ਰਦੇਸ਼ ਦੀਆਂ ਮਿਗਮਾਟਾਈਟ ਚੱਟਾਨਾਂ ’ਤੇ ਇਹ ਅਧਿਐਨ ਵਾਡੀਆ ਹਿਮਾਲਿਆ ਭੋਂ-ਵਿਗਿਆਨ ਸੰਸਥਾ ਦੇ ਸੀਨੀਅਰ ਵਿਗਿਆਨੀ ਵਿਕਾਸ ਅਦਲਖਾ ਤੇ ਉਨ੍ਹਾਂ ਦੀ ਟੀਮ ਨੇ ਕੀਤਾ। ਸੀਨੀਅਰ ਵਿਗਿਆਨੀ ਅਦਲਖਾ ਅਨੁਸਾਰ, ਅਰੁਣਾਚਲ ਪ੍ਰਦੇਸ਼ ਦੀ ਲੋਹਿਤ ਤੇ ਦਿਬਾਂਗ ਘਾਟੀ ਦੀਆਂ ਮਿਗਮਾਟਾਈਟ ਚੱਟਾਨਾਂ ਦੀ ਯੂਰੇਨੀਅਮ ਲੈੱਡ ਡੇਟਿੰਗ ਕਰਵਾਈ ਗਈ। ਇਸ ਵਿੱਚ ਪਤਾ ਲੱਗਾ ਕਿ ਇਨ੍ਹਾਂ ਦੀ ਉਮਰ ਕਰੀਬ ਸੱਤ ਤੋਂ ਅੱਠ ਕਰੋੜ ਸਾਲ ਹੈ। ਭਾਵ ਅਰੁਣਾਚਲ ਪ੍ਰਦੇਸ਼ ’ਚ ਟ੍ਰਾਂਸ ਹਿਮਾਲਿਆ ਦੀ ਉਤਪੱਤੀ ਇੰਡੀਅਨ ਪਲੇਟ ਦੇ ਯੂਰੇਸ਼ੀਅਨ ਪਲੇਟ ਦੇ ਹੇਠਾਂ ਸਮੁੰਦਰ ਦੀ ਡੂੰਘਾਈ ਵਾਲੇ ਹਿੱਸੇ (ਸਬ ਡਕਸ਼ਨ) ’ਚ ਧਸਣ ਦੌਰਾਨ ਹੀ ਹੋਣ ਲੱਗੀ ਸੀ। ਇਥੇ ਓਸਨਿਕ ਲਿਥੋਸਫੀਅਰ (ਮਹਾਸਾਗਰਾਂ ਦੇ ਹੇਠਾਂ ਪਾਈ ਜਾਣ ਵਾਲੀ ਧਰਤੀ ਦੀ ਠੋਸ ਬਾਹਰੀ ਪਰਤ) ਮੈਲਟ ਹੋਣ ਤੋਂ ਬਾਅਦ ਠੰਢੀ ਹੋ ਕੇ ਜਦੋਂ ਠੋਸ ਹਾਲਤ ’ਚ ਆਈ ਤਾਂ ਉਸਦੀ ਉਮਰ ਸੱਤ ਤੋਂ 15.4 ਕਰੋੜ ਸਾਲ ਤੱਕ ਦੀ ਪਾਈ ਗਈ।
ਮਿਗਮਾਟਾਈਟ ਤੇ ਓਸਨਿਕ ਲਿਥੋਸਫੀਅਰ ਦੀ ਸਮਾਨਤਾ ਨੇ ਇਸ ਨਵੀਂ ਧਾਰਨਾ ਨੂੰ ਹੋਰ ਜ਼ੋਰ ਦੇਣ ਦਾ ਕੰਮ ਕੀਤਾ। ਬਾਕੀ ਹਿਮਾਲਈ ਖੇਤਰ ’ਚ ਉਦੋਂ ਉਠਾਅ (ਅਪਲਿਫਟ) ਹੋਇਆ, ਜਦੋਂ ਉੱਪਰੀ ਹਿੱਸੇ ’ਚ ਪਲੇਟਾਂ ਦੀ ਟਕਰਾਹਟ ਹੋਈ। ਹਿਮਾਲਿਆ ਦੇ ਜ਼ਿਆਦਾਤਰ ਹਿੱਸੇ ’ਚ ਇਹ ਘਟਨਾ ਪੰਜ ਤੋਂ ਸਾਢੇ ਪੰਜ ਕਰੋੜ ਸਾਲ ਪਹਿਲਾਂ ਹੋਈ। ਇਥੋਂ ਦੀ ਮਿਗਮਾਟਾਈਟ ਚੱਟਾਨਾਂ ਦੀ ਡੇਟਿੰਗ ਦੀ ਮਿਆਦ ਇਸੇ ਦੇ ਵਿਚਾਲੇ ਰਿਕਾਰਡ ਕੀਤੀ ਗਈ। ਇਸ ਵਿੱਚ ਪੱਛਮੀ ਤੇ ਨੇਪਾਲ ਹਿਮਾਲਿਆ ਦੇ ਹਿੱਸੇ ਸ਼ਾਮਲ ਹਨ। ਇਸ ਖੇਤਰ ’ਚ ਹਿਮਾਲਿਆ ਦੀ ਪਰਬਤੀ ਲੜੀ ਨੇ ਮੁੱਖ ਤੌਰ ’ਤੇ ਉਠਾਅ ਦੋ ਕਰੋੜ ਸਾਲ ਪਹਿਲਾਂ ਤੱਕ ਹਾਸਲ ਕੀਤਾ। ਹਿਮਾਲਿਆ ਦੇ ਨਿਰਮਾਣ ਦੀ ਪ੍ਰਕਿਰਿਆ ਹੁਣ ਵੀ ਚੱਲ ਰਹੀ ਹੈ।