ਹਿਮਾਲਿਆ ਵਿੱਚ ਚੱਲਦੀ ਰਹਿੰਦੀ ਹੈ ਭੂਗੋਲਿਕ ਉਥਲ-ਪੁਥਲ

In ਖਾਸ ਰਿਪੋਰਟ
July 26, 2025

ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਉੱਤਰਾਖੰਡ ’ਚ ਪਹਾੜਾਂ ਦੇ ਗੁੱਸੇ ਵਾਲੇ ਰੂਪ ਨੇ ਕਈ ਥਾਵਾਂ ’ਤੇ ਜਨਜੀਵਨ ਨੂੰ ਠੱਪ ਕਰ ਦਿੱਤਾ ਹੈ। ਚਮੋਲੀ, ਉੱਤਰਕਾਸ਼ੀ, ਟੀਹਰੀ, ਰੁਦ੍ਰਪ੍ਰਯਾਗ ਆਦਿ ਵਿੱਚ ਬਰਸਾਤ ਕਾਰਨ ਪਹਾੜ ਖਿਸਕ ਰਹੇ ਹਨ। ਚਾਰਧਾਮ ਯਾਤਰਾ ਦਾ ਮਾਰਗ ਵਾਰ-ਵਾਰ ਪੱਥਰਾਂ ਅਤੇ ਪਹਾੜਾਂ ਦੇ ਡਿੱਗਣ ਕਾਰਨ ਰੁਕ ਰਿਹਾ ਹੈ। ਜੋਸ਼ੀਮੱਠ ਵਰਗੇ ਕਸਬਿਆਂ ’ਤੇ ਧਸਣ ਦਾ ਖ਼ਤਰਾ ਨਵੇਂ ਸਿਰਿਓਂ ਖੜ੍ਹਾ ਹੋ ਗਿਆ ਹੈ। ਸਰਕਾਰ ਦੀ ਚਿੰਤਾ ਇਹ ਹੈ ਕਿ ਭੂ-ਵਿਗਿਆਨੀਆਂ ਨੇ ਜਿਨ੍ਹਾਂ ਇਲਾਕਿਆਂ ਨੂੰ ਨਵੇਂ ਜ਼ਮੀਨ ਧਸਣ ਵਾਲੇ ਸੰਭਾਵਿਤ ਖੇਤਰਾਂ ਵਜੋਂ ਪਛਾਣਿਆ ਹੈ, ਉੱਥੇ ਸੜਕ, ਬਿਜਲੀ, ਰੇਲ ਵਰਗੇ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਚਾਰਧਾਮ ਯਾਤਰਾ ਰੂਟ ’ਤੇ ਜ਼ਮੀਨ ਖਿਸਕਣ ਵਾਲੇ ਜ਼ੋਨ ਸਿਰਦਰਦ ਬਣ ਰਹੇ ਹਨ।
ਰਿਸ਼ੀਕੇਸ਼ ਤੋਂ ਬਦਰੀਨਾਥ ਯਾਤਰਾ ਰੂਟ ’ਤੇ ਕੁੱਲ 54 ਲੈਂਡਸਲਾਈਡ ਜ਼ੋਨ ਹਨ। ਇੱਥੇ ਕਈ ਵਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਬਿਹਤਰ ਸੜਕਾਂ ਅਤੇ ਸੁਵਿਧਾਵਾਂ ਕਾਰਨ ਇੱਥੇ ਭੀੜ ਆ ਰਹੀ ਹੈ ਜੋ ਹੋਰ ਵਧਦੀ ਰਹੇਗੀ। ਉੱਤਰਾਖੰਡ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਵੀ ਸਥਿਤੀ ਕੁਝ ਅਜਿਹੀ ਹੀ ਹੈ। ਹਾਲ ਹੀ ਵਿੱਚ ਮੰਡੀ ਵਿੱਚ ਜ਼ਮੀਨ ਖਿਸਕਣ ਦੀਆਂ ਖ਼ੌਫ਼ਨਾਕ ਘਟਨਾਵਾਂ ਸਾਹਮਣੇ ਆਈਆਂ ਹਨ। ਚੰਬਾ ਲਾਗੇ ਪਹਾੜ ਡਿੱਗਣ ਕਾਰਨ ਘਰੇ ਸੁੱਤੇ ਹੋਏ ਇੱਕ ਨਵ ਵਿਆਹੇ ਜੋੜੇ ਦੀ ਮੌਤ ਹੋ ਗਈ।
ਇੱਕ ਪਾਸੇ ਪ੍ਰਧਾਨ ਮੰਤਰੀ ਦਾ ‘10 ਸੂਤਰੀ ਡਿਜ਼ਾਸਟਰ ਰਿਸਕ ਰਿਡਕਸ਼ਨ’ ਅਰਥਾਤ ਆਫ਼ਤ ਵਿੱਚ ਨਿਊਨਤਮ ਜੋਖ਼ਮ ਪ੍ਰੋਗਰਾਮ ਹੈ ਤਾਂ ਦੂਜੇ ਪਾਸੇ ਹਿਮਾਲਿਆ ਦੀ ਗੋਦ ਵਿੱਚ ਵਸੇ ਪਹਾੜੀ ਪ੍ਰਦੇਸ਼ਾਂ ਵਿੱਚ ਮੂਲਭੂਤ ਢਾਂਚੇ ਦਾ ਨਿਰਮਾਣ ਜਾਰੀ ਹੈ। ਉੱਤਰਾਖੰਡ ਦੀ ਆਬਾਦੀ ਲਗਪਗ ਸਵਾ ਕਰੋੜ ਹੈ ਪਰ ਇੱਥੇ ਤੀਰਥ ਯਾਤਰਾ ਅਤੇ ਸੈਰ-ਸਪਾਟੇ ਲਈ ਆਉਣ ਵਾਲਿਆਂ ਦੀ ਗਿਣਤੀ ਬਹੁਤ ਹੈ। ਫਿਰ ਇਹ ਚੀਨ ਵਰਗੇ ਦੁਸ਼ਮਣ ਦੇਸ਼ ਨਾਲ ਲੱਗਦੀ ਸਰਹੱਦ ਵਾਲਾ ਸੂਬਾ ਹੈ।
ਇਸ ਸਥਿਤੀ ਵਿੱਚ ਬਿਹਤਰ ਸੜਕ ਅਤੇ ਆਵਾਜਾਈ ਦਾ ਤੰਤਰ ਲਾਜ਼ਮੀ ਹੈ ਪਰ ਜਦੋਂ ਅਜਿਹੇ ਵਿਕਾਸ ਕਾਰਨ ਕੁਦਰਤ ’ਤੇ ਹੀ ਖ਼ਤਰਾ ਖੜ੍ਹਾ ਹੋ ਜਾਵੇ ਤਾਂ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ। ਸਰਕਾਰ ਅਤੇ ਸਮਾਜ, ਦੋਹਾਂ ਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਜਲਵਾਯੂ ਬਦਲਾਅ ਦਾ ਸਭ ਤੋਂ ਵੱਧ ਅਸਰ ਹਿਮਾਲਿਆ ਪਰਬਤ ’ਤੇ ਹੈ ਅਤੇ ਇਸੇ ਕਾਰਨ ਉੱਤਰਾਖੰਡ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀਆਂ ਚੁਣੌਤੀਆਂ ਨਾਲ ਹਿਮਾਚਲ ਵੀ ਦੋ-ਚਾਰ ਹੁੰਦਾ ਦਿਖਾਈ ਦੇ ਰਿਹਾ ਹੈ। ਸੰਵੇਦਨਸ਼ੀਲ ਹਾਲਾਤ ਤੰਤਰ, ਅਣਕਿਆਸਾ ਮੌਸਮ ਅਤੇ ਬੱਦਲ ਫਟਣ, ਜ਼ਮੀਨ ਧਸਣ, ਅਚਾਨਕ ਹੜ੍ਹ ਅਤੇ ਗਲੇਸ਼ੀਅਰ ਲੇਕ ਆਊਟਬਰਸਟ ਦੀਆਂ ਵਧਦੀਆਂ ਘਟਨਾਵਾਂ ਉੱਤਰਾਖੰਡ ਨੂੰ ਅਸੁਰੱਖਿਅਤ ਬਣਾ ਰਹੀਆਂ ਹਨ। ਹੜ੍ਹ, ਜ਼ਮੀਨ ਧਸਣ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਰਾਜ ਨੂੰ ਹਰ ਸਾਲ ਜਨ-ਧਨ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਹਰ ਸਾਲ ਰਾਜ ਦੇ ਬਜਟ ਦਾ ਵੱਡਾ ਹਿੱਸਾ ਆਫ਼ਤਾਂ ਕਾਰਨ ਨਸ਼ਟ ਹੋਏ ਢਾਚਿਆਂ ਨੂੰ ਦੁਬਾਰਾ ਬਣਾਉਣ ਵਿੱਚ ਹੀ ਬਰਬਾਦ ਹੋ ਜਾਂਦਾ ਹੈ।
ਇੱਥੇ ਜੁਲਾਈ, ਅਗਸਤ ਅਤੇ ਸਤੰਬਰ ਵਿੱਚ ਮੌਨਸੂਨ ਕਾਰਨ ਹੋਏ ਨੁਕਸਾਨ ਬਾਰੇ ਐੱਸਡੀਸੀ ਫਾਊਂਡੇਸ਼ਨ ਨੇ ਉੱਤਰਾਖੰਡ ਡਿਜ਼ਾਸਟਰ ਐਂਡ ਐਕਸੀਡੈਂਟ ਐਨਾਲਿਸਿਸ ਇਨੀਸ਼ੀਏਟਿਵ ਰਿਪੋਰਟ ਵਿੱਚ ਦੱਸਿਆ ਹੈ ਕਿ ਰਾਜ ਵਿੱਚ ਹਰ ਸਾਲ ਨਵੇਂ ਜ਼ਮੀਨ ਖਿਸਕਣ ਦੇ ਜ਼ੋਨ ਵਿਕਸਤ ਹੋ ਰਹੇ ਹਨ। ਭਾਰਤੀ ਪੁਲਾੜ ਖੋਜ ਸੰਸਥਾ ਦੇ ਡਾਟਾ ਮੁਤਾਬਕ 1988 ਤੋਂ 2023 ਵਿਚਕਾਰ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੀਆਂ 12,319 ਘਟਨਾਵਾਂ ਹੋਈਆਂ।
ਸੰਨ 2018 ਵਿੱਚ ਪ੍ਰਦੇਸ਼ ਵਿੱਚ ਜ਼ਮੀਨ ਖਿਸਕਣ ਦੀਆਂ 216 ਘਟਨਾਵਾਂ ਹੋਈਆਂ ਸਨ ਜਦਕਿ 2023 ਵਿੱਚ ਇਹ ਗਿਣਤੀ ਪੰਜ ਗੁਣਾ ਵਧ ਕੇ 1,100 ਪਹੁੰਚ ਗਈ ਸੀ। ਸੰਨ 2022 ਦੀ ਤੁਲਨਾ ਵਿੱਚ ਵੀ 2023 ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ ਲਗਪਗ ਸਾਢੇ ਚਾਰ ਗੁਣਾ ਵਾਧਾ ਦੇਖਿਆ ਗਿਆ। ਪਿਛਲੇ ਸਾਲ ਅਗਸਤ ਤੱਕ ਬਰਸਾਤ ਦੌਰਾਨ ਜ਼ਮੀਨ ਖਿਸਕਣ ਦੀਆਂ 2,946 ਘਟਨਾਵਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕਈ ਲੋਕ ਮਾਰੇ ਗਏ ਸਨ।
ਇਸ ਮੌਨਸੂਨ ਸੀਜ਼ਨ ਵਿੱਚ 500 ਨਵੇਂ ਜ਼ਮੀਨ ਖਿਸਕਣ ਦੇ ਜ਼ੋਨ ਪਛਾਣੇ ਗਏ ਹਨ। ਉੱਤਰਾਖੰਡ ਸਰਕਾਰ ਦੇ ਆਫ਼ਤ ਪ੍ਰਬੰਧਨ ਵਿਭਾਗ ਅਤੇ ਵਿਸ਼ਵ ਬੈਂਕ ਦੇ 2018 ਦੇ ਇੱਕ ਅਧਿਐਨ ਮੁਤਾਬਕ ਉੱਤਰਾਖੰਡ ਵਿੱਚ 6,300 ਤੋਂ ਵੱਧ ਸਥਾਨ ਜ਼ਮੀਨ ਖਿਸਕਣ ਵਾਲੇ ਜ਼ੋਨਾਂ ਵਜੋਂ ਪਛਾਣੇ ਗਏ ਹਨ। ਰਿਪੋਰਟ ਕਹਿੰਦੀ ਹੈ ਕਿ ਰਾਜ ਵਿੱਚ ਚੱਲ ਰਹੀਆਂ ਹਜ਼ਾਰਾਂ ਕਰੋੜ ਦੀਆਂ ਵਿਕਾਸ ਯੋਜਨਾਵਾਂ ਪਹਾੜਾਂ ਨੂੰ ਕੱਟ ਕੇ ਜਾਂ ਜੰਗਲਾਂ ਨੂੰ ਉਜਾੜ ਕੇ ਬਣ ਰਹੀਆਂ ਹਨ ਅਤੇ ਇਸੇ ਕਾਰਨ ਜ਼ਮੀਨ ਖਿਸਕਣ ਵਾਲੇ ਜ਼ੋਨਾਂ ਦੀ ਗਿਣਤੀ ਵਧ ਰਹੀ ਹੈ। ਜ਼ਮੀਨ ਖਿਸਕਣ ਦਾ ਪ੍ਰਭਾਵ ਖੇਤਰ ਵਧਣ ਦਾ ਇੱਕ ਵੱਡਾ ਕਾਰਨ ਭਾਰਤੀ ਪਲੇਟਾਂ ਦਾ ਲਗਾਤਾਰ ਗਤੀਸ਼ੀਲ ਹੋਣਾ ਹੈ। ਇਸ ਹਲਚਲ ਨਾਲ ਚੱਟਾਨਾਂ ਵਿੱਚ ਮੌਜੂਦ ਦਰਾੜਾਂ ਵੀ ਸਰਗਰਮ ਹੋ ਜਾਂਦੀਆਂ ਹਨ। ਬਰਸਾਤ ਵਿੱਚ ਮਿੱਟੀ ਦੀ ਪਕੜ ਢਿੱਲੀ ਹੋਣ ’ਤੇ ਇਹ ਭੂ-ਵਿਗਿਆਨਿਕ ਗਤੀਵਿਧੀ ਹੋਰ ਤੇਜ਼ ਹੋ ਜਾਂਦੀ ਹੈ।
ਉੱਤਰਾਖੰਡ ਅਤੇ ਹਿਮਾਚਲ ਵਰਗੇ ਪਹਾੜੀ ਇਲਾਕਿਆਂ ਵਿੱਚ ਹਰਿਆਲੀ ਘੱਟ ਹੋਣ ਕਾਰਨ ਮਿੱਟੀ ਦੀ ਪਕੜ ਕਮਜ਼ੋਰ ਹੋ ਰਹੀ ਹੈ, ਉੱਪਰੋਂ ਮੌਸਮੀ ਬਦਲਾਅ ਕਾਰਨ ਅਚਾਨਕ ਵੱਧ ਬਰਸਾਤ ਹੋਣ ਅਤੇ ਫਿਰ ਤੁਰੰਤ ਬਾਅਦ ਤੇਜ਼ ਧੁੱਪ ਨਿਕਲਣ ਨਾਲ ਜ਼ਮੀਨ ਖਿਸਕਣ ਦੀ ਪ੍ਰਕਿਰਿਆ ਨੂੰ ਬਲ ਮਿਲਦਾ ਹੈ। ਬਿਨਾਂ ਭੂ-ਵਿਗਿਆਨਕ ਸਰਵੇਖਣ ਵਾਲੀਆਂ ਯੋਜਨਾਵਾਂ ਲਈ ਹੋ ਰਹੀ ਭੰਨਤੋੜ ਹਿਮ-ਪਰਬਤ ਦੇ ਅਨੁਕੂਲ ਨਹੀਂ ਹੈ। ਜਿਸ ਪ੍ਰਾਜੈਕਟ ਲਈ ਸਿਲਕਿਆਰਾ ਸੁਰੰਗ ਬਣਾਈ ਜਾ ਰਹੀ ਹੈ, ਉਸ ਦੇ ਵਾਤਾਵਰਨ ’ਤੇ ਪੈ ਰਹੇ ਪ੍ਰਭਾਵਾਂ ਦੇ ਮੁਲਾਂਕਣ ਦੀ ਲਾਜ਼ਮੀਅਤ ਤੋਂ ਬਚਣ ਲਈ ਇਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਦਿਖਾਇਆ ਗਿਆ।
ਹਿਮਾਲਿਆ ਵਿੱਚ ਭੂਗੋਲਿਕ ਉਥਲ-ਪੁਥਲ ਚੱਲਦੀ ਰਹਿੰਦੀ ਹੈ। ਇੱਥੇ ਦਰੱਖਤ ਜ਼ਮੀਨ ਨੂੰ ਬੰਨ੍ਹ ਕੇ ਰੱਖਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਹਿਮਾਲਿਆ ਭੂਚਾਲੀ ਖੇਤਰ ਵਿੱਚ ਭਾਰਤੀ ਪਲੇਟ ਦਾ ਯੂਰੇਸ਼ੀਅਨ ਪਲੇਟ ਨਾਲ ਟਕਰਾਅ ਹੁੰਦਾ ਹੈ। ਜਦੋਂ ਪਹਾੜਾਂ ’ਤੇ ਭੰਨਤੋੜ ਜਾਂ ਧਮਾਕੇ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਦੇ ਕੁਦਰਤੀ ਰੂਪ ਨਾਲ ਛੇੜਛਾੜ ਹੁੰਦੀ ਹੈ ਤਾਂ ਦਿੱਲੀ ਤੱਕ ਭੂਚਾਲ ਦੀ ਸ਼ੰਕਾ ਤਾਂ ਵਧਦੀ ਹੀ ਹੈ, ਯਮੁਨਾ ਵਿੱਚ ਘੱਟ ਪਾਣੀ ਦਾ ਸੰਕਟ ਵੀ ਖੜ੍ਹਾ ਹੁੰਦਾ ਹੈ। ਪਹਿਲਾਂ ਉੱਤਰਾਖੰਡ ਵਿੱਚ ਜ਼ਮੀਨ ਖਿਸਕਣ ਦੀਆਂ ਤਿੰਨ-ਚੌਥਾਈ ਘਟਨਾਵਾਂ ਬਰਸਾਤ ਕਾਰਨ ਹੁੰਦੀਆਂ ਸਨ ਪਰ ਹੁਣ ਬਰਸਾਤ ਤੋਂ ਬਾਅਦ ਵੀ ਇਹ ਆਫ਼ਤ ਨਹੀਂ ਰੁਕ ਰਹੀ।
ਪਿਛਲੇ ਸਾਲ ਸਰਦੀਆਂ ਅਤੇ ਇਸ ਸਾਲ ਗਰਮੀਆਂ ਵਿੱਚ ਵੀ ਕਈ ਵੱਡੇ ਜ਼ਮੀਨ ਖਿਸਕਣ ਦੇ ਮਾਮਲੇ ਸਾਹਮਣੇ ਆਏ। ਅਜਿਹੇ ਵਿੱਚ ਵਿਕਾਸ ਵਿੱਚ ਵਾਤਾਵਰਣ ਸੁਰੱਖਿਆ, ਸਰਬਪੱਖੀ ਵਿਕਾਸ ਅਤੇ ਆਸਥਾ ਵਿੱਚ ਸੁੱਖ ਨੂੰ ਤਿਆਗਣ ਦੀ ਭਾਵਨਾ ਪੈਦਾ ਕਰਨ ਲਈ ਸੱਦਾ ਵੀ ਹੈ ਅਤੇ ਚਿਤਾਵਨੀ ਵੀ ਹੈ। ਇਸ ਚਿਤਾਵਨੀ ਨੂੰ ਹਿਮਾਚਲ ਸਮੇਤ ਹੋਰ ਪਹਾੜੀ ਇਲਾਕਿਆਂ ਨੂੰ ਵੀ ਧਿਆਨ ਨਾਲ ਸੁਣਨਾ ਚਾਹੀਦਾ ਹੈ।
-ਪੰਕਜ ਚਤੁਰਵੇਦੀ
-(ਲੇਖਕ ਵਾਤਾਵਰਣ ਮਾਮਲਿਆਂ ਦਾ ਜਾਣਕਾਰ ਹੈ)

Loading