‘ਹਿੰਦ ਦੀ ਚਾਦਰ’ ਫ਼ਿਲਮ ’ਤੇ ਅਕਾਲ ਤਖ਼ਤ ਸਾਹਿਬ ਦੀ ਰੋਕ

In ਪੰਜਾਬ
November 24, 2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਐਨੀਮੇਟਿਡ ਫਿਲਮ ‘ਹਿੰਦ ਦੀ ਚਾਦਰ – ਗੁਰੂ ਲਾਧੋ ਰੇ’ ਦੀ 21 ਨਵੰਬਰ ਨੂੰ ਹੋਣ ਵਾਲੀ ਰਿਲੀਜ਼ ਆਖਿਰ ਰੋਕ ਦਿੱਤੀ ਗਈ ਸੀ । ਮੁੰਬਈ ਸਥਿਤ ਬਵੇਜਾ ਸਟੂਡੀਓ ਨੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਤੇ ਸੋਸ਼ਲ ਮੀਡੀਆ ’ਤੇ ਅਧਿਕਾਰਤ ਬਿਆਨ ਜਾਰੀ ਕਰਕੇ ਫਿਲਮ ਦੀ ਰਿਲੀਜ਼ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।
ਇਹ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਫਿਲਮ ’ਤੇ ਪੂਰਨ ਰੋਕ ਲਾਉਣ ਦੇ ਹੁਕਮ ਤੋਂ ਬਾਅਦ ਆਇਆ ਸੀ। ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਨਿਰਦੇਸ਼ ਦਿੱਤੇ ਸਨ ਕਿ ਕੇਂਦਰ ਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਫਿਲਮ ਨੂੰ ਰੋਕਿਆ ਜਾਵੇ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਅਨੁਸਾਰ ਇਹ ਫਿਲਮ ਧਰਮ ਪ੍ਰਚਾਰ ਕਮੇਟੀ ਵੱਲੋਂ 13 ਦਸੰਬਰ 2022 ਨੂੰ ਪਾਸ ਕੀਤੇ ਮਤਾ ਨੰਬਰ 651 ਦੀ ਸਿੱਧੀ ਉਲੰਘਣਾ ਹੈ। ਇਸ ਮਤੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਫਿਲਮ ਜਾਂ ਐਨੀਮੇਸ਼ਨ ਫਿਲਮ ਬਣਾਉਣ ’ਤੇ ਪੂਰਨ ਰੋਕ ਹੈ।
ਇਸ ਤੋਂ ਇਲਾਵਾ 2 ਮਈ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਵਿਸ਼ੇਸ਼ ਪੰਥਕ ਇਕੱਤਰਤਾ ਵਿੱਚ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਨੇ ਇਕਮੱਤ ਹੋ ਕੇ ਫੈਸਲਾ ਕੀਤਾ ਸੀ ਕਿ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ, ਸ਼ਹੀਦਾਂ ਤੇ ਸਿੱਖ ਸੰਸਕਾਰਾਂ ਦੀਆਂ ਨਕਲਾਂ ਕਰਕੇ ਫਿਲਮਾਂ ਨਹੀਂ ਬਣਾਈਆਂ ਜਾ ਸਕਦੀਆਂ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਜਾਂਚ ਕਮੇਟੀ ਨੇ ਫਿਲਮ ਵੇਖ ਕੇ ਰਿਪੋਰਟ ਦਿੱਤੀ ਕਿ ਇਸ ਵਿੱਚ ਸਿੱਧਾਂਤਕ, ਇਤਿਹਾਸਕ ਤੇ ਫਿਲਮਾਂਕਣ ਦੇ ਪੱਖੋਂ ਕਈ ਗੰਭੀਰ ਖਾਮੀਆਂ ਹਨ, ਜਿਨ੍ਹਾਂ ਨੂੰ ਸਿੱਖ ਸੰਗਤ ਕਦੇ ਸਵੀਕਾਰ ਨਹੀਂ ਕਰ ਸਕਦੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਵੀ ਕਿਹਾ ਸੀ ਕਿ “ਗੁਰੂ ਸਾਹਿਬ ਨੂੰ ਐਨੀਮੇਸ਼ਨ ਰਾਹੀਂ ਦਰਸਾਉਣਾ ਸਿੱਖ ਮਰਯਾਦਾ ਦੀ ਖੁੱਲ੍ਹੀ ਉਲੰਘਣਾ ਹੈ”।
ਬਵੇਜਾ ਸਟੂਡੀਓ ਨੇ ਜਥੇਦਾਰ ਨੂੰ ਲਿਖੇ ਪੱਤਰ ਵਿੱਚ ਲਿਖਿਆ ਸੀ ਕਿ “ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਦੇ ਹਾਂ ਤੇ ਫਿਲਮ ਦੀ ਰਿਲੀਜ਼ ਫਿਲਹਾਲ ਰੋਕ ਦਿੱਤੀ ਹੈ। ਜੇਕਰ ਕੋਈ ਖਾਮੀਆਂ ਹਨ ਤਾਂ ਸਾਨੂੰ ਦੱਸੀਆਂ ਜਾਣ। ਉਨ੍ਹਾਂ ਨੇ ਸੰਗਤ ਨੂੰ ਵੀ ਸੋਸ਼ਲ ਮੀਡੀਆ ’ਤੇ ਸੂਚਿਤ ਕੀਤਾ ਹੈ।
ਯਾਦ ਰਹੇ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਗੁਰੂ ਸਾਹਿਬਾਨ ’ਤੇ ਫਿਲਮਾਂ ਵਿਵਾਦਾਂ ਵਿੱਚ ਫਸੀਆਂ ਹਨ।
2015 ਵਿੱਚ ‘ਨਾਨਕ ਸ਼ਾਹ ਫ਼ਕੀਰ’ ਨੂੰ ਵੀ ਰੋਕ ਦਿੱਤਾ ਗਿਆ ਸੀ।
2022 ਵਿੱਚ ‘ਦਾਸਤਾਨ-ਏ-ਸਰਹਿੰਦ’ ’ਤੇ ਵੀ ਇਤਰਾਜ਼ ਉਠੇ।
ਕੰਗਨਾ ਰਣੌਤ ਦੀ ‘ਐਮਰਜੈਂਸੀ’ ਵਿੱਚ ਵੀ ਸਿੱਖ ਅਕਸ ਨੂੰ ਗਲਤ ਦਰਸਾਉਣ ਦਾ ਦੋਸ਼ ਲੱਗਾ।
ਸਿੱਖ ਜਥੇਬੰਦੀਆਂ ਦਾ ਸਾਂਝਾ ਸਟੈਂਡ ਹੈ ਕਿ ਗੁਰੂ ਸਾਹਿਬਾਨ ਦਾ ਰੂਪ ਕਿਸੇ ਵੀ ਕਲਾਕਾਰ, ਐਨੀਮੇਸ਼ਨ ਜਾਂ ਏ.ਆਈ. ਰਾਹੀਂ ਨਹੀਂ ਬਣਾਇਆ ਜਾ ਸਕਦਾ। ਇਹ ਸਿੱਖ ਰਹਿਤ ਮਰਯਾਦਾ ਤੇ ਅਕਾਲ ਤਖ਼ਤ ਸਾਹਿਬ ਦੇ ਪੁਰਾਣੇ ਹੁਕਮਨਾਮਿਆਂ ਦੀ ਸਿੱਧੀ ਉਲੰਘਣਾ ਮੰਨਿਆ ਜਾਂਦਾ ਹੈ।
ਹੁਣ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਨਿਰਮਾਤਾ ਗੁਰੂ ਸਾਹਿਬਾਨ ਦੀ ਸ਼ਖਸੀਅਤ ਨੂੰ ਪਰਦੇ ’ਤੇ ਉਤਾਰਨ ਦੀ ਜੁਰਅਤ ਨਹੀਂ ਕਰੇਗਾ।

Loading