ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਹੈ…….

In ਖਾਸ ਰਿਪੋਰਟ
November 21, 2025

ਵਿਸ਼ੇਸ਼ ਰਿਪੋਰਟ
ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ

ਮਾਓਵਾਦੀ ਫੋਰਸਾਂ ਦਾ ਇੱਕ ਵੱਡਾ ਯੋਧਾ, ਗੁਰੀਲਾ ਜੰਗ ਦਾ ਰਣਨੀਤਕ ਮਾਹਰ ਅਤੇ ਬਸਤਰ ਦੇ ਜੰਗਲਾਂ ਦਾ ਹਰਮਨ ਪਿਆਰਾ ਜਰਨੈਲ ਮਾਦਵੀ ਹਿਡਮਾ 18 ਨਵੰਬਰ ਨੂੰ ਅੰਮ੍ਰਿਤ ਵੇਲੇ ਸੁਰੱਖਿਆ ਬਲਾਂ ਨਾਲ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉਸ ਦੇ ਨਾਲ ਉਸਦੇ ਦੂਜੀ ਪਤਨੀ ਰਾਜੇ ਵੀ ਜੋ ਇੱਕ ਟੀਚਰ ਵੀ ਸੀ ਅਤੇ ਚਾਰ ਹੋਰ ਸਾਥੀ ਇਸ ਮੁਕਾਬਲੇ ਵਿੱਚ ਮਾਰੇ ਗਏ ਹਨ। ਸਰਕਾਰ ਦੀਆਂ ਨਜ਼ਰਾਂ ਵਿੱਚ ਉਹ ਖੂੰਖਾਰ, ਭਿਆਨਕ,ਨਿਰਦਈ, ਜ਼ਾਲਮ, ਕਰੂਰ ਅੱਤਿਆਚਾਰੀ, ਖਤਰਨਾਕ ਤੇ ਬੇਰਹਿਮ ਸ਼ਬਦਾਂ ਨਾਲ ਯਾਦ ਕੀਤਾ ਜਾਂਦਾ ਸੀ ਜਦਕਿ ਜਨਤਕ ਤੇ ਮਾਨਵਤਾ ਦੇ ਇਤਿਹਾਸ ਵਿੱਚ ਉਹ ਤੇ ਉਹਨਾਂ ਦੇ ਸਾਥੀ ਆਉਣ ਵਾਲੇ ਕਲ ਦੇ ਸ਼ਹੀਦ ਆਖੇ ਜਾਣਗੇ। ਅਸਲ ਵਿੱਚ ਹਿਡਮਾ ਦੀ ਸ਼ਖਸ਼ੀਅਤ ਬਾਰੇ ਕਿਸੇ ਨੂੰ ਵੀ ਬਹੁਤਾ ਕੁਝ ਸਹੀ ਸਹੀ ਪਤਾ ਨਹੀਂ। ਜੇ ਕੁਝ ਥੋੜਾ ਬਹੁਤਾ ਪਤਾ ਵੀ ਹੈ ਤਾਂ ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਜਾਂ ਗ੍ਰਿਫਤਾਰ ਕੀਤੇ ਜਾਣ ਵਾਲੇ ਆਗੂਆਂ ਤੋਂ ਹੀ ਪਤਾ ਲੱਗਦਾ ਹੈ। ਉਹ ਮੀਡੀਆ ਤੋਂ ਦੂਰ ਰਹਿੰਦਾ ਸੀ ਅਤੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਜੰਗਲ ਦਾ ਏਡਾ ਵੱਡਾ ਮਾਓਵਾਦੀ ਕਮਾਂਡਰ ਅੱਜ ਤੱਕ ਕਿਸੇ ਵੀ ਪੱਤਰਕਾਰ ਨੂੰ ਨਹੀਂ ਮਿਲਿਆ। ਉਸ ਦੀ ਅਸਲ ਤਸਵੀਰ ਵੀ ਖੁਫੀਆ ਏਜੰਸੀਆਂ ਕੋਲ ਨਹੀਂ ਸੀ।
ਤਿਲੰਗਾਨਾ ਦੇ ਡੀਜੀਪੀ ਸ਼ਿਵਧਰ ਰੈਡੀ ਨੇ ਇੱਕ ਅਖਬਾਰ ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਹਿਡਮਾ ਦੀ ਮੌਤ ਦਾ ਮਤਲਬ ਮਾਓਵਾਦੀਆਂ ਦਾ ਮੁਕੰਮਲ ਖਾਤਮਾ ਹੈ। ਉਸਦੇ ਮੁਕਾਬਲੇ ਦਾ ਹੁਣ ਕੋਈ ਲੀਡਰ ਨਹੀਂ ਰਹਿ ਗਿਆ ਤੇ ਦੂਜੇ ਪਾਸੇ ਮਾਓਵਾਦੀਆਂ ਦਾ ਕੇਡਰ ਵੀ ਛੱਡਦਾ ਜਾ ਰਿਹਾ ਹੈ। ਮਾਓਵਾਦੀ ਸਿਧਾਂਤ ਪੂਰੀ ਤਰ੍ਹਾਂ ਅਸਫਲ ਸਿੱਧ ਹੋਇਆ ਹੈ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਹੁਣ ਲੋਕਾਂ ਦੀ ਜੰਗ ਰਾਹੀਂ ਲੋਕਾਂ ਦੀ ਸਰਕਾਰ ਕਾਇਮ ਕਰਨ ਦਾ ਮਿਸ਼ਨ ਸਮਾਪਤ ਹੋ ਗਿਆ ਹੈ।
ਮੇਰਾ ਮੰਨਣਾ ਹੈ ਕਿ ਸਰਕਾਰ ਜਾਂ ਪੁਲਿਸ ਭਾਵੇਂ ਕੋਈ ਵੀ ਦਾਅਵਾ ਕਰੇ ਪਰ ਦੁਨੀਆਂ ਦੀ ਕੋਈ ਵੀ ਹਥਿਆਰਬੰਦ ਲਹਿਰ ਅਮਨ ਕਾਨੂੰਨ ਦੀ ਸਮੱਸਿਆ ਹੀ ਨਹੀਂ ਹੁੰਦੀ। ਤਾਈਕਾਨ ਸਾਈਕੋਲੋਜੀਕਲ ਆਪਰੇਸ਼ਨ ਇਨ ਗੁਰੀਲਾ ਵਾਰਫੇਅਰ ਵਿੱਚ ਕਹਿੰਦਾ ਹੈ ਕਿ ਗੁਰੀਲਾ ਵਾਰਫੇਅਰ ਰਾਜਨੀਤਕ ਜੰਗ ਹੁੰਦੀ ਹੈ ਜਿਸ ਦਾ ਆਪਣਾ ਇੱਕ ਮਕਸਦ ਹੁੰਦਾ ਹੈ ਅਤੇ ਉਹ ਲੋਕਾਂ ਨਾਲ ਜੁੜੀ ਹੁੰਦੀ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਹਥਿਆਰਬੰਦ ਲਹਿਰ ਕਰੀਬ 4 ਦਹਾਕਿਆਂ ਤੋਂ ਵੀ ਉੱਪਰ ਚਲੀ ਜੋ 182 ਜ਼ਿਲਿਆਂ ਵਿੱਚ ਫੈਲੀ ਹੋਈ ਸੀ ਅਤੇ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਆਧਾਰ ਖੇਤਰ ਕੇਵਲ 11 ਜ਼ਿਲ੍ਹੇ ਹੀ ਰਹਿ ਗਏ ਹਨ।
ਦੋਸਤੋ, ਰਾਹੁਲ ਪਨਦਿੱਤਾ ਇੱਕ ਮਸ਼ਹੂਰ ਪੱਤਰਕਾਰ ਹੈ ਜਿਸ ਨੇ ਆਪਣੀ ਪੁਸਤਕ:ਹੈਲੋ ਬਸਤਰ-ਦਾ ਅਨਟੋਲਡ ਸਟੋਰੀ ਆਫ ਇੰਡੀਆ ਮਾਓਇਸਟ ਮੂਵਮੈਂਟ ਵਿੱਚ ਇਸ ਲਹਿਰ ਬਾਰੇ ਨਿਰਪੱਖ ਜਾਣਕਾਰੀ ਦਿੱਤੀ ਹੈ ਅਤੇ ਇਹ ਦੱਸਿਆ ਹੈ ਕਿ ਇਹ ਮਾਓਵਾਦੀ ਪਾਰਟੀ ਦਾ ਢਾਂਚਾ ਕਿਹੋ ਜਿਹਾ ਸੀ,ਭਰਤੀ ਕਿਸ ਤਰ੍ਹਾਂ ਦੀ ਹੁੰਦੀ ਸੀ,ਉਹਨਾਂ ਦਾ ਅੰਤਿਮ ਮਕਸਦ ਕੀ ਸੀ,ਉਹਨਾਂ ਨੂੰ ਫੰਡ ਕਿਥੋਂ ਮਿਲਦੇ ਸਨ,ਉਹਨਾਂ ਦਾ ਅਰਬਨ ਏਜੰਡਾ ਦਿੱਲੀ ਮੁੰਬਈ ਚਹਿਨਾਈ ਤੱਕ ਫੈਲਿਆ ਹੋਇਆ ਸੀ ਅਤੇ ਉਨਾਂ ਦੇ ਚਲਦੇ ਫਿਰਦੇ ਹਸਪਤਾਲ ਵੀ ਸਨ।
ਹਿਡਮਾ ਦੇ ਤੁਰ ਜਾਣ ਨਾਲ ਪਹਿਲਾਂ ਹੀ ਕਮਜ਼ੋਰ ਹੋ ਗਈ ਮਾਓਵਾਦੀ ਲਹਿਰ ਹੁਣ ਲਗਭਗ ਆਪਣੇ ਆਖਰੀ ਸਾਹਾਂ ਉੱਤੇ ਹੈ। ਸਰਕਾਰ ਨੇ ਇੱਕ ਦਾਅਵਾ ਕੀਤਾ ਸੀ ਕਿ ਹਿਡਮਾ ਨੂੰ 30 ਨਵੰਬਰ 2025 ਤੱਕ ਜਿਉਂਦਾ ਜਾਂ ਮੁਰਦਾ ਕਰਾਰ ਦਿੱਤਾ ਜਾ ਸਕਦਾ ਹੈ। ਪਰ ਇਹ ਇਤਫਾਕ ਹੀ ਹੈ ਕਿ ਉਸ ਨੂੰ ਇਸ ਤਰੀਕ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ।
ਦੋਸਤੋ,ਹਥਿਆਰਬੰਦ ਲਹਿਰਾਂ ਦਾ ਅੰਤ ਵੀ ਡੂੰਘੇ ਅਤੇ ਅਭੁੱਲ ਯਾਦਾਂ ਦੀ ਇੱਕ ਦਾਸਤਾਨ ਹੈ। ਜਦੋਂ ਇਹੋ ਜਿਹੀਆਂ ਲਹਿਰਾਂ ਡਿੱਗਦੀਆਂ ਹਨ ਤਾਂ ਸਮਾਜ ਅਤੇ ਇਨਕਲਾਬੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਲਈ ਇੱਕ ਸਦੀਵੀ ਪੀੜ ਛੱਡ ਜਾਂਦੀਆਂ ਹਨ। ਤੁਹਾਡੇ ਪੱਤਰਕਾਰ ਨੇ ਦੋ ਲਹਿਰਾਂ- ਨਕਸਲੀ ਲਹਿਰ ਤੇ ਜੁਝਾਰੂ ਲਹਿਰ ਦੇ ਪਤਨ ਦੀਆਂ ਉਦਾਸ ਸ਼ਾਮਾਂ ਨੂੰ ਵੇਖਿਆ ਤੇ ਮਹਿਸੂਸ ਕੀਤਾ ਹੈ। ਪਰ ਇੱਕ ਅਧਿਅਨ ਮੁਤਾਬਕ ਦੂਜੀ ਵਿਸ਼ਵ ਜੰਗ ਮਗਰੋਂ ਕਰੀਬ 50 ਹਥਿਆਰਬੰਦ ਇਨਕਲਾਬ ਸਫਲ ਹੋਏ ਹਨ ਜਿਨਾਂ ਵਿੱਚ ਇੱਕ ਵੀਅਤਨਾਮ ਤੇ ਆਇਰਲੈਂਡ ਸ਼ਾਮਿਲ ਹਨ। ਸਾਡੇ ਕੋਲ ਮਾਓਵਾਦੀ ਹਲਕਿਆਂ ਅਤੇ ਉਨ੍ਹਾਂ ਦੀ ਬਚ ਗਈ ਲੀਡਰਸ਼ਿਪ ਵੱਲੋਂ ਵਰਤਮਾਨ ਹਾਲਾਤ ਬਾਰੇ ਕੋਈ ਬਿਆਨ ਨਹੀਂ ਆ ਰਿਹਾ। ਇਸ ਲਈ ਇੱਕ ਪਾਸੜ ਸਰਕਾਰੀ ਦਾਅਵਿਆਂ ਉੱਤੇ ਹੀ ਸਾਨੂੰ ਨਿਰਭਰ ਹੋਣਾ ਪੈ ਰਿਹਾ ਹੈ। ਪਰ ਤਾਜ਼ਾ ਖਬਰਾਂ ਮੁਤਾਬਕ ਆਂਧਰਾ ਤੇ ਤਿਲੰਗਾਨਾ ਇਕਾਈਆਂ ਦੇ ਪੀਪਲਜ਼ ਯੂਨੀਅਨ ਆਫ ਸਿਵਿਲ ਲਿਬਰਟੀਜ਼ ਅਤੇ ਨਿਊ ਡੈਮੋਕਰੇਸੀ ਜਥੇਬੰਦੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਸਮੇਂ ਉੱਚ ਕੋਟੀ ਦੇ ਮਾਓਵਾਦੀ ਦੇਵਾ ਜੀ ਪੁਲਿਸ ਹਿਰਾਸਤ ਵਿੱਚ ਹਨ ਅਤੇ ਕਿਸੇ ਝੂਠੇ ਮੁਕਾਬਲੇ ਵਿੱਚ ਉਸ ਨੂੰ ਮਾਰਿਆ ਵੀ ਜਾ ਸਕਦਾ ਹੈ। ਜੇ ਇਹ ਆਗੂ ਸੱਚਮੁੱਚ ਪੁਲਿਸ ਹਿਰਾਸਤ ਵਿੱਚ ਹੈ ਤਾਂ ਸੀਪੀਆਈ ਮਾਓਵਾਦੀ ਪਾਰਟੀ ਨੂੰ ਇੱਕ ਵੱਡਾ ਧੱਕਾ ਲੱਗੇਗਾ ਕਿਉਂਕਿ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਆਗੂ ਖਿੰਡ ਰਹੀ ਪਾਰਟੀ ਨੂੰ ਮੁੜ ਜਥੇਬੰਦ ਕਰ ਸਕਣ ਦੀ ਯੋਗਤਾ ਰੱਖਦਾ ਹੈ। ਪਰ ਦੂਜੇ ਪਾਸੇ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਦੇਵਾ ਜੀ ਸਾਡੀ ਹਿਰਾਸਤ ਵਿੱਚ ਨਹੀਂ ਹਨ।
ਹਿਡਮਾ ਦੀ ਚੜ੍ਹਤ ਵੀ ਹੈਰਾਨ ਕਰਨ ਵਾਲੀ ਹੈ। ਉਸ ਦਾ ਜਨਮ 1980 ਵਿੱਚ ਹੋਇਆ। 16 ਸਾਲ ਦੀ ਉਮਰ ਵਿੱਚ ਹੀ ਉਹ ਮਾਓਵਾਦੀ ਫੌਜ ਵਿੱਚ ਸ਼ਾਮਿਲ ਹੋ ਗਿਆ ਸੀ। ਪੰਜ ਫੁੱਟ ਪੰਜ ਇੰਚ ਕੱਦ ਵਾਲਾ ਸਾਂਵਲੇ ਰੰਗ ਦਾ ਇਹ ਫਰਤੀਲਾ ਨੌਜਵਾਨ ਜੰਗਲਾਂ ਦੇ ਚੱਪੇ ਚੱਪੇ ਦਾ ਜਾਣੂ ਸੀ। ਉਹ ਆਦਿਵਾਸੀ ਸੀ ਤੇ ਉਹ ਆਪਣੇ ਲੋਕਾਂ ਵਿੱਚ ਇਸ ਹੱਦ ਤੱਕ ਪ੍ਰਸਿੱਧ ਹੋ ਗਿਆ ਸੀ ਕਿ ਉਸ ਬਾਰੇ ਕਈ ਤਰ੍ਹਾਂ ਦੀਆਂ ਮਿੱਥਾਂ ਪੈਦਾ ਹੋ ਗਈਆਂ ਸਨ ਅਤੇ ਇਹ ਕਿਹਾ ਜਾਣ ਲੱਗਾ ਕਿ ਉਸ ਪਿੱਛੇ ਅਲੌਕਿਕ ਤਾਕਤਾਂ ਦਾ ਹੱਥ ਹੈ, ਜਿਸ ਦਾ ਮਤਲਬ ਇਹ ਹੈ ਕਿ ਉਹ ਫੜਿਆ ਹੀ ਨਹੀਂ ਜਾ ਸਕਦਾ। ਅਸਲ ਵਿੱਚ 12 ਸਾਲ ਦੀ ਉਮਰ ਵਿੱਚ ਹੀ ਆਦਿਵਾਸੀ ਮੁੰਡੇ ਕੁੜੀਆਂ ਦੀ ਮਾਓਵਾਦੀ ਪਾਰਟੀ ਵਿੱਚ ਭਰਤੀ ਹੋ ਜਾਂਦੀ ਸੀ। ਸੁਰੱਖਿਆ ਬਲਾਂ ਨਾਲ ਉਸ ਨੇ ਕਰੀਬ 26 ਮੁਕਾਬਲਿਆਂ ਵਿੱਚ ਆਪਣੀ ਫੋਰਸ ਦੀ ਅਗਵਾਈ ਕੀਤੀ ਅਤੇ ਇਹਨਾਂ ਮੁਕਾਬਲਿਆਂ ਵਿੱਚ 250 ਦੇ ਕਰੀਬ ਸੁਰੱਖਿਆ ਬਲਾਂ ਦੇ ਜਵਾਨ ਮਾਰੇ ਗਏ। ਇੱਕ ਮੁਕਾਬਲੇ ਵਿੱਚ ਤਾਂ ਛਤੀਸਗੜ੍ਹ ਦੀ ਕਾਂਗਰਸ ਲੀਡਰਸ਼ਿਪ ਦਾ ਮੁਕੰਮਲ ਤੌਰ ’ਤੇ ਖਾਤਮਾ ਹੋ ਗਿਆ ਸੀ ਜਿਸ ਵਿੱਚ ਵਿਦਿਆ ਚਰਨ ਸ਼ੁਗਲਾ ਵੀ ਸ਼ਾਮਿਲ ਸਨ। ਦੰਤੇਵਾੜ ਮੁਕਾਬਲੇ ਵਿੱਚ 76 ਸੁਰੱਖਿਆ ਬਲਾਂ ਦੇ ਜਵਾਨ ਮਾਰੇ ਗਏ ਸਨ।
ਹਿਡਮਾ ਦੀ ਰੂਪੋਸ਼ ਯਾਤਰਾ ਕਰੀਬ ਕਰੀਬ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਸੁਖਦੇਵ ਸਿੰਘ ਬੱਬਰ ਨਾਲ ਮਿਲਦੀ ਜੁਲਦੀ ਹੈ ਕਿਉਂਕਿ ਗੁਰਜੰਟ ਨੂੰ ਮਿਲਣ ਲਈ ਵੀ ਤੁਹਾਨੂੰ ਕਈ ਪਰਤਾਂ ਵਿੱਚੋਂ ਗੁਜ਼ਰਨਾ ਪੈਂਦਾ ਸੀ। ਜਿੱਥੋਂ ਤੱਕ ਸੁਖਦੇਵ ਸਿੰਘ ਬੱਬਰ ਦਾ ਸਬੰਧ ਹੈ ਕਈ ਸਾਲ ਦੀ ਘਾਲਣਾ ਪਿੱਛੋਂ ਹੀ ਬਲਵਿੰਦਰ ਸਿੰਘ ਜਟਾਣਾ ਰਾਹੀਂ ਹੀ ਮੈਂ ਉਸ ਨੂੰ ਮਿਲ ਸਕਿਆ ਸੀ। ਇਹ ਦੋਵੇਂ ਜੁਝਾਰੂ ਕਦੇ ਵੀ ਮੀਡੀਆ ਸਾਹਮਣੇ ਨਹੀਂ ਸੀ ਆਏ ਅਤੇ ਗੁਰਜੰਟ ਬਾਰੇ ਵੀ ਇਹ ਗੱਲ ਮਸ਼ਹੂਰ ਹੋ ਗਈ ਸੀ ਕਿ ਅਦਿੱਖ ਤਾਕਤਾਂ ਉਸਦੀ ਸਹਾਇਤਾ ਕਰਦੀਆਂ ਹਨ। ਹਿਡਮਾ ਵਾਂਗ ਦੋਹਾਂ ਖਾੜਕੂਆਂ ਦੇ ਵੀ ਕਈ ਰੂਪੋਸ਼ ਨਾਂਅ ਜੁਝਾਰੂ ਹਲਕਿਆਂ ਵਿੱਚ ਚਲਦੇ ਸਨ ਅਤੇ ਉਹਨਾਂ ਬਾਰੇ ਕਈ ਅਣਸੁਣੇ ਕਿਸੇ ਵੀ ਦੱਸੇ ਜਾਂਦੇ ਸਨ।
ਦੋਸਤੋ, ਹਿਡਮਾ ਦੀ ਪੜ੍ਹਾਈ ਲਿਖਾਈ ਬਾਰੇ ਵੀ ਇੱਕ ਦੂਜੇ ਨਾਲ ਟਕਰਾਉਂਦੀਆਂ ਖਬਰਾਂ ਮਿਲਦੀਆਂ ਹਨ। ਇੱਕ ਖਬਰ ਮੁਤਾਬਕ ਉਹ ਅੱਠਵੀਂ ਜਮਾਤ ਤੱਕ ਹੀ ਪੜਿ੍ਹਆ ਸੀ ਜਦਕਿ ਇਹ ਖਬਰਾਂ ਵੀ ਮਿਲਦੀਆਂ ਹਨ ਕਿ ਉਹ ਦਸਵੀਂ ਫੇਲ ਸੀ। ਪਰ ਕੁਝ ਵੀ ਹੋਵੇ ‘ਜੰਗਲਾਂ ਦੀ ਪੜ੍ਹਾਈ’ ਵਿੱਚ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਉਸ ਦਾ ਰਾਜਨੀਤਿਕ ਗੁਰੂ ਰਮੰਨਾ ਸੀ ਪਰ ਇੱਕ ਹੋਰ ਖਬਰ ਮੁਤਾਬਕ ਚੱਲਪਤੀ ਉਸ ਦਾ ਰਾਜਨੀਤਿਕ ਗੁਰੂ ਸੀ।
ਬਸਤਰ ਦੇ ਦੱਖਣੀ ਇਲਾਕੇ ਦੇ ਡੀਆਈਜੀ ਕੰਮਲੋਚਨ ਕਛਪ ਦਾ ਕਹਿਣਾ ਸੀ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਹ ਸਾਡੇ ਲਈ ਨੇਮੇਸਿਸ ਦੀ ਤਰ੍ਹਾਂ ਸੀ ਜਿਸ ਦਾ ਮਤਲਬ ਸੀ ਕਿ ਹਿਡਮਾ ਨੂੰ ਜਿਉਂਦਾ ਜਾਂ ਮੁਰਦਾ ਫੜਨਾ ਲਗਭਗ ਅਸੰਭਵ ਹੀ ਹੈ। ਨੀਮੇਸਸ ਯੂਨਾਨੀ ਮਿਥ ਦੀ ਇੱਕ ਦੇਵੀ ਹੈ ਜੋ ਘਮੰਡ ਅਤੇ ਅਹੰਕਾਰ ਦਿਖਾਉਣ ਵਾਲਿਆਂ ਤੋਂ ਬਦਲਾ ਲੈਂਦੀ ਹੈ। ਸਰਲ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਇੱਕ ਅਜਿਹਾ ਨਾਇਕ ਜਾਂ ਵਿਰੋਧੀ ਜਾਂ ਦੁਸ਼ਮਣ ਜੋ ਫੌਜ ਦੇ ਸਾਹਮਣੇ ਗੰਭੀਰ ਚੁਣੌਤੀਆਂ ਪੇਸ਼ ਕਰ ਸਕਦਾ ਹੈ ਅਤੇ ਫੌਜ ਤੋਂ ਸਦਾ ਹੀ ਇੱਕ ਕਦਮ ਅੱਗੇ ਹੁੰਦਾ ਹੈ।
ਹਿਡਮਾ ਦਾ ਏ.ਕੇ.47 ਨਾਲ ਇੱਕ ਤਰ੍ਹਾਂ ਨਾਲ ਇਸ਼ਕ ਸੀ। ਉਹ 150 ਤੋਂ 250 ਮਾਓਵਾਦੀ ਫੌਜੀਆਂ ਦੀ ਅਗਵਾਈ ਕਰਦਾ ਸੀ। ਉਹ ਵੱਡੇ ਵੱਡੇ ਇਕੱਠਾਂ ਵਿੱਚ ਕਦੇ ਨਹੀਂ ਸੀ ਜਾਂਦਾ। ਮਾਓਵਾਦੀ ਪਾਰਟੀ ਦੀ ਸਭ ਤੋਂ ਉੱਚੀ ਪੱਧਰ ਦੀ ਫੈਸਲਾਕੁਨ ਸੰਸਥਾ ਯਾਨੀ ਸੈਂਟਰਲ ਕਮੇਟੀ ਦਾ ਉਹ ਮੈਂਬਰ ਸੀ ਅਤੇ ਉਹ ਇੱਕੋ ਇੱਕ ਆਦਿਵਾਸੀ ਤੇ ਸਭ ਤੋਂ ਘੱਟ ਉਮਰ ਵਾਲਾ ਮੈਂਬਰ ਸੀ ਜਿਸ ਨੂੰ ਇਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਸੈਂਟਰਲ ਕਮੇਟੀ ਵਿੱਚ ਆਦਿ ਵਾਸੀਆਂ ਨੂੰ ਮੈਂਬਰ ਨਹੀਂ ਸੀ ਲਿਆ ਜਾਂਦਾ।
ਹਿਡਮਾ ਦੇ ਪਿੰਡ ਦਾ ਨਾਂ ਪੁਰਵਤੀ ਹੈ। ਇਹ ਪਿੰਡ ਛੱਤੀਸਗੜ੍ਹ ਸੂਬੇ ਵਿੱਚ ਪੈਂਦਾ ਹੈ। ਦਿਲਚਸਪ ਖਬਰ ਇਹ ਹੈ ਕਿ ਇਸ ਪਿੰਡ ਨੇ ਘੱਟੋ ਘੱਟ 24 ਵਲੰਟੀਅਰ ਮਾਓਵਾਦੀ ਫੌਜ ਨੂੰ ਦਿੱਤੇ ਹਨ ਅਤੇ ਇਹ ਪਿੰਡ ਨਕਸਲੀਆਂ ਦੀ ਨਰਸਰੀ ਕਿਹਾ ਜਾਂਦਾ ਹੈ। ਇਸ ਪਿੰਡ ਵਿੱਚ ਜਾਂ ਨਾਲ ਲੱਗਦੇ ਇਲਾਕੇ ਵਿੱਚ ਨਕਸਲੀਆਂ ਦੀ ਫੌਜੀ ਟ੍ਰੇਨਿੰਗ ਹੋਇਆ ਕਰਦੀ ਸੀ ਅਤੇ ਜਾਂ ਉਹਨਾਂ ਨੂੰ ਵਿਚਾਰਧਾਰਕ ਤੌਰ ’ਤੇ ਲੈਸ ਕੀਤਾ ਜਾਂਦਾ ਸੀ। ਹਿਡਮਾ ਦੇ ਸਿਰ ਦਾ ਇਨਾਮ ਇੱਕ ਕਰੋੜ ਰੁਪਏ ਰੱਖਿਆ ਗਿਆ ਸੀ। ਉਹ ਅਕਸਰ ਆਪਣੀ ਥਾਂ ਬਦਲਦਾ ਰਹਿੰਦਾ ਸੀ। ਜਦੋਂ ਵੀ ਸੁਰੱਖਿਆ ਬਲਾਂ ਨੂੰ ਕੋਈ ਖਬਰ ਮਿਲਦੀ ਕਿ ਉਹ ਵੀਹ ਮੀਲ ਦੇ ਘੇਰੇ ਵਿੱਚ ਕਿਸੇ ਥਾਂ ’ਤੇ ਰਹਿੰਦਾ ਹੈ ਤਾਂ ਸੁਰੱਖਿਆ ਬਲਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਥਾਂ ਛੱਡ ਦਿੰਦਾ ਸੀ। ਸੁਰੱਖਿਆ ਬਲਾਂ ਦਾ ਇੱਥੇ ਪਹੁੰਚਣਾ ਇੱਕ ਤਰ੍ਹਾਂ ਨਾਲ ਮੌਤ ਨੂੰ ਸੱਦਾ ਦੇਣਾ ਸੀ ਕਿਉਂਕਿ ਜੰਗਲ ਬਹੁਤ ਸੰਘਣਾ ਸੀ ਅਤੇ ਸੁਰੱਖਿਆ ਬਲਾਂ ਨੂੰ ਇੱਕ ਸਮੇਂ ਜੰਗਲਾਂ ਬਾਰੇ ਬਹੁਤੀ ਜਾਣਕਾਰੀ ਵੀ ਨਹੀਂ ਸੀ।
ਦੋਸਤੋ, ਭਾਵੇਂ ਹਿਡਮਾ ਦੇ ਪਿੰਡ ਤੱਕ ਕਿਸੇ ਬਾਹਰਲੇ ਬੰਦੇ ਦਾ ਜਾਣਾ ਬਹੁਤ ਹੀ ਮੁਸ਼ਕਿਲ ਸੀ ਪਰ ਇੱਕ ਦਿਨ ਛਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਦਲੇਰੀ ਕੀਤੀ ਤੇ ਇਕੱਲਾ ਹੀ ਸੰਘਣੇ ਜੰਗਲਾਂ ਵਿੱਚ ਮੋਟਰਸਾਈਕਲ ਚਲਾਉਂਦਾ ਹੋਇਆ ਪੁਰਵਤੀ ਪਿੰਡ ਪਹੁੰਚ ਗਿਆ। ਉਹ ਹਿਡਮਾ ਦੀ ਮਾਂ ਨੂੰ ਮਿਲਿਆ ਤੇ ਉਸ ਨਾਲ ਕੁਝ ਗੱਲਾਂ ਕੀਤੀਆਂ ਕਿ ਉਹ ਉਸ ਨੂੰ ਕਹੋ ਕਿ ਹਿਡਮਾ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਜਾਵੇ। ਗੋਹੇ ਮਿੱਟੀ ਨਾਲ ਲਿਪੇ ਕੱਚੇ ਵਿਹੜੇ ਉੱਤੇ ਮੰਜੀ ਡਾਹ ਕੇ ਬੈਠੀ ਮਾਂ ਨੇ ਉਸ ਨਾਲ ਕੁਝ ਗੱਲਾਂ ਕੀਤੀਆਂ। ਮਾਂ ਦੀਆਂ ਅੱਖਾਂ ਵਿੱਚ ਅੱਥਰੂ ਸਨ ਜਿਵੇਂ ਕਿ ਸੰਸਾਰ ਭਰ ਦੇ ਇਨਕਲਾਬੀਆਂ ਦੀਆਂ ਮਾਵਾਂ ਦੀ ਇਹੋ ਜਿਹੇ ਸਮਿਆਂ ਵਿੱਚ ਹਾਲਤ ਹੁੰਦੀ ਹੈ। ਉਪ ਮੁੱਖ ਮੰਤਰੀ ਨੇ ਐਨ.ਡੀ. ਟੀ.ਵੀ. ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮਾਂ ਘੜੀ ਮੁੜੀ ਇਹੋ ਕਹਿੰਦੀ ਸੀ ਕਿ ਮੇਰੇ ਬੱਚੇ ਘਰ ਪਰਤ ਆ, ਤੂੰ ਕਿੱਥੇ ਹੈ, ਆਪਾਂ ਇਥੇ ਹੀ ਕੰਮ ਕਰਕੇ ਗੁਜ਼ਾਰਾ ਕਰ ਲਿਆ ਕਰਾਂਗੇ, ਲੋਕਾਂ ਦੇ ਨਾਲ ਆ ਕੇ ਰਹਿ। ਮਾਂ ਨੇ ਇਹ ਵੀ ਦੱਸਿਆ ਕਿ ਹਿਡਮਾ ਜਾਣ ਲੱਗਿਆਂ ਇਹੋ ਆਖ ਕੇ ਗਿਆ ਸੀ ਕਿ ਮਾਂ,ਮੈਂ ਲੋਕਾਂ ਲਈ ਲੜਨ ਜਾ ਰਿਹਾ ਹਾਂ। ਪਰ ਮਾਂ ਦਾ ਕਹਿਣਾ ਸੀ ਕਿ ਸਾਨੂੰ ਕੀ ਮਿਲਿਆ,ਖੂਨ ਤੇ ਇਕੱਲਤਾ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪਿੰਡ ਵਾਲਿਆਂ ਨੇ ਬਕਾਇਦਾ ਮੇਰੇ ਲਈ ਖਾਣਾ ਤਿਆਰ ਕੀਤਾ । ਮੰਤਰੀ ਨੇ ਬਥੇਰਾ ਪਿੰਡ ਵਾਸੀਆਂ ਨੂੰ ਕਿਹਾ ਕਿ ਮਾਓਵਾਦੀ ਆਤਮ ਸਮਰਪਣ ਕਰ ਦੇਣ ਅਤੇ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਜਾਣ। ਪਰ ਸੁਰਜੀਤ ਪਾਤਰ ਦੀ ਕਵਿਤਾ ਮੁਤਾਬਿਕ ਹੁਣ ਘਰਾਂ ਨੂੰ ਪਰਤਣਾ ਮੁਸ਼ਕਿਲ ਹੈ।

Loading