ਚੰਡੀਗੜ੍ਹ/ਟੋਰਾਂਟੋ/ਏ.ਟੀ.ਨਿਊਜ਼: ਪਹਿਲਾਂ ਤਾਂ ਗੱਲ ਇਹ ਸੀ ਕਿ ਪੰਜਾਬ, ਹਰਿਆਣਾ, ਗੁਜਰਾਤ ਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦਾ ਸੁਪਨਾ ਹੁੰਦਾ ਸੀ – “ਕੈਨੇਡਾ ਜਾ ਕੇ ਪੜ੍ਹਾਂਗੇ, ਨੌਕਰੀ ਕਰਾਂਗੇ ਤੇ ਪੱਕੇ ਹੋ ਜਾਵਾਂਗੇ।” ਪਰ ਹੁਣ ਉਹੀ ਕੈਨੇਡਾ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ 71 ਫੀਸਦੀ ਤੱਕ ਰੱਦ ਕਰ ਰਿਹਾ ਹੈ। 2023 ਵਿੱਚ ਭਾਰਤੀ ਵਿਦਿਆਰਥੀਆਂ ਨੂੰ 2 ਲੱਖ 22 ਹਜ਼ਾਰ ਤੋਂ ਵੱਧ ਸਟੱਡੀ ਪਰਮਿਟ ਮਿਲੇ ਸਨ। 2025 ਦੇ ਪਹਿਲੇ 8 ਮਹੀਨਿਆਂ ਵਿੱਚ ਸਿਰਫ਼ 9,955 ਭਾਰਤੀਆਂ ਨੂੰ ਵਰਕ ਪਰਮਿਟ ਮਿਲੇ। ਮਤਲਬ 95% ਤੋਂ ਵੱਧ ਦੀ ਕਮੀ!
ਸਿਰਫ਼ ਅਗਸਤ ਮਹੀਨੇ ਦੀ ਗੱਲ ਕਰੀਏ: 2023 ਵਿੱਚ 19,175 ਭਾਰਤੀਆਂ ਨੇ ਅਪਲਾਈ ਕੀਤਾ ਸੀ, 2025 ਵਿੱਚ ਸਿਰਫ਼ 3,920। ਯਾਨੀ 80% ਅਰਜ਼ੀਆਂ ਘਟ ਗਈਆਂ ਹਨ।
ਰਿਜੈਕਸ਼ਨ ਰੇਟ: ਜਨਵਰੀ 2025 ਤੋਂ ਅਗਸਤ 2025 ਤੱਕ ਭਾਰਤੀਆਂ ਦਾ 71% ਵੀਜ਼ੇ ਰੱਦ ਹੋਏ ਹਨ, ਜਦਕਿ ਦੁਨੀਆਂ ਭਰ ਦਾ ਔਸਤ 58% ਹੈ।
ਰੱਦ ਹੋਣ ਦੇ ਮੁੱਖ ਕਾਰਨ
- ਜਿਹੜੇ ਪੜ੍ਹਨ ਨਹੀਂ ਆਏ, ਸਿਰਫ਼ ਕੈਨੇਡਾ ਸੈਟਲ ਹੋਣਾ ਚਾਹੁੰਦੇ ਹਨ।”
*ਹੁਣ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦਿਖਾਉਣੇ ਪੈਂਦੇ ਨੇ। ਪਹਿਲਾਂ 10-12 ਲੱਖ ਦਿਖਾ ਕੇ ਚੱਲ ਜਾਂਦਾ ਸੀ, ਹੁਣ 20-25 ਲੱਖ ਤੋਂ ਘੱਟ ਹੋਵੇ ਤਾਂ ਸਿੱਧਾ ਵੀਜਾ ਰੱਦ।
ਹੋਰ ਕਾਰਨ – ਜਿਵੇਂ ਫਰਾਡ ਲੈਟਰ ਆਫ ਐਕਸੈਪਟੈਂਸ , ਫਰਜ਼ੀ ਬੈਂਕ ਸਟੇਟਮੈਂਟ, ਪਹਿਲਾਂ ਵੀਜ਼ਾ ਰੱਦ ਹੋਇਆ ਹੋਵੇ ਆਦਿ।
ਕੈਨੇਡਾ ਨੇ ਨਿਯਮ ਕਿਉਂ ਸਖ਼ਤ ਕੀਤੇ?
ਪਹਿਲਾਂ ਬਹੁਤ ਸਾਰੇ ਬੱਚੇ ਛੋਟੇ-ਮੋਟੇ ਪ੍ਰਾਈਵੇਟ ਕਾਲਜਾਂ ਵਿੱਚ ਜਾਂਦੇ ਸਨ, ਜਿੱਥੇ ਪੜ੍ਹਾਈ ਦਾ ਨਾਂ ਨਿਸ਼ਾਨ ਨਹੀਂ ਸੀ, ਸਿਰਫ਼ ਪੇਪਰ ਕਰਵਾ ਕੇ ਪੀ.ਆਰ. ਦਾ ਰਾਹ ਲੱਭਦੇ ਸਨ।
ਫਰਾਡ ਬਹੁਤ ਵਧ ਗਿਆ – ਫਰਜ਼ੀ ਏਜੰਟ, ਫਰਜ਼ੀ ਅਡਮਿਸ਼ਨ ਲੈਟਰ, ਫਰਜ਼ੀ ਫੰਡ।
ਕੈਨੇਡਾ ਵਿੱਚ ਘਰ ਦੇ ਕਿਰਾਏ ਦੀ ਭਾਰੀ ਕਿੱਲਤ, ਮਹਿੰਗਾਈ, ਬੇਰੁਜ਼ਗਾਰੀ ਹੈ। ਸਰਕਾਰ ਨੂੰ ਲੱਗਿਆ ਕਿ ਹੁਣ ਇੰਨੇ ਸਾਰੇ ਵਿਦੇਸ਼ੀ ਵਿਦਿਆਰਥੀ ਝੱਲੇ ਨਹੀਂ ਜਾ ਸਕਦੇ।
2026 ਲਈ ਸਟੱਡੀ ਪਰਮਿਟ ਦਾ ਕੋਟਾ 3 ਲੱਖ 5 ਹਜ਼ਾਰ ਤੋਂ ਘਟਾ ਕੇ 1 ਲੱਖ 55 ਹਜ਼ਾਰ ਕਰ ਦਿੱਤਾ। ਮਤਲਬ ਅੱਧਾ ਵੀ ਨਹੀਂ ਬਚਿਆ!
ਪੰਜਾਬੀ ਬੱਚਿਆਂ ’ਤੇ ਕਿੰਨਾ ਅਸਰ ਪਿਆ?
ਪੰਜਾਬ ਤੇ ਗੁਜਰਾਤ ਤੋਂ ਸਭ ਤੋਂ ਵੱਧ ਬੱਚੇ ਜਾਂਦੇ ਸਨ। ਹੁਣ ਪਾਬੰਦੀਆਂ ਕਾਰਨ ਏਜੰਟਾਂ ਦਾ ਧੰਦਾ ਠੱਪ ਹੋ ਚੁੱਕਾ ਹੈ। ਜਿਹਨਾਂ ਲੱਖਾਂ ਰੁਪਏ ਖਰਚ ਕੇ ਫਾਈਲ ਲਗਾਈ, ਉਹ ਰੱਦ ਹੋ ਰਹੇ ਨੇ।
ਪਿੰਡਾਂ ਵਿੱਚ ਲੋਨ ਲੈ ਕੇ, ਖੇਤ ਵੇਚ ਕੇ ਪੈਸੇ ਲਾਏ ਸਨ, ਹੁਣ ਉਹ ਵੀ ਡੁੱਬ ਗਏ ਹਨ।
ਜਿਹੜੇ ਪਹਿਲਾਂ ਗਏ ਹੋਏ ਨੇ, ਉਹ ਵੀ ਪਰੇਸ਼ਾਨ ਨੇ – ਪੀ.ਆਰ. ਦਾ ਰਾਹ ਬੰਦ ਹੋ ਰਿਹਾ ਹੈ, ਵਰਕ ਪਰਮਿਟ ਮੁਸ਼ਕਲ ਹੈ, ਪੜ੍ਹਾਈ ਖਤਮ ਹੋਣ ਤੋਂ ਬਾਅਦ ਵਾਪਸ ਆਉਣਾ ਪੈ ਸਕਦਾ ਹੈ।
ਮਾਹਿਰ ਕੀ ਕਹਿ ਰਹੇ ਨੇ?
ਟੋਰਾਂਟੋ ਦੀ ਪ੍ਰੋਫੈਸਰ ਊਸ਼ਾ ਜਾਰਜ ਕਹਿੰਦੀ ਹੈ ਕਿ“ਇਹ ਕੋਈ ਭਾਰਤ-ਕੈਨੇਡਾ ਝਗੜੇ ਕਾਰਨ ਨਹੀਂ ਹੋ ਰਿਹਾ। ਇਹ ਕੈਨੇਡਾ ਦੀ ਆਪਣੀ ਸਮੱਸਿਆ ਹੈ – ਘਰ ਨਹੀਂ ਮਿਲ ਰਹੇ, ਨੌਕਰੀਆਂ ਨਹੀਂ ਹਨ। ਸਿਰਫ਼ ਚੰਗੇ ਯੂਨੀਵਰਸਿਟੀ/ਕਾਲਜ ਚੁਣੋ ਜਿੱਥੇ ਅਸਲ ਪੜ੍ਹਾਈ ਹੁੰਦੀ ਹੋਵੇ। ਪੈਸੇ ਪੂਰੇ ਦਿਖਾਓ, ਫਰਜ਼ੀ ਕਾਗਜ਼ ਨਾ ਚਲਾਓ।
ਸਟੇਟਮੈਂਟ ਆਫ ਪਰਪਜ਼ ਬੜਾ ਮਜ਼ਬੂਤ ਲਿਖੋ ਕਿ ਤੁਸੀਂ ਅਸਲ ਵਿੱਚ ਪੜ੍ਹਨਾ ਚਾਹੁੰਦੇ ਓ, ਪੱਕੇ ਹੋਣ ਨਹੀਂ ਆਏ।
ਜੇਕਰ ਰੱਦ ਹੋ ਗਿਆ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਕਮਜ਼ੋਰੀਆਂ ਦੂਰ ਕਰੋ।
ਹੋਰ ਦੇਸ਼ ਵੀ ਵੇਖੋ – ਜਰਮਨੀ, ਆਸਟ੍ਰੇਲੀਆ, ਆਇਰਲੈਂਡ, ਨਿਊਜ਼ੀਲੈਂਡ ਵਿੱਚ ਵੀ ਚੰਗੇ ਮੌਕੇ ਨੇ।
ਆਖਰੀ ਗੱਲ
ਜਿਹੜਾ ਬੱਚਾ ਅਸਲ ਵਿੱਚ ਪੜ੍ਹਨਾ ਚਾਹੁੰਦਾ ਐ, ਉਸ ਲਈ ਅੱਜ ਵੀ ਰਾਹ ਹੈ। ਪਰ ਜਿਹੜਾ ਸਿਰਫ਼ “ਪੀ.ਆਰ. ਲੈਣ ਦੇ ਚੱਕਰ ਵਿੱਚ ਹੈ, ਉਸ ਲਈ ਕੈਨੇਡਾ ਵਿੱਚ ਬਹੁਤ ਸੰਭਾਵਨਾ ਹੈ ਕਿ ਬੰਦ ਹੀ ਰਹੇਗਾ।
![]()
