
ਲਖਨਊ/ਏ.ਟੀ.ਨਿਊਜ਼:
ਉੱਤਰ ਪ੍ਰਦੇਸ਼ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਜੀਵਨ ’ਤੇ ਆਧਾਰਿਤ ਇੱਕ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਅੱਜਕੱਲ੍ਹ ਸਿਆਸਤਦਾਨਾਂ ਦੇ ਜੀਵਨ ’ਤੇ ਫ਼ਿਲਮਾਂ ਬਣਾਉਣ ਦਾ ਰੁਝਾਨ ਬਹੁਤ ਵਧਿਆ ਹੈ ਪਰ ਅਸਲੀਅਤ ਇਹ ਹੈ ਕਿ ਕਿਸੇ ਵੀ ਸਿਆਸਤਦਾਨ ਦੇ ਜੀਵਨ ’ਤੇ ਬਣੀ ਕੋਈ ਵੀ ਫ਼ਿਲਮ ਸਫ਼ਲ ਨਹੀਂ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਅਜਿਹੀਆਂ ਸਭ ਫ਼ਿਲਮਾਂ ਪ੍ਰਚਾਰ ਫ਼ਿਲਮਾਂ ਹੀ ਰਹੀਆਂ। ਹਾਲ ਹੀ ’ਚ ਅਟਲ ਬਿਹਾਰੀ ਵਾਜਪਾਈ, ਇੰਦਰਾ ਗਾਂਧੀ, ਮਨਮੋਹਨ ਸਿੰਘ, ਜੈਲਲਿਤਾ ਅਤੇ ਬਾਲ ਠਾਕਰੇ ’ਤੇ ਵੀ ਫ਼ਿਲਮਾਂ ਬਣੀਆਂ ਸਨ। ਹੁਣ ਯੋਗੀ ਆਦਿੱਤਿਆਨਾਥ ’ਤੇ ਆ ਰਹੀ ਵੱਡੇ ਪਰਦੇ ਲਈ ਬਣਾਈ ਫ਼ਿਲਮ ‘ਅਜਏਅ: ਦ ਅਨਟੋਲਡ ਸਟੋਰੀ ਆਫ਼ ਏ ਯੋਗੀ’ ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਨੂੰ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਕਰਨਾ ਇੱਕ ਚਾਲ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ’ਤੇ ਬਣੀ ਫ਼ਿਲਮ ‘ਪੀ.ਐਮ. ਨਰਿੰਦਰ ਮੋਦੀ’ ਅਪ੍ਰੈਲ 2019 ਵਿੱਚ ਰਿਲੀਜ਼ ਹੋਈ ਸੀ, ਸਾਨੂੰ ਨਹੀਂ ਪਤਾ ਕਿ ਇਸ ਦਾ ਕਿੰਨਾ ਫ਼ਾਇਦਾ ਹੋਇਆ ਪਰ ਮੋਦੀ ਨੂੰ ਵੱਡੀ ਜਿੱਤ ਮਿਲੀ ਸੀ। ਹੋ ਸਕਦਾ ਇਹ ਚਾਲ ਯੋਗੀ ਲਈ ਵੀ ਕੰਮ ਕਰ ਜਾਵੇ।