ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਹੈਲੀਕਾਪਟਰ ਤਬਾਹ ਹੋ ਕੇ ਹਡਸਨ ਦਰਿਆ ਵਿੱਚ ਡਿੱਗ ਜਾਣ ਦੀ ਖ਼ਬਰ ਹੈ ਜਿਸ ਵਿੱਚ ਸਵਾਰ ਪਾਇਲਟ ਸਮੇਤ ਸਾਰੇ 6 ਜਣਿਆਂ ਦੀ ਮੌਤ ਹੋ ਗਈ। ਹੈਲੀਕਾਪਟਰ ਵਿੱਚ ਸਪੇਨ ਤੋਂ ਆਇਆ ਸੈਲਾਨੀ ਪਰਿਵਾਰ ਸਵਾਰ ਸੀ ਜੋ ਅਸਮਾਨ ਉਪਰੋਂ ਨਿਊਯਾਰਕ ਸ਼ਹਿਰ ਤੇ ਇਸ ਦੇ ਆਸ ਦੇ ਖੇਤਰ ਦਾ ਨਜ਼ਾਰਾ ਵੇਖਣਾ ਚਾਹੁੰਦਾ ਸੀ। ਨਿਊ ਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਜ ਨੇ ਕਿਹਾ ਹੈ ਕਿ ਸਾਈਟਸੀਇੰਗ ਕੰਪਨੀ ਨਿਊਯਾਰਕ ਦਾ ਇੱਕ ਇੰਜਣ ਵਾਲਾ ਬੈੱਲ 206 ਹੈਲੀਕਾਪਟਰ ਦੁਪਹਿਰ ਬਾਅਦ 3.15 ਵਜੇ ਉਡਾਣ ਭਰਨ ਤੋਂ ਛੇਤੀ ਬਾਅਦ ਦਰਿਆ ਵਿੱਚ ਜਾ ਡਿੱਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਸਪੇਨੀ ਪਰਿਵਾਰ ਦੇ ਜੀਆਂ ਵਿੱਚ ਦੋ ਬਾਲਗ ਤੇ 3 ਬੱਚੇ ਸ਼ਾਮਿਲ ਹਨ। ਹਾਲਾਂ ਕਿ ਰਾਹਤ ਟੀਮ ਨੇ ਤੁਰੰਤ ਸਾਰੇ 6 ਲੋਕਾਂ ਨੂੰ ਪਾਣੀ ਵਿਚੋਂ ਕੱਢ ਲਿਆ ਸੀ ਪਰੰਤੂ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। 4 ਨੂੰ ਤਾਂ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ 2 ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਏ। ਮਾਰੇ ਗਏ ਪਰਿਵਾਰ ਦੇ ਜੀਆਂ ਦੇ ਨਾਂ ਤੁਰੰਤ ਜਾਰੀ ਨਹੀਂ ਕੀਤੇ ਹਨ। ਐਡਮਜ ਨੇ ਕਿਹਾ ਹੈ ਕਿ ਘਟਨਾ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ ਪਰੰਤੂ ਲੱਗਦਾ ਹੈ ਕਿ ਹੈਲੀਕਾਪਟਰ ਉਲਟਾ ਦਰਿਆ ਵਿੱਚ ਡਿੱਗਿਆ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਅਸਮਾਨ ਵਿੱਚ ਬਦਲ ਛਾਏ ਹੋਏ ਸਨ ਤੇ 10 ਤੋਂ 15 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਸੀ। ਇਥੇ ਜਿਕਰਯੋਗ ਹੈ ਕਿ ਸੈਲਾਨੀ ਅਕਸਰ ਹੀ ਸਟੈਚੂ ਆਫ਼ ਲਿਬਰਟੀ, ਏਲਿਸ ਆਈਲੈਂਡ, ਦ ਐਂਪਾਇਰ ਸਟੇਟ ਬਿਲਡਿੰਗ ਤੇ ਵਾਲ ਸਟਰੀਟ ਸਮੇਤ ਸਮੁੱਚੇ ਨਿਊ ਯਾਰਕ ਸ਼ਹਿਰ ਉਪਰ ਅਸਮਾਨ ਉਪਰੋਂ ਝਾਤੀ ਮਾਰਨ ਲਈ ਹੈਲੀਕਾਪਟਰ ਕਿਰਾਏ ’ਤੇ ਲੈਂਦੇ ਹਨ। ਕੰਪਨੀ ਪ੍ਰਤੀ ਵਿਅਕਤੀ ਤਕਰੀਬਨ 274 ਡਾਲਰ ਲੈਂਦੀ ਹੈ।
![]()
