ਹੋਲਾ- ਮਹੱਲਾ: ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਦਿਨ ਚੱਲੇਗਾ ਖਾਲਸਈ ਜਾਹੋ-ਜਲਾਲ

In ਪੰਜਾਬ
February 16, 2026

ਸ੍ਰੀ ਅਨੰਦਪੁਰ ਸਾਹਿਬ/ਏ.ਟੀ.ਨਿਊਜ਼: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ‘ਹੋਲਾ-ਮਹੱਲਾ’ ਇਸ ਵਾਰ 27 ਫਰਵਰੀ ਤੋਂ 3 ਮਾਰਚ ਤੱਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵਾਰ ਮਿਲ ਕੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਨ ਲਈ ਜੁਟੀਆਂ ਹੋਈਆਂ ਹਨ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਵੀ ਧਾਰਮਿਕ ਸਮਾਗਮਾਂ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਸ਼ਰਧਾਲੂਆਂ ਦੀ ਸਹੂਲਤ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਰਹਿਣ ਲਈ 8 ਏਕੜ ਵਿੱਚ ਇੱਕ ‘ਟੈਂਟ ਸਿਟੀ’ ਅਤੇ ਇੱਕ ਵਿਸ਼ੇਸ਼ ‘ਟਰਾਲੀ ਸਿਟੀ’ ਸਥਾਪਤ ਕੀਤੀ ਜਾਵੇਗੀ।
ੲਸ ਤੋਂ ਇਲਾਵਾ 25 ਪਾਰਕਿੰਗ ਜ਼ੋਨ ਬਣਾਏ ਜਾਣਗੇ ਅਤੇ ਸ਼ਰਧਾਲੂਆਂ ਨੂੰ ਲਿਆਉਣ-ਲਿਜਾਣ ਲਈ 60 ਸ਼ਟਲ ਬੱਸਾਂ ਤੇ 100 ਈ-ਰਿਕਸ਼ਾ ਚਲਾਏ ਜਾਣਗੇ।
ਰੋਪੜ ਦੇ ਡਿਪਟੀ ਕਮਿਸ਼ਨਰ ਆਦਿਤਿਆ ਦਾਚਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗਜ ਨਾਲ ਮੀਟਿੰਗ ਕਰਕੇ ਪ੍ਰਸ਼ਾਸਨਿਕ ਅਤੇ ਧਾਰਮਿਕ ਤਾਲਮੇਲ ਦਾ ਭਰੋਸਾ ਦਿੱਤਾ ਹੈ।
ਸਾਲ 2018 ਵਿੱਚ ਸਿੱਖ ਜਥੇਦਾਰਾਂ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਹੋਲੇ-ਮਹੱਲੇ ਦੌਰਾਨ ਸਿਆਸੀ ਕਾਨਫਰੰਸਾਂ ਕਰਨ ’ਤੇ ਮੁਕੰਮਲ ਪਾਬੰਦੀ ਰਹੇਗੀ। ਹਾਲਾਂਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਕਾਰਨ ਇਸ ਵਾਰ ਇਹ ਸਮਾਗਮ ਸਿਆਸੀ ਤੌਰ ’ਤੇ ਵੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਦਾ ਪੂਰਾ ਜ਼ੋਰ ਇਸ ਨੂੰ ਸਿਰਫ਼ ਧਾਰਮਿਕ ਅਤੇ ਅਧਿਆਤਮਿਕ ਰੰਗ ਵਿੱਚ ਰੱਖਣ ’ਤੇ ਹੈ।

ਹੋਲਾ-ਮਹੱਲਾ ਦੀ ਸ਼ੁਰੂਆਤ 1701 ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਇਹ ਤਿਉਹਾਰ ਖਾਲਸੇ ਦੀ ਮਾਰਸ਼ਲ ਸਪਿਰਿਟ (ਜੰਗੀ ਹੁਨਰ) ਅਤੇ ਤਿਆਰੀ ਦਾ ਪ੍ਰਤੀਕ ਹੈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਘੋੜ-ਸਵਾਰੀ, ਗੱਤਕੇ ਦੇ ਜੌਹਰ ਅਤੇ ਵਿਸ਼ਾਲ ਮਹੱਲਾ (ਜਲੂਸ) ਕੱਢਿਆ ਜਾਂਦਾ ਹੈ, ਜੋ ਸਿੱਖ ਵਿਰਸੇ ਦੀ ਬਹਾਦਰੀ ਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ।

Loading