
ਲਾਹੌਰ/ਏ.ਟੀ.ਨਿਊਜ਼: ਕਰਤਾਰਪੁਰ ਕਾਰੀਡੋਰ ਕੰਪਲੈਕਸ, ਜੋ ਹਾਲ ਹੀ ’ਚ ਹੜ੍ਹ ਦੇ ਪਾਣੀ ’ਚ ਡੁੱਬ ਗਿਆ ਸੀ, ਉਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਤਿਕਾਰਯੋਗ ਸਿੱਖ ਧਾਰਮਿਕ ਸਥਾਨ ’ਤੇ ਚੱਲ ਰਹੇ ਮੁਰੰਮਤ ਦੇ ਕੰਮ ਕਾਰਨ ਸ਼ਰਧਾਲੂਆਂ ਲਈ ਇਸ ਨੂੰ ਅਜੇ ਬੰਦ ਰੱਖਿਆ ਜਾਵੇਗਾ।
ਸਰਕਾਰੀ ਰੇਡੀਓ ਪਾਕਿਸਤਾਨ ਰਿਪੋਰਟ ਅਨੁਸਾਰ ਪਿਛਲੇ ਹਫ਼ਤੇ ਹੜ੍ਹ ਆਉਣ ਤੋਂ ਬਾਅਦ ਪਾਕਿਸਤਾਨ ਫ਼ੌਜ ਅਤੇ ਸਿਵਲ ਪ੍ਰਸ਼ਾਸਨ ਕਰਤਾਰਪੁਰ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੁਰੰਮਤ ਦਾ ਕੰਮ ਜਾਰੀ ਰੱਖ ਰਹੇ ਹਨ। ਇਸ ਦੌਰਾਨ ਕੰਪਲੈਕਸ ਵਿੱਚ ਚੱਲ ਰਹੇ ਮੁਰੰਮਤ ਦੇ ਕੰਮ ਦਾ ਇੱਕ ਵੀਡੀਓ ਵੀ ਅਪਲੋਡ ਕੀਤਾ। ਪਿਛਲੇ ਹਫ਼ਤੇ, ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਕਾਰੀਡੋਰ ਅਤੇ ਗੁਰਦੁਆਰਾ ਦਰਬਾਰ ਸਾਹਿਬ ਤੋਂ ਹੜ੍ਹ ਦਾ ਪਾਣੀ ਹਟਾ ਦਿੱਤਾ ਗਿਆ ਹੈ ਅਤੇ ਇਹ ਇਸ ਹਫ਼ਤੇ ਦੇ ਸ਼ੁਰੂ ਵਿੱਚ ਸ਼ਰਧਾਲੂਆਂ ਲਈ ਖੁੱਲ੍ਹਾ ਰਹੇਗਾ। ਇਹ ਦਾਅਵਾ ਫ਼ੌਜ ਮੁਖੀ ਅਸੀਮ ਮੁਨੀਰ ਵੱਲੋਂ ਦਰਬਾਰ ਸਾਹਿਬ ਦਾ ਦੌਰਾ ਕਰਨ ਅਤੇ ਅਧਿਕਾਰੀਆਂ ਨੂੰ ਇਸਨੂੰ ਬਹਾਲ ਕਰਨ ਲਈ ਕਹਿਣ ਤੋਂ ਬਾਅਦ ਆਇਆ।
ਹੜ੍ਹ ਦੇ ਪਾਣੀ ਕਾਰਨ ਕਰਤਾਰਪੁਰ ਲਾਂਘਾ ਪਾਣੀ ਵਿੱਚ ਡੁੱਬ ਗਿਆ ਸੀ, ਜਿਸ ਕਾਰਨ ਲਗਭਗ 150 ਸਥਾਨਕ ਸਿੱਖ ਯਾਤਰੀ ਅਤੇ ਅਧਿਕਾਰੀ ਫਸ ਗਏ ਸਨ। ਉਨ੍ਹਾਂ ਨੂੰ ਬਾਅਦ ਵਿੱਚ ਇੱਕ ਹੈਲੀਕਾਪਟਰ ਅਤੇ ਕਿਸ਼ਤੀਆਂ ਰਾਹੀਂ ਬਚਾਇਆ ਗਿਆ। ਹੜ੍ਹਾਂ ਕਾਰਨ ਕਰਤਾਰਪੁਰ ਸਾਹਿਬ ਗੁਰਦੁਆਰਾ ਕੰਪਲੈਕਸ ਵਿੱਚ 10 ਤੋਂ 12 ਫੁੱਟ ਪਾਣੀ ਵੜ੍ਹ ਗਿਆ ਸੀ। ਪਾਕਿਸਤਾਨ ਦਾ ਪੰਜਾਬ ਵਿਨਾਸ਼ਕਾਰੀ ਹੜ੍ਹਾਂ ਦੇ ਪ੍ਰਭਾਵ ਨਾਲ ਜੂਝ ਰਿਹਾ ਹੈ ਜਿਸ ਨਾਲ 2.4 ਮਿਲੀਅਨ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
23 ਅਗਸਤ ਨੂੰ ਤਿੰਨ ਦਰਿਆਵਾਂ, ਰਾਵੀ, ਚਨਾਬ ਅਤੇ ਸਤਲੁਜ ਵਿੱਚ ਹੜ੍ਹ ਸ਼ੁਰੂ ਹੋਣ ਤੋਂ ਬਾਅਦ ਲਗਭਗ 10 ਲੱਖ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਤਬਦੀਲ ਕੀਤਾ ਗਿਆ ਹੈ। 130 ਮਿਲੀਅਨ ਲੋਕਾਂ ਦੇ ਸੂਬੇ ਪੰਜਾਬ ਵਿੱਚ ਹੁਣ ਤੱਕ ਲਗਭਗ 2.4 ਮਿਲੀਅਨ ਲੋਕ ਬੇਘਰ ਹੋ ਗਏ ਹਨ ਅਤੇ ਹੜ੍ਹਾਂ ਵਿੱਚ 41 ਲੋਕਾਂ ਦੀ ਜਾਨ ਚਲੀ ਗਈ ਹੈ। ਪੰਜਾਬ ਦੀ ਸੂਚਨਾ ਮੰਤਰੀ ਅਜ਼ਮਾ ਬੋਖਾਰੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਕੁੱਲ 3,243 ਪਿੰਡ ਡੁੱਬ ਗਏ ਹਨ।