15 views 18 secs 0 comments

ਹੜ੍ਹਾਂ ਦੀ ਸਮੱਸਿਆ ਦੇ ਹੱਲ ਲਈ ਮਜ਼ਬੂਤ ਰਾਜਨੀਤਕ ਇਰਾਦੇ ਦੀ ਲੋੜ

In ਪੰਜਾਬ
September 25, 2025

ਕੇ ਐਸ ਪੰਨੂ

ਪੰਜਾਬ ਦੇ ਜੰਮਿਆਂ ਨੂੰ ਅੱਜਕਲ੍ਹ ਇਕ ਹੋਰ ਮੁਸੀਬਤ ਨਾਲ ਸਿੱਝਣਾ ਪੈ ਰਿਹਾ ਹੈ। 2025 ਦੇ ਅਗਸਤ-ਸਤੰਬਰ ਮਹੀਨੇ ‘ਚ ਹੋਈਆਂ ਬਾਰਿਸ਼ਾਂ ਕਾਰਨ ਪੰਜਾਬ, ਹੜ੍ਹ੍ਹਾਂ ਦੀ ਮਹਾਂ ਤਰਾਸਦੀ ਦਾ ਸ਼ਿਕਾਰ ਹੋਇਆ ਹੈ। ਸਾਲ 2023 ਵਿਚ ਵੀ ਜੁਲਾਈ ਮਹੀਨੇ ਇਸੇ ਤਰ੍ਹਾਂ ਪੰਜਾਬ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਹੇਠ ਆਇਆ ਸੀ।

ਵਾਤਾਵਰਨ ਵਿਚ ਹੋ ਰਹੀ ਤਬਦੀਲੀ ਕਾਰਨ ਪਹਾੜਾਂ ਅਤੇ ਮੈਦਾਨਾਂ ਵਿਚ ਪੈਂਦੇ ਮੂਸਲੇਧਾਰ ਮੀਂਹ ਅਤੇ ਬੱਦਲ ਫਟਣ ਦੀਆਂ ਮਨੁੱਖੀ ਕੰਟਰੋਲ ਤੋਂ ਬਾਹਰ ਹੋ ਵਾਪਰਦੀਆਂ ਕੁਦਰਤੀ ਘਟਨਾਵਾਂ ਮੁੱਖ ਤੌਰ ‘ਤੇ ਹੜ੍ਹ੍ਹਾਂ ਦਾ ਕਾਰਨ ਬਣ ਰਹੀਆਂ ਹਨ। ਪੰਜਾਬ ਵਾਸੀਆਂ ਦੇ ਚੇਤੇ ਵਿਚ ਸਤੰਬਰ 1947, ਅਕਤੂਬਰ 1955, ਜੁਲਾਈ 1988, ਸਤੰਬਰ 1993 ਦੇ ਹੜ੍ਹਾਂ ਵਲੋਂ ਵੱਡੇ ਪੱਧਰ ਦੇ ਕੀਤੀ ਤਬਾਹੀ ਦੀਆਂ ਯਾਦਾਂ ਅਜੇ ਵੀ ਕਈ ਵਾਰੀ ਤਾਜ਼ੀਆਂ ਹੋ ਜਾਂਦੀਆਂ ਹਨ।

ਪੰਜਾਬ ਵਿਚ ਬਰਸਾਤਾਂ ਦੇ ਚੁਮਾਸੇ ਵਿਚ ਹੜ੍ਹ ਆਉਣ ਦੇ ਦੋ ਮੁੱਖ ਕਾਰਨ ਹੁੰਦੇ ਹਨ। ਇਕ ਜਦੋਂ ਸਣੇ ਪਹਾੜਾਂ ਦੇ ਪੰਜਾਬ ਦੀ ਧਰਤੀ ‘ਤੇ ਵੀ ਬਹੁਤ ਵੱਡੇ ਪੱਧਰ ਤੇ ਬਰਸਾਤ ਹੋਵੇ ਜਿਵੇਂ ਕਿ 1955, 1988 ਅਤੇ 1993 ਦੇ ਸਾਲਾਂ ਵਿਚ ਹੋਈ ਸੀ। ਸੰਨ 1955 ਦੇ ਤਿੰਨ, ਚਾਰ ਅਤੇ ਪੰਜ ਅਕਤੂਬਰ ਨੂੰ ਪੰਜਾਬ ਵਿਚ ਲਗਾਤਾਰ ਹੋਈ ਬਰਸਾਤ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਸੀ। ਲੋਕਾਂ ਨੂੰ ਯਾਦ ਹੈ ਕਿ ਜਗਰਾਵਾਂ ਦੇ ਇਲਾਕੇ ਤੋਂ ਤੁਰਿਆ ਦਰਿਆਨੁਮਾ ਪਾਣੀ ਜਦੋਂ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੇ ਇਲਾਕੇ ‘ਚ ਪਹੁੰਚਿਆ ਤਾਂ ਇਸ ਦੀ ਛੱਲ ਦੋ ਗਜ਼ ਉੱਚੀ ਸੀ ਅਤੇ ਇਹ ਪਾਣੀ, ਜੋ ਵੀ ਰਸਤੇ ‘ਚ ਆਇਆ, ਉਸ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਲੋਕਾਂ ਵਿਚ ਕਹਾਵਤ ਬਣੀ ਸੀ ਕਿ ‘ਪਾਣੀ ਆ ਗਿਆ ਮੱਲ੍ਹ ਮਲੂਕੇ, ਕੁੱਤੇ ਚੰਦ ਭਾਨ ਦੇ ਕੂਕੇ।’ ਭਾਵੇਂ ਕਿ ਮੱਲ੍ਹ ਮਲੂਕੇ ਤੋਂ ਚੰਦ ਭਾਨ ਦੀ ਦੂਰੀ 11 ਕਿਲੋਮੀਟਰ ਦੀ ਸੀ, ਪਰ ਫਿਰ ਵੀ ਹੜ੍ਹ੍ਹ ਦੇ ਪਾਣੀ ਦੀ ਸਰਸਰਾਹਟ ਏਨੀ ਉੱਚੀ ਸੀ ਕਿ 11 ਕਿਲੋਮੀਟਰ ਦੂਰ ਕੁੱਤਿਆਂ ਨੂੰ ਪਤਾ ਲੱਗ ਗਿਆ ਸੀ। 1947 ਦੇ ਸਤੰਬਰ ਮਹੀਨੇ ਦੇ ਹੜ੍ਹ੍ਹ ਤੋਂ ਬਾਅਦ 1955 ਦਾ ਅਜਿਹਾ ਹੜ੍ਹ੍ਹ ਸੀ ਜੋ ਅਜੇ ਪੰਜਾਬ ਦੇ ਦਰਿਆਵਾਂ ‘ਤੇ ਡੈਮ ਬਣਨ ਤੋਂ ਪਹਿਲਾਂ ਆਇਆ ਸੀ ਅਤੇ ਇਸ ਨੇ ਬਹੁਤ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਤਬਾਹੀ ਕੀਤੀ ਸੀ।

1955 ਦੇ ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਦਾਰ ਪਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਦੀ ਅਗਵਾਈ ਹੇਠ ਬਹੁਤ ਵੱਡੀ ਪੂੰਜੀ ਖਰਚ ਕੇ ਵੱਡੇ ਪੱਧਰ ਤੇ ਪੰਜਾਬ ਵਿਚ ਡਰੇਨਾਂ ਕੱਢੀਆਂ ਸਨ ਅਤੇ ਦਰਿਆਵਾਂ ‘ਤੇ ਧੁੱਸੀ ਬੰਨ੍ਹ ਬਣਾਏ ਸਨ।

ਕਿਉਂਕਿ ਪੰਜਾਬ ਦਾ ਸਾਰਾ ਖਿੱਤਾ ਇਸ ਦੇ ਚਾਰ ਦਰਿਆਵਾਂ ਰਾਵੀ, ਬਿਆਸ, ਸਤਲੁਜ ਅਤੇ ਘੱਗਰ ਦਾ ਬੇਸਿਨ ਹੈ, ਇਸ ਲਈ ਪੰਜਾਬ ਦੇ ਕੁਦਰਤੀ ਪਾਣੀ ਦੇ ਵਹਾਅ ਦੇ ਸਾਰੇ ਸਰੋਤ ਜਿਵੇਂ ਕਿ ਨਾਲੇ, ਡਰੇਨਾਂ, ਚੋਆਂ, ਰਾਉ ਆਦਿ ਅਲੱਗ ਅਲੱਗ ਭੂਗੋਲਿਕ ਸਥਿਤੀ ਅਨੁਸਾਰ ਕਿਸੇ ਇਕ ਜਾਂ ਦੂਜੇ ਦਰਿਆ ਵਿਚ ਜਾ ਕੇ ਡਿਗਦੇ ਹਨ। ਮੌਸਮੀ ਤਬਦੀਲੀਆਂ ਕਾਰਨ ਪੰਜਾਬ ਦੇ ਦਰਿਆਵਾਂ ਦਾ ਪਹਾੜੀ ਕੈਚਮੈਂਟ ਏਰੀਆ ਜੋ ਕਿ ਹਿਮਾਚਲ ਅਤੇ ਜੰਮੂ ਦੀਆਂ ਉੱਚੀਆਂ ਪਹਾੜੀਆਂ ਵਿਚ ਪੈਂਦਾ ਹੈ ਜਿੱਥੇ ਕਈ ਵਾਰ ਇਕਦਮ ਬਹੁਤ ਜ਼ਿਆਦਾ ਮੀਂਹ ਪੈ ਜਾਣ ਕਾਰਨ ਦਰਿਆਵਾਂ ਵਿਚ ਇਕਦਮ ਮਣਾਂ ਮੂੰਹੀਂ ਪਾਣੀ ਆ ਜਾਂਦਾ ਹੈ। ਇਸ ਵਾਰ ਮਿਤੀ 28 ਅਗਸਤ ਨੂੰ ਜੰਮੂ ਵਿਚ 380 ਮਿਲੀਮੀਟਰ ਬਰਸਾਤ ਇਕ ਦਿਨ ਵਿਚ ਹੋਈ ਜਿਸ ਨਾਲ ਰਾਵੀ ਦਰਿਆ ਪੂਰੇ ਊਫਾਨ ‘ਤੇ ਆਇਆ। ਦੱਸਣਯੋਗ ਹੈ ਕਿ ਪੰਜਾਬ ਵਿਚ ਸਾਰੇ ਸਾਲ ਵਿਚ ਔਸਤ 550 ਮਿਲੀ ਮੀਟਰ ਬਰਸਾਤ ਪੈਂਦੀ ਹੈ। ਦੂਜੇ ਪਾਸੇ ਕਈ ਵਾਰ ਪਾਣੀ ਦਾ ਭਾਰ ਨਾ ਸਹਾਰਦੇ ਹੋਏ ਬੱਦਲ ਫਟ ਜਾਂਦੇ ਹਨ ਜਿਸ ਕਾਰਨ ਇਕਦਮ ਅਣਕਿਆਸੀ ਬਰਸਾਤ ਹੋ ਜਾਂਦੀ ਹੈ ਜਿਵੇਂ ਕਿ ਹਿਮਾਚਲ ਦੇ ਕੁੱਲੂ ਸ਼ਹਿਰ ਨੇੜੇ ਬੀਤੇ ਅਗਸਤ ਮਹੀਨੇ ‘ਚ ਕਈ ਵੇਰ ਹੋਇਆ ਜਿਸ ਨਾਲ ਬਿਆਸ ਦਰਿਆ ਵਿਚ ਬੇਤਹਾਸ਼ਾ ਪਾਣੀ ਆਇਆ। ਦੋਵੇਂ ਹਾਲਾਤ ਵਿਚ ਇਕਦਮ ਡਿੱਗਿਆ ਵੱਡੇ ਅਸਮਾਨੀ ਦਿਓ ਰੂਪੀ ਪਾਣੀ ਦਾ ਗੁਬਾਰਾ ਪਹਾੜੀ ਗਾਰ, ਪੱਥਰ ਆਦਿ ਨੂੰ ਧੱਕਦਾ ਹੋਇਆ ਦਰਿਆਵਾਂ ਰਾਹੀਂ ਡੈਮਾਂ ਨੂੰ ਚੀਰਦਾ ਹੋਇਆ ਪੰਜਾਬ ਦੇ ਮੈਦਾਨੀ ਖੇਤਰਾਂ ਵਿਚ ਪ੍ਰਵੇਸ਼ ਕਰ ਗਿਆ ਜੋ ਕਿ ਅੱਗੇ ਦਰਿਆਵਾਂ ਦੇ ਬੰਨ੍ਹਾਂ ਅਤੇ ਕੰਢਿਆਂ ਨੂੰ ਤੋੜਦਾ ਹੋਇਆ ਆਪਣੀ ਗਤੀ-ਭਰਪੂਰ ਤਾਕਤ ਨਾਲ ਰਸਤੇ ਵਿਚ ਆਉਂਦੇ ਹਰੇਕ ਢਾਂਚੇਂ ਅਤੇ ਰੋਕਾਂ ਨੂੰ ਵਹਾ ਕੇ ਲੈ ਜਾਂਦਾ ਰਿਹਾ ਹੈ।

ਪੰਜਾਬ ਦੇ ਦਰਿਆਵਾਂ ਦੇ ਕੁਦਰਤੀ ਵਹਾਅ ਦਾ ਵਿਗਿਆਨ: ਦਰਿਆਵਾਂ ਵਿਚ ਸਦੀਆਂ ਤੋਂ ਵਗਦਾ ਪਾਣੀ ਕੁਦਰਤ ਦੇ ਅਸੂਲਾਂ ਅਨੁਸਾਰ ਚਲਦਾ ਹੈ। ਸਤਲੁਜ ਦਰਿਆ ਵਿਚ ਵਗਦੇ ਪਾਣੀ ਪਿਛਲੇ ਵਿਗਿਆਨ ਨੂੰ ਦੇਖਿਆ ਜਾਣਾ ਦਰੁਸਤ ਹੋਵੇਗਾ। ਸੰਨ 1926 ਵਿਚ ਸਤਲੁਜ ਵੈਲੀ ਪ੍ਰੋਜੈਕਟ ਬਣਾਇਆ ਗਿਆ ਸੀ, ਜਿਸ ਦੇ ਨਿਵਾਣਾਂ ਅਤੇ ਦੂਰੀ ਸੰਬੰਧੀ ਅੰਕੜੇ ਉਪਲੱਬਧ ਹਨ।

ਰੋਪੜ ਹੈੱਡਵਰਕਸ ਤੋਂ ਫਿਲੌਰ ਦੇ ਪੁੱਲ ਤੱਕ 55 ਮੀਲ ਦੀ ਦੂਰੀ ਤੱਕ ਸਤਲੁਜ ਦਰਿਆ ਦੀ ਨਿਵਾਣ 1.78 ਫੁੱਟ ਪ੍ਰਤੀ ਮੀਲ ਹੈ ਅਤੇ ਇਸ ਤੋਂ ਅੱਗੇ ਹਰੀਕੇ ਹੈੱਡਵਰਕਸ ਤੱਕ ਇਹ ਨਿਵਾਣ 1.50 ਫੁੱਟ ਪ੍ਰਤੀ ਮੀਲ ਹੈ।

ਇਸੇ ਤਰ੍ਹਾਂ ਹਰੀਕੇ ਤੋਂ ਫਿਰੋਜ਼ਪੁਰ ਹੈੱਡਵਰਕਸ ਤੱਕ 32 ਮੀਲ ਵਿਚ ਇਹ ਨਿਵਾਣ 1.1 ਫੁੱਟ ਪ੍ਰਤੀ ਮੀਲ ਹੈ ਅਤੇ ਉਸ ਤੋਂ ਹੇਠਾਂ ਹੁਸੈਨੀਵਾਲਾ ਹੈਡਵਰਕਸ ਤੋਂ ਸੁਲੇਮਾਨਕੀ ਹੈੱਡਵਰਕਸ (ਪਾਕਿਸਤਾਨ) ਤੱਕ 78 ਮੀਲ ਦੀ ਦੂਰੀ ‘ਤੇ ਇਹ ਨਿਵਾਣ ਲਗਭਗ 1.00 ਫੁੱਟ ਪ੍ਰਤੀ ਮੀਲ ਹੈ। ਉਕਤ ਤੋਂ ਸਪੱਸ਼ਟ ਹੈ ਕਿ ਪੰਜਾਬ ਵਿਚ ਦਰਿਆਵਾਂ ਦੀ ਨਿਵਾਣ/ਢਲਾਣ ਬਹੁਤ ਘੱਟ ਹੋਣ ਕਾਰਨ ਇਨ੍ਹਾਂ ਵਿਚ ਹੜ੍ਹ੍ ਦੇ ਪਾਣੀ ਦਾ ਵਹਾਅ ਹਮੇਸ਼ਾ ਇਕ ਚੁਣੌਤੀ ਬਣਿਆ ਰਹਿੰਦਾ ਹੈ।

ਦਰਿਆਵਾਂ ਵਿਚ ਰੇਤਾ- ਇਕ ਚੁਣੌਤੀ- ਇਕ ਮੌਕਾ : ਜਦੋਂ ਇਕ ਡੈਮ/ ਹੈੱਡਵਰਕਸ ਤੋਂ ਨਿਕਲ ਕੇ ਦਰਿਆ ਦਾ ਪਾਣੀ ਦੂਜੇ ਹੈੱਡਵਰਕਸ ਵੱਲ ਚਲਦਾ ਹੈ ਤਾਂ ਇਹ ਆਪਣੀ ਤਾਕਤ ਨਾਲ ਦਰਿਆ ਦੀ ਮਿੱਟੀ ਵੀ ਆਪਣੇ ਨਾਲ ਖੋਰ ਕੇ ਲੈ ਜਾਂਦਾ ਹੈ ਅਤੇ ਅੱਗੇ ਜਾ ਕੇ ਅਗਲੇ ਹੈਡਵਰਕਸ ਤੋਂ ਪਹਿਲਾਂ ਜਦੋਂ ਇਸ ਪਾਣੀ ਦੀ ਸਪੀਡ ਘਟਦੀ ਹੈ ਤਾਂ ਦਰਿਆ ਦਾ ਇਹ ਪਾਣੀ ਮਿੱਟੀ ਨੂੰ ਉੱਥੇ ਛੱਡ ਦਿੰਦਾ ਹੈ। ਇਸ ਤਰ੍ਹਾਂ ਹੇਠਲੇ ਹੈੱਡਵਰਕਸ ਦੇ ਗੇਟਾਂ ਤੋਂ ਪਹਿਲਾਂ ਬਣੀ ਝੀਲ ਵਿਚ ਮਿੱਟੀ/ਗਾਰ ਜਮ੍ਹਾਂ ਹੁੰਦੀ ਰਹਿੰਦੀ ਹੈ ਅਤੇ ਹੌਲੀ ਹੌਲੀ ਇਹ ਅਜਿਹੇ ਹੈੱਡਵਰਕਸ ਤੋਂ ਉੱਪਰ ਵਾਲੇ ਪਾਸੇ ਨੂੰ ਦਰਿਆ ਵਿਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੀ ਹੈ। ਇਕ ਸਮੇਂ ਤੋਂ ਬਾਅਦ ਇਨ੍ਹਾਂ ਦੋਵਾਂ ਹੈੱਡਵਰਕਸ ਦੇ ਖਿੱਤੇ ਵਿਚਕਾਰ ਹੇਠਲੇ ਹੈੱਡਵਰਕਸ ਤੋਂ ਪਹਿਲਾਂ ਜਮ੍ਹਾਂ ਹੋਈ ਮਿੱਟੀ ਅਤੇ ਉੱਪਰਲੇ ਹੈੱਡਵਰਕਸ ਤੋਂ ਹੇਠਲੇ ਪਾਸੇ ਵੱਲ ਚੁੱਕੀ ਹੋਈ ਮਿੱਟੀ ਇਕ ਬਰਾਬਰੀ ‘ਤੇ ਆ ਜਾਂਦੀ ਹੈ ਅਤੇ ਦਰਿਆ ਦਾ ਇਹ ਹੀ ਉਹ ਹਿੱਸਾ ਹੁੰਦਾ ਹੈ ਜਿੱਥੇ ਹਰੇਕ ਹੜ੍ਹ੍ਹ ਦੇ ਸਮੇਂ ਦਰਿਆਵਾਂ ਦੇ ਧੁੱਸੀ ਬੰਨ੍ਹ ਟੁੱਟਦੇ ਹਨ ਕਿਉਂਕਿ ਇਨ੍ਹਾਂ ਥਾਵਾਂ ‘ਤੇ ਦਰਿਆ ਦੇ ਪਾਣੀ ਲੰਘਣ ਲਈ ਲੋੜੀਂਦੀ ਡੂੰਘਾਈ ਨਹੀਂ ਬਚਦੀ।

ਸਤਲੁਜ ਦਰਿਆ ਦਾ ਨੰਗਲ ਡੈਮ ਤੋਂ ਛੱਡਿਆ ਪਾਣੀ ਅਨੰਦਪੁਰ ਸਾਹਿਬ ਨੇੜਲੇ ਇਲਾਕੇ ਵਿਚ ਆਪਣਾ ਰੇਤਾ ਛੱਡ ਦਿੰਦਾ ਹੈ ਜਿੱਥੇ ਦਰਿਆ ਦਾ ਤਲ ਉੱਚਾ ਹੋ ਜਾਣ ਕਾਰਨ ਅਤੇ ਹਿਮਾਚਲ ਵਲੋਂ ਆਉਦੇ ਸਵਾਂ ਨਦੀ ਦੇ ਪਾਣੀ ਕਾਰਨ ਇਲਾਕੇ ਨੂੰ ਹੜ੍ਹ੍ਹ ਦੀ ਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਰੋਪੜ ਹੈੱਡਵਰਕਸ ਤੋਂ ਛੱਡਿਆ ਦਰਿਆ ਸਤਲੁਜ ਦਾ ਪਾਣੀ ਫਿਲੌਰ ਤੱਕ ਦਰਿਆ ਦੀ ਮਿੱਟੀ ਖੋਰਦਾ ਹੈ ਅਤੇ ਫਿਲੋਰ ਤੋਂ ਗਿੱਦੜ ਪਿੰਡੀ ਤੋਂ ਕੁਝ ਕਿਲੋਮੀਟਰ ਉੱਪਰ ਤੱਕ ਸ਼ਾਂਤ ਚਲਦਾ ਹੈ ਪਰ ਗਿੱਦੜ ਪਿੰਡੀ ਅਤੇ ਯੂਸਫ਼ਪੁਰ ਪਿੰਡ ਨੇੜੇ ਆਪਣੇ ਪਾਣੀ ਨਾਲ ਲਿਆਂਦੀ ਮਿੱਟੀ ਨੂੰ ਦਰਿਆ ਦੀ ਸਤਹਿ ‘ਤੇ ਛੱਡਦਾ ਹੋਇਆ ਹਰੀਕੇ ਪਹੁੰਚਦਾ ਹੈ। ਗਿੱਦੜ ਪਿੰਡੀ ਦੇ ਇਲਾਕੇ ਵਿਚ ਇਸ ਤਰ੍ਹਾਂ ਛੱਡੀ ਮਿੱਟੀ ਕਾਰਨ ਉੱਚਾ ਹੋਇਆ ਦਰਿਆ ਦਾ ਤਲ ਇਸ ਇਲਾਕੇ ਵਿਚ ਹੜ੍ਹ੍ਹਾਂ ਦਾ ਕਾਰਨ ਬਣਦਾ ਹੈ। ਦੇਖਿਆ ਜਾ ਸਕਦਾ ਹੈ ਕਿ ਗਿੱਦੜ ਪਿੰਡੀ ਵਾਲੇ ਰੇਲਵੇ ਪੁਲ ਦੇ ਹੇਠਾਂ ਪਿਛਲੇ 50 ਸਾਲਾਂ ਵਿਚ 20 ਫੁੱਟ ਦੇ ਕਰੀਬ ਰੇਤਾ ਜਮ੍ਹਾਂ ਹੋਇਆ ਹੈ।

ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਦੇ ਪੁਲ ਅਤੇ ਘਰਕਾ, ਮੁੰਡਾ ਪਿੰਡ ਦੇ ਨੇੜਲੇ ਇਲਾਕੇ ਵਿਚ ਵਗਦੇ ਬਿਆਸ ਦਰਿਆ ਵਿਚ ਕਈ ਫੁੱਟ ਤੱਕ ਹਰੀਕੇ ਹੈੱਡਵਰਕਸ ਬਣਨ ਤੋਂ ਬਾਅਦ, ਰੇਤ ਜਮ੍ਹਾ ਹੋਈ ਹੈ ਜੋ ਕਿ ਭਾਰੀ ਬਰਸਾਤਾਂ ਵਿਚ ਪੌਂਗ ਡੈਮ ਵਿਚੋਂ ਛੱਡੇ ਪਾਣੀ ਕਰਨ ਤਬਾਹੀ ਦਾ ਕਾਰਨ ਬਣਦੀ ਹੈ।

ਫਿਰੋਜ਼ਪੁਰ ਹੈੱਡਵਰਕਸ ਜੋ ਕਿ ਸੰਨ 1928 ਵਿਚ ਬਣਾਇਆ ਗਿਆ ਸੀ, ਦੀ ਪਾਣੀ ਭੰਡਾਰਨ ਸਮਰੱਥਾ 24, 000 ਏਕੜ ਫੁੱਟ (ਇਕ ਏਕੜ ਵਿਚ ਇਕ ਫੁੱਟ ਪਾਣੀ ਖੜ੍ਹਾ ਕੀਤਾ ਜਾਵੇ ਤਾਂ ਇਕ ਏਕੜ ਫੁੱਟ ਬਣਦਾ ਹੈ) ਰੱਖੀ ਗਈ ਸੀ। ਪਰ ਲਗਾਤਾਰ ਗਾਰ/ਰੇਤ ਦੇ ਜਮ੍ਹਾਂ ਹੋਣ ਕਾਰਨ ਅੱਜ ਕੱਲ੍ਹ ਇਸ ਦੀ ਪਾਣੀ ਭੰਡਾਰਨ ਦੀ ਸਮਰੱਥਾ ਬਹੁਤ ਹੀ ਘਟ ਕੇ ਕੇਵਲ 5000 ਏਕੜ ਫੁੱਟ ਦੇ ਕਰੀਬ ਹੀ ਰਹਿ ਗਈ ਹੈ। ਇਸੇ ਤਰ੍ਹਾਂ ਹਰੀਕੇ ਹੈੱਡਵਰਕਸ ਜੋ ਕਿ ਸੰਨ 1955 ਵਿਚ ਬਣਾਇਆ ਗਿਆ ਸੀ ਅਤੇ ਇਸਦੀ ਪਾਣੀ ਭੰਡਾਰ ਕਰਨ ਦੀ ਸਮਰੱਥਾ 67, 900 ਏਕੜ ਫੁੱਟ ਰੱਖੀ ਗਈ ਸੀ। ਲਗਾਤਾਰ ਗਾਰ ਜਮ੍ਹਾਂ ਹੋਣ ਕਾਰਨ ਇਸ ਦੀ ਸਮਰੱਥਾ ਲਗਭਗ 10, 000 ਏਕੜ ਫੁੱਟ ਰਹਿ ਗਈ ਹੈ।

ਦਰਿਆ ਅਤੇ ਡੈਮ : ਭਾਰੀ ਬਰਸਾਤਾਂ ਸਮੇਂ ਸਤਲੁਜ ਦਰਿਆ ‘ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ ‘ਤੇ ਬਣੇ ਪੋਂਗ ਡੈਮ ਅਤੇ ਰਾਵੀ ਦਰਿਆ ‘ਤੇ ਬਣੇ ਰਣਜੀਤ ਸਾਗਰ ਡੈਮ ਵਲੋਂ ਫਾਲਤੂ ਪਾਣੀ ਦਰਿਆਵਾਂ ਵੱਲ ਛੱਡਿਆ ਜਾਂਦਾ ਹੈ ਕਿਉਂਕਿ ਅਣਕਿਆਸੀਆਂ ਭਾਰੀ ਬਰਸਾਤਾਂ ਸਮੇਂ ਜੇਕਰ ਡੈਮਾਂ ਵਲੋਂ ਪਰੋਟੋਕੋਲ ਮੁਤਾਬਕ ਪਾਣੀ ਨਾ ਛੱਡਿਆ ਜਾਵੇ ਤਾਂ ਡੈਮ ਟੁੱਟਣ ਦਾ ਖ਼ਤਰਾ ਖੜ੍ਹਾ ਹੋ ਜਾਂਦਾ ਹੈ ਜੋ ਕਿ ਬਹੁਤ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ।

ਪਿਛਲੇ ਸਮੇਂ ਵਿਚ ਸੰਨ 1947, 1955, 1988 ਅਤੇ 1993 ਦੇ ਹੜ੍ਹਾਂ ਦੌਰਾਨ ਦਰਿਆਵਾਂ ਵਿਚ ਹੈੱਡਵਰਕਸ/ ਡੈਮਾਂ ਵਲੋਂ ਛੱਡੇ ਗਏ ਪਾਣੀ ਦੀ ਮਿਕਦਾਰ ਤੋਂ ਮੌਜੂਦਾ ਸਮੇਂ ਹੜ੍ਹਾਂ ਨਾਲ ਹੋ ਰਹੀ ਤਬਾਹੀ ਬਾਰੇ ਤਸਵੀਰ ਸਾਹਮਣੇ ਆ ਜਾਂਦੀ ਹੈ। ਸਤੰਬਰ 1947 ਵਿਚ ਪਈ ਭਾਰੀ ਬਰਸਾਤ ਕਰਕੇ 26 ਸਤੰਬਰ ਨੂੰ ਸਤਲੁਜ ਦਰਿਆ ਦੇ ਰੋਪੜ ਹੈੱਡਵਰਕਸ ਤੋਂ 4.90 ਲੱਖ ਕਿਊਸਿਕ ਪਾਣੀ ਹੇਠਾਂ ਵੱਲ ਲੰਘਿਆ ਜੋ ਕਿ ਦੋ ਦਿਨਾਂ ਬਾਅਦ 28 ਸਤੰਬਰ, 1947 ਨੂੰ ਫਿਰੋਜ਼ਪੁਰ ਹੈੱਡਵਰਕਸ ਤੋਂ ਲੰਘਣ ਵੇਲੇ 6.36 ਲੱਖ ਕਿਊਸਿਕ ਹੋ ਗਿਆ ਅਤੇ ਸੁਲੇਮਾਨਕੀ ਹੈੱਡਵਰਕ ਤੋਂ 30 ਸਤੰਬਰ ਨੂੰ 7.38 ਲੱਖ ਕਿਊਸਿਕ ਪਾਣੀ ਲੰਘਿਆ। ਰੋਪੜ ਹੈੱਡਵਰਕ ਤੋਂ ਲੰਘੇ ਪਾਣੀ ਤੋਂ ਬਾਅਦ ਫਿਰੋਜ਼ਪੁਰ ਅਤੇ ਸੁਲੇਮਾਨਕੀ ਹੈੱਡਵਰਕਸ ‘ਤੇ ਪਾਣੀ ਵਧਣ ਦਾ ਕਾਰਨ ਸਤਲੁਜ ਦੇ ਪਾਣੀ ਵਿਚ ਹਰੀਕੇ ਵਿਖੇ ਬਿਆਸ ਦੇ ਪਾਣੀ ਦਾ ਰਲਣਾ ਅਤੇ ਮੀਂਹ ਕਾਰਨ ਹੇਠਲੇ ਇਲਾਕਿਆਂ ਵਿਚ ਵਧੇ ਪਾਣੀ ਦਾ ਦਰਿਆ ਵਿਚ ਨਦੀਆਂ ਨਾਲਿਆਂ ਰਾਹੀਂ ਪੈਣਾ ਸੀ।

1955 ਦੇ ਅਕਤੂਬਰ ਮਹੀਨੇ ਵਿਚ ਆਏ ਹੜ੍ਹ੍ਹਾਂ ਤੋਂ ਪਹਿਲਾਂ ਕਿਉਂਕਿ ਹਰੀਕੇ ਹੈੱਡਵਰਕਸ ਬਣ ਚੁੱਕਿਆ ਸੀ, ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦਾ 8.00 ਲੱਖ ਕਿਊਸਿਕ ਪਾਣੀ ਇਕੱਠਾ ਹੋ ਕੇ ਇਸ ਹੈੱਡਵਰਕਸ ਤੋਂ 2 ਅਕਤੂਬਰ ਨੂੰ ਲੰਘਿਆ ਜੋ ਕਿ ਅੱਗੇ ਹੋਰ ਲੋਕਲ ਪਾਣੀ ਦੇ ਜਮ੍ਹਾਂ ਹੋ ਜਾਣ ਕਾਰਨ ਫਿਰੋਜ਼ਪੁਰ ਹੈੱਡਵਰਕਸ ਤੋਂ 9 ਲੱਖ ਕਿਊਸਿਕ ਪਾਣੀ ਦਾ ਲੰਘਾਅ ਹੋਇਆ।

ਸੰਨ 1988 ਦੇ ਹੜ੍ਹਾਂ ਦੌਰਾਨ ਰੋਪੜ ਹੈੱਡਵਰਕਸ ਤੋਂ ਮਿਤੀ 26 ਸਤੰਬਰ ਨੂੰ 4.78 ਲੱਖ ਕਿਊਸਿਕ ਪਾਣੀ ਲੰਘਿਆ ਜੋ ਕਿ ਹਰੀਕੇ ਹੈੱਡਵਰਕਸ ਤੋਂ ਮਿਤੀ 28 ਸਤੰਬਰ ਨੂੰ ਲੰਘਣ ਸਮੇਂ 5.74 ਲੱਖ ਕਿਊਸਿਕ ਹੋ ਗਿਆ ਅਤੇ ਫਿਰੋਜ਼ਪੁਰ ਹੈੱਡਵਰਕਸ ਤੱਕ ਇਹ ਮਿਤੀ 29 ਸਤੰਬਰ ਨੂੰ 9.00 ਲੱਖ ਕਿਊਸਿਕ ਹੋ ਗਿਆ। ਇਸੇ ਤਰ੍ਹਾਂ ਸੰਨ 1993 ਦੇ ਹੜ੍ਹ੍ਹਾਂ ਦੌਰਾਨ ਵੀ ਰੋਪੜ ਹੈੱਡਵਰਕਸ ਤੋਂ ਲਗਭਗ 4.00 ਲੱਖ ਕਿਊਸਿਕ ਪਾਣੀ ਲੰਘਿਆ ਸੀ।

ਭਾਵੇਂ ਕਿ 1988 ਤੇ 1993 ਵਿਚ ਦਰਿਆਵਾਂ ਵਿਚੋਂ ਲੰਘਣ ਵਾਲਾ ਪਾਣੀ 1947 ਅਤੇ 1955 ਤੋਂ ਘੱਟ ਸੀ ਪਰ ਫਿਰ ਵੀ 1988 ਅਤੇ 1993 ਵਾਲੇ ਹੜ੍ਹ੍ਹਾਂ ਨੇ ਵਿਆਪਕ ਤਬਾਹੀ ਕੀਤੀ ਕਿਉਂਕਿ ਇਸ ਸਮੇਂ ਦੌਰਾਨ ਦਰਿਆਵਾਂ ਵਿਚ ਗਾਰ/ਰੇਤਾ ਜਮ੍ਹਾਂ ਹੋਣ ਨਾਲ ਦਰਿਆਵਾਂ ਦੀ ਪਾਣੀ ਨੂੰ ਵਗਾਉਣ ਦੀ ਸਮਰੱਥਾ ਘਟ ਗਈ ਸੀ।

ਹੁਣ ਹਾਲਤ ਇਹ ਹੈ ਕਿ ਸਤਲੁਜ ਅਤੇ ਬਿਆਸ ਦਰਿਆ ਵਿਚ ਜੇਕਰ 1.5 ਲੱਖ ਕਿਊਸਿਕ ਪਾਣੀ ਵੀ ਛੱਡਿਆ ਜਾਵੇ ਤਾਂ ਇਹ ਹੇਠਲੇ ਪਾਸੇ ਭਿਆਨਕ ਤਬਾਹੀ ਮਚਾਉਂਦਾ ਹੈ।

ਇਲਾਜ: ਜਦੋਂ ਬਿਮਾਰੀ ਦੀ ਪਛਾਣ ਹੋ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਪਰ ਜੇਕਰ ਇਲਾਜ ਕਰਨ ਵਾਲਾ ਡਾਕਟਰ ਹੀ ਇਲਾਜ ਨਾ ਕਰਦਾ ਹੋਵੇ ਤਾਂ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਅਖ਼ਤਿਆਰ ਕਰਦੀ ਹੈ।

ਹਰੇਕ ਚਾਰਾਗਰ (ਡਾਕਟਰ) ਕੋ ਚਾਰਾਗਰੀ ਸੇ ਗੁਰੇਜ਼ ਥਾ,

ਵਰਨਾ ਯੇ ਜੋ ਹਮਾਰੇ ਦੁੱਖ ਥੇ ਯੇ ਲਾ-ਦਵਾ (ਬੇਇਲਾਜ) ਨਾ ਥੇ।

ਸਾਰੀ ਦੁਨੀਆ ਵਿਚ ਹੜ੍ਹ ਪ੍ਰਬੰਧਨ ਦਾ ਕਾਰਗਰ ਤਰੀਕਾਕਾਰ ਦਰਿਆਵਾਂ ਦਾ ਤਲ ਪੱਧਰ ਸਾਫ ਰੱਖਣ ਤੇ ਧੁੱਸੀ ਬੰਨ੍ਹਾਂ ਦੀ ਸਾਂਭ-ਸੰਭਾਲ ‘ਤੇ ਨਿਰਭਰ ਕਰਦਾ ਹੈ। ਇਕ ਅਨੁਮਾਨ ਅਨੁਸਾਰ ਜੇਕਰ ਦਰਿਆਵਾਂ ‘ਤੇ ਕੋਈ ਡੈਮ ਜਾਂ ਕੋਈ ਹੋਰ ਢਾਂਚਾ ਨਾ ਬਣਿਆ ਹੋਵੇ ਤਾਂ ਵੀ ਹਰੇਕ ਸਾਲ ਕੁਝ ਇੰਚਾਂ ਤੱਕ ਰੇਤ/ਮਿੱਟੀ ਪੈ ਕੇ 50-60 ਸਾਲਾਂ ਵਿਚ ਦਰਿਆ ਦਾ ਤਲ ਉੱਚਾ ਹੋਣ ਕਾਰਨ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਪਰ ਦਰਿਆਵਾਂ ਤੇ ਡੈਮ, ਹੈੱਡਵਰਕਸ ਅਤੇ ਹੋਰ ਢਾਂਚਿਆਂ ਦੇ ਬਣਨ ਤੋਂ ਬਾਅਦ ਤਾਂ ਮਿੱਟੀ ਇਕੱਠੀ ਹੋਣ ਦਾ ਵਰਤਾਰਾ ਬਹੁਤ ਵੱਧ ਜਾਂਦਾ ਹੈ।

ਸਿੰਧ ਘਾਟੀ ਦੀ ਸੱਭਿਅਤਾ ਅਤੇ ਦਰਿਆਵਾਂ ਵਿਚ ਮਿੱਟੀ : ਅੱਜ ਤੋਂ 5 ਹਜ਼ਾਰ ਸਾਲ ਪਹਿਲਾਂ ਦਰਿਆਵਾਂ ਕੰਢੇ ਪੰਜਾਬ ਵਿਚ ਘੁੱਗ ਵਸਦੀ ਸਿੰਧ ਘਾਟੀ ਦੀ ਸੱਭਿਅਤਾ ਸ਼ੁਰੂ ਹੋਈ ਸੀ। ਜੋਹਨ ਮਾਰਸ਼ਲ, ਪ੍ਰਸਿੱਧ ਪੁਰਾਤੱਤਵ ਵਿਗਿਆਨੀ ਵਲੋਂ ਇਸ ਸੱਭਿਅਤਾ ਦਾ ਰਾਵੀ ਦਰਿਆ ‘ਤੇ ਵਸਿਆ ਮਹਿੰਦਜੋਦੜੋ ਸ਼ਹਿਰ 1930 ਵਿਚ ਲੱਭਿਆ ਗਿਆ ਅਤੇ ਪਾਇਆ ਗਿਆ ਕਿ ਜਦੋਂ ਇਹ ਸ਼ਹਿਰ ਵਸਿਆ ਸੀ ਤਾਂ ਇਹ ਦਰਿਆ ਤੋਂ 6-7 ਫੁੱਟ ਉੱਚਾ ਸੀ। ਪਰ 1300 ਸਾਲ ਬਾਅਦ ਜਦੋਂ ਇਸ ਸੱਭਿਆਤਾ ਦਾ ਖਤਮਾ ਹੋਇਆ ਤਾਂ ਖੁਦਾਈ ਤੋਂ ਪਤਾ ਲੱਗਿਆ ਕਿ ਘਰਾਂ ਦੀਆਂ ਨੀਹਾਂ ਲਗਭਗ 7 ਵਾਰੀ ਨਵੇਂ ਸਿਰੇ ਤੋਂ ਉੱਚੇ ਚੱਕ ਕੇ ਸਥਾਪਿਤ ਕੀਤੀਆਂ ਗਈਆਂ ਸਨ। 1930 ਵਿਚ ਖੁਦਾਈ ਸਮੇਂ ਪਤਾ ਲੱਗਿਆ ਕਿ ਮੌਜੂਦਾ ਸਮੇਂ ਰਾਵੀ ਦਰਿਆ ਇਸ ਸ਼ਹਿਰ ਤੋਂ 50 ਫੁੱਟ ਉੱਚਾ ਵਗ ਰਿਹਾ ਸੀ। ਜਿਸ ਦਾ ਮਤਲਬ ਹੈ ਕਿ 5000 ਸਾਲਾਂ ਵਿਚ ਦਰਿਆ ਰਾਵੀ ਵਿਚ 50 ਫੁੱਟ ਤੱਕ ਪਹਾੜਾਂ ਤੋਂ ਆਇਆ ਰੇਤਾ ਵਿਛਣ ਕਾਰਨ ਇਹ ਏਨਾ ਉੱਚਾ ਹੋ ਗਿਆ ਸੀ। ਭਾਵੇਂ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦਰਿਆ ਕੰਢੇ ਘੁੱਗ ਵਸਦੀ ਇਹ ਸੱਭਿਅਤਾ ਕਿਹੜੇ ਕਾਰਨਾਂ ਕਰਕੇ ਖਤਮ ਹੋਈ ਪਰ ਇਕ ਗੱਲ ਸਪੱਸ਼ਟ ਹੈ ਕਿ ਦਰਿਆਵਾਂ ਵਿਚ ਮਿੱਟੀ ਚੜ੍ਹਨ ਕਾਰਨ ਇਸ ਸੱਭਿਅਤਾ ਨੂੰ ਹੜ੍ਹ੍ਹਾਂ ਦੀ ਬਹੁਤ ਵੱਡੀ ਮਾਰ ਸਹਿਣੀ ਪਈ ਸੀ।

ਇਸ ਲਈ ਲੋੜ ਹੈ ਕਿ ਪੰਜਾਬ ਦੇ ਸਮੇਤ ਘੱਗਰ ਚਾਰੇ ਦਰਿਆਵਾਂ ਦੀ ਲਗਾਤਾਰ ਸਾਫ ਸਫਾਈ ਅਤੇ ਸਾਂਭ ਸੰਭਾਲ ਦਾ ਪ੍ਰੋਜੈਕਟ ਬਣਾ ਕੇ ਕੰਮ ਕੀਤਾ ਜਾਵੇ। ਇਨ੍ਹਾਂ ਵਿਚੋਂ ਸਾਲਾਂ ਦੀ ਇਕੱਠੀ ਹੋਈ ਗਾਰ/ਮਿੱਟੀ ਕੱਢ ਕੇ ਇਨ੍ਹਾਂ ਦੀ ਕੁਦਰਤੀ ਸਤਹਿ ਅਤੇ ਵਹਾਅ ਨੂੰ ਬਹਾਲ ਕੀਤਾ ਜਾਵੇ ਅਤੇ ਇਸ ਨੂੰ ਲਗਾਤਾਰ ਬਹਾਲ ਰੱਖਿਆ ਜਾਵੇ।

ਇਨ੍ਹਾਂ ਦਰਿਆਵਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਕੇ ਦਰਿਆਵਾਂ ਦੀ ਚੈਨੇਲਾਈਜੇਸ਼ਨ ਕੀਤੀ ਜਾਵੇ।

ਇਹ ਵੀ ਜ਼ਰੂਰੀ ਹੈ ਕਿ ਇਨ੍ਹਾਂ ਦਰਿਆਵਾਂ ਵਿਚ ਖੇਤੀ ਕਰਦੇ ਕਿਸਾਨਾਂ ਨੂੰ ਸਫੈਦੇ ਜਾਂ ਪਾਪੂਲਰ ਵਰਗੇ ਜੰਗਲਾਤੀ ਦਰਖਤਾਂ ਦੀ ਖੇਤੀ ਕਰਨ ਤੋਂ ਰੋਕਿਆ ਜਾਵੇ ਤਾਂ ਜੋ ਪਾਣੀ ਦੇ ਵਹਾਅ ਵਿਚ ਕੋਈ ਰੋਕ ਟੋਕ ਨਾ ਆਵੇ।

ਵੱਡੇ ਫੰਡਾਂ ਦੀ ਜ਼ਰੂਰਤ :ਉਕਤ ਕੰਮਾਂ ਲਈ ਬਹੁਤ ਵੱਡੀ ਰਕਮ ਦੀ ਜ਼ਰੂਰਤ ਪਵੇਗੀ ਜੋ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਹਰੇਕ ਸਾਲ ਸਹੀ ਸਮੇਂ ਉਪਲਬਧ ਕਰਾਉਣੀ ਬਣਦੀ ਹੈ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜੋ ਕਿ ਭਾਖੜਾ ਤੇ ਪੋਂਗ ਡੈਮ ਦੇ ਰੱਖ ਰਖਾਅ ਲਈ ਜ਼ਿੰਮੇਵਾਰ ਹੈ ਅਤੇ ਇਸ ਰੱਖ ਰਖਾਅ ਲਈ ਉਹ ਮੈਂਬਰ ਰਾਜਾਂ (ਪੰਜਾਬ, ਹਰਿਆਣਾ ਅਤੇ ਰਾਜਸਥਾਨ) ਨੂੰ ਪਾਣੀ ਅਤੇ ਮੁਫਤ ਬਿਜਲੀ ਦੇ ਕੇ ਉਨ੍ਹਾਂ ਤੋਂ ਹਿੱਸੇ ਅਨੁਸਾਰ ਡੈਮਾਂ ਦੇ ਰੱਖ ਰਖਾਅ ‘ਤੇ ਹੁੰਦੇ ਖਰਚੇ ਲਈ ਰਕਮ ਪ੍ਰਾਪਤ ਕਰਦਾ ਹੈ। ਕਿਉਂਕਿ ਡੈਮਾਂ ਤੋਂ ਹੇਠਾਂ ਵਗਦੇ ਦਰਿਆਵਾਂ ਦਾ ਰੱਖ-ਰਖਾਅ ਵੀ ਡੈਮਾਂ ਦੇ ਰੱਖ-ਰਖਾਅ ਦਾ ਹੀ ਇਕ ਅਟੁੱਟ ਹਿੱਸਾ ਹੈ, ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦੇ ਮੁਕੰਮਲ ਰੱਖ-ਰਖਾਅ ਲਈ ਹਰਿਆਣਾ ਅਤੇ ਰਾਜਸਥਾਨ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਲਗਭਗ ਮੁਫਤ ਬਿਜਲੀ ਤੇ ਸੈੱਸ ਲਗਾ ਕੇ ਰਕਮ ਪ੍ਰਾਪਤ ਕਰਕੇ ਬੋਰਡ ਵਲੋਂ ਪੰਜਾਬ ਸਰਕਾਰ ਨੂੰ ਦਰਿਆਵਾਂ ਦੀ ਸਾਂਭ ਸੰਭਾਲ ਲਈ ਦੇਣੀ ਚਾਹੀਦੀ ਹੈ ਕਿਉਂਕਿ ਦਰਿਆਵਾਂ ਦੇ ਪਾਣੀ ਦਾ ਨਿਯੰਤਰਣ ਸਿਰਫ ਡੈਮਾਂ ‘ਤੇ ਕਰਕੇ ਹੀ ਜ਼ਿੰਮੇਵਾਰੀ ਖ਼ਤਮ ਨਹੀ ਹੋ ਜਾਂਦੀ ਸਗੋਂ ਡੈਮਾਂ ਤੋਂ ਛੱਡੇ ਜਾਂਦੇ ਪਾਣੀ ਕਾਰਨ ਪੈਦਾ ਹੋਈ ਹੜ੍ਹ੍ਹਾਂ ਦੀ ਸਮੱਸਿਆ ਨੂੰ ਵੀ ਨਿਯੰਤਰਨ ਕਰਨਾ ਇਸੇ ਜ਼ਿੰਮੇਵਾਰੀ ਦਾ ਅਨਿੱਖੜਵਾਂ ਹਿੱਸਾ ਹੈ। ਜੇਕਰ ਦੂਜੇ ਸੂਬੇ ਹਰੇਕ ਸਾਲ ਮਫ਼ਤ ਬਿਜਲੀ ਲੈਂਦੇ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਡੈਮਾਂ ਕਾਰਨ ਪੈਦਾ ਹੋਏ ਹੜ੍ਹ੍ਹਾਂ ਨੂੰ ਨਿਯੰਤਰਣ ਕਰਨ ਲਈ ਵੀ ਜ਼ਿੰਮੇਵਾਰੀ ਨਿਭਾਉਣ।

ਡੈਮਾਂ ਦੇ ਪਾਣੀ ਛੱਡਣ ਦੇ ਪਰੋਟੋਕੋਲ ਦਾ ਮੁੜ ਮੁਲਾਕਣ : ਪੰਜਾਬ ਦੇ ਡੈਮਾਂ ਨੂੰ ਭਰਨ, ਸਿੰਚਾਈ ਅਤੇ ਬਿਜਲੀ ਲੋੜਾਂ ਦੀ ਪੂਰਤੀ ਲਈ ਪਾਣੀ ਛੱਡਣ ਅਤੇ ਹੜ੍ਹਾਂ ਸਮੇਂ ਪਾਣੀ ਨੂੰ ਨਿਯੰਤਰਣ ਕਰਨ ਦਾ ਇਕ ਪਰੋਟੋਕੋਲ ਬਣਿਆ ਹੋਇਆ ਹੈ ਜੋ ਕਿ ਕਾਫੀ ਪੁਰਾਣਾ ਹੈ। ਮੌਜੂਦਾ ਦੌਰ ਵਿਚ ਆਲਮੀ ਤਪਸ਼ ਵਧਣ ਕਾਰਨ ਵਾਤਾਵਰਨ ਵਿਚ ਆ ਰਹੀਆਂ ਤਬਦੀਲੀਆਂ ਕਾਰਨ ਦਰਿਆਵਾਂ ਵਿਚ ਅਚਾਨਕ ਆਉਂਦੇ ਪਾਣੀ ਦੀ ਮਿਕਦਾਰ ਅਤੇ ਵੇਗ ਕਾਰਨ ਪਰੋਟੋਕੋਲ ਦਾ ਮੁੜ ਮੁਲਾਂਕਣ ਕਰਨਾ ਬਣਦਾ ਹੈ।

ਤੱਤ ਸਾਰ : ਹੜ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਸਭ ਕੁਝ ਲਈ ਮਜ਼ਬੂਤ ਰਾਜਨੀਤਕ ਇਰਾਦੇ ਦੀ ਲੋੜ ਹੈ ਅਤੇ ਵੱਡੇ ਫੰਡਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੋਵੇਗਾ। ਨਹੀਂ ਤਾਂ ਆਉਣ ਵਾਲੇ ਸਾਲਾਂ ਵਿਚ ਵੀ ਪੰਜਾਬ ਦੇ ਜੰਮਿਆਂ ਨੂੰ ਇਸੇ ਤਰ੍ਹਾਂ ਦੇ ਹੜ੍ਹਾਂ ਦੇ ਹਾਲਾਤ ਨਾਲ ਸਿੱਝਣਾ ਪਵੇਗਾ ਜਿੱਥੇ ਲੋਕਾਂ ਦਾ ਅਰਬਾਂ ਰੁਪਏ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਹੇਗਾ।

Loading