ਹੜ੍ਹ ਰਾਹਤ ਕਾਰਜ ਰਲ ਮਿਲ ਕੇ ਕੰਮ ਕੀਤੇ ਜਾਣ : ਜਥੇਦਾਰ ਗੜਗੱਜ

In ਪੰਜਾਬ
September 15, 2025

ਅੰਮ੍ਰਿਤਸਰ/ਏ.ਟੀ.ਨਿਊਜ਼: ਪੰਜਾਬ ’ਚ ਹੜ੍ਹ ਪੀੜਤਾਂ ਲਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਹੋਰ ਵੀ ਸਹੀ ਢੰਗ ਨਾਲ ਚਲਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਟਿੰਗ ਕੀਤੀ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਰਾਹਤ ਕਾਰਜਾਂ ਨੂੰ ਇੱਕ ਝੰਡੇ ਹੇਠ ਚਲਾਉਣ ਲਈ ਵੈੱਬਸਾਈਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਮਗਰੋਂ ਜਥੇਦਾਰ ਗੜਗੱਜ ਨੇ ਕਿਹਾ ਕਿ ਜੋ ਸੰਸਥਾਵਾਂ ਇਕੱਠੇ ਹੋ ਕੇ ਕੰਮ ਕਰਨਾ ਚਾਹੁੰਦੀਆਂ ਹਨ, ਉਹ ਆਪਣੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਣ। ਇਸ ਵੈੱਬਸਾਈਟ ਦਾ ਸਮੁੱਚਾ ਪ੍ਰਬੰਧ ਅਕਾਲ ਤਖ਼ਤ ਸਾਹਿਬ ਦੇ ਕੋਲ ਹੋਵੇਗਾ। ਉਨ੍ਹਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਆਪਣੇ ਦੋ-ਦੋ ਵਾਲੰਟੀਅਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਰੱਖਣ ਲਈ ਕਿਹਾ। ਸਰਕਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਵਾਸਤੇ ਐਲਾਨੇ ਗਏ ਮੁਆਵਜ਼ੇ ਨੂੰ ਬਹੁਤ ਘੱਟ ਦੱਸਦਿਆਂ ਜਥੇਦਾਰ ਨੇ ਕਿਹਾ ਕਿ ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕਰਦੇ ਹੋਏ ਜਿਨ੍ਹਾਂ ਸਮਾਜ ਸੇਵੀਆਂ ਦੀ ਜਾਨ ਗਈ ਹੈ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

Loading