ਹੰਗਾਮੇ ਦੀ ਭੇਂਟ ਚੜ੍ਹ ਗਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

In ਪੰਜਾਬ
February 26, 2025
ਚੰਡੀਗੜ੍ਹ/ਏ.ਟੀ.ਨਿਊਜ਼: ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਹੰਗਾਮੇ ਦੀ ਭੇਂਟ ਚੜ੍ਹ ਗਿਆ । ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਇਜਲਾਸ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੇ ਜਾਣ ਨਾਲ ਹੋਈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਸਿਫ਼ਰ ਕਾਲ ਦੌਰਾਨ ਕਿਸਾਨੀ ਮੁੱਦੇ ਹੀ ਗਾਇਬ ਰਹੇ ਜਦੋਂ ਕਿ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸਾਲ ਤੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਐੱਮ.ਐੱਸ.ਪੀ. ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਕਿਸਾਨੀ ਮੰਗਾਂ ਬਾਰੇ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਦੌਰਾਨ ਵਿਧਾਇਕਾਂ ਵੱਲੋਂ ਪੰਜਾਬ ਦੇ ਵੱਖ- ਵੱਖ ਮੁੱਦਿਆਂ ਨੂੰ ਚੁੱਕਿਆ ਗਿਆ। ਸੈਸ਼ਨ ਦੇ ਆਖ਼ਰੀ ਦਿਨ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੱਤਾਧਾਰੀ ਧਿਰ ’ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹੰਗਾਮਾ ਹੋ ਗਿਆ। ਸ੍ਰੀ ਬਾਜਵਾ ਨੇ ਤਹਿਸੀਲਾਂ ’ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਖਣਨ ਦੇ ਮੁੱਦੇ ਵੀ ਚੁੱਕੇ। ਉਨ੍ਹਾਂ ਸਦਨ ’ਚ ਜਦੋਂ ‘ਪਾਰਟੀ ਫੰਡ’ ਦਾ ਮਾਮਲਾ ਚੁੱਕਿਆ ਤਾਂ ਰੌਲਾ ਪੈ ਗਿਆ ਹੈ। ਇੱਕ ਵਾਰ ਤਾਂ ਪ੍ਰਤਾਪ ਸਿੰਘ ਬਾਜਵਾ ਤੇ ਮੰਤਰੀ ਹਰਭਜਨ ਸਿੰਘ ਈਟੀਓ ਆਹਮੋ-ਸਾਹਮਣੇ ਹੋ ਗਏ। ਕੈਬਨਿਟ ਮੰਤਰੀ ਅਮਨ ਅਰੋੜਾ ਸਦਨ ’ਚ ‘ਪਾਰਟੀ ਫੰਡ’ ਮਾਮਲੇ ’ਤੇ ਸ੍ਰੀ ਈਟੀਓ ਦੀ ਪਿੱਠ ’ਤੇ ਡਟ ਗਏ। ਜਿਉਂ ਹੀ ਸਿਫ਼ਰ ਕਾਲ ਸ਼ੁਰੂ ਹੋਇਆ ਤਾਂ ਪ੍ਰਤਾਪ ਬਾਜਵਾ ਨੇ ਪੀ.ਐੱਸ.ਈ.ਬੀ. ਇੰਜਨੀਅਰਜ਼ ਐਸੋਸੀਏਸ਼ਨ ਵੱਲੋਂ ‘ਪਾਰਟੀ ਫੰਡ’ ਘਪਲੇ ਦੀ ਜਾਂਚ ਲਈ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੇ ਹਵਾਲੇ ਨਾਲ ਸਦਨ ’ਚ ਇਸ ਮਾਮਲੇ ਦੀ ਜੁਡੀਸ਼ਲ ਜਾਂ ਸਦਨ ਦੀ ਕਮੇਟੀ ਬਣਾ ਕੇ ਜਾਂਚ ਦੀ ਮੰਗ ਕੀਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਜੀਲੈਂਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇੰਜਨੀਅਰਜ਼ ਐਸੋਸੀਏਸ਼ਨ ਵਿਜੀਲੈਂਸ ਕੋਲ ਕਿਉਂ ਨਹੀਂ ਜਾਂਦੀ। ਤਲਖ਼ੀ ਘਟਣ ਮਗਰੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ‘ਪਾਰਟੀ ਫੰਡ’ ਹੋ ਸਕਦਾ ਹੈ ਕਿ ਕਿਸੇ ਵੀ ਸੇਵਾਮੁਕਤੀ ਵਾਸਤੇ ਹੋਵੇ।

Loading