ਅੰਮ੍ਰਿਤਸਰ/ਏ.ਟੀ.ਨਿਊਜ਼: ਇੱਕ ਵਾਰ ਫਿਰ ਸਿੱਖ ਇਤਿਹਾਸ ਦੇ ਇੱਕ ਅਣਸੁਲਝੇ ਅਧਿਆਏ ਨੂੰ ਖੋਲ੍ਹਣ ਅਤੇ ਲੁੱਟੀਆਂ ਗਈਆਂ ਸ਼ਾਹੀ ਦੌਲਤਾਂ ਵਾਪਸ ਲੈਣ ਲਈ ਆਸ਼ਾਵਾਦੀ ਲੜਾਈ ਸ਼ੁਰੂ ਹੋਣ ਜਾ ਰਹੀ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਸ਼ੇਰ ਸਿੰਘ ਦੀਆਂ ਰਾਣੀਆਂ ਤੋਂ ਅੰਗਰੇਜ਼ਾਂ ਵੱਲੋਂ ਲੁੱਟੇ ਗਏ ਸ਼ਾਹੀ ਗਹਿਣਿਆਂ ਅਤੇ ਹੋਰ ਕੀਮਤੀ ਖਜ਼ਾਨੇ ਦੀ ਵਾਪਸੀ ਲਈ ਉਨ੍ਹਾਂ ਦੇ ਮੌਜੂਦਾ ਵਾਰਸ ਹੁਣ ਯੂਨਾਈਟਿਡ ਕਿੰਗਡਮ ਦੀਆਂ ਅਦਾਲਤਾਂ ਵਿੱਚ ਪੂਰੀ ਤਾਕਤ ਨਾਲ ਕਾਨੂੰਨੀ ਲੜਾਈ ਲੜਨਗੇ। ਇਸ ਲੜਾਈ ਵਿੱਚ ਉਹ ਭਾਰਤ ਸਰਕਾਰ ਦਾ ਵੀ ਪੂਰਾ ਸਹਿਯੋਗ ਲੈਣਗੇ।
ਸਾਜਿਸ਼ੀ ਢੰਗ ਨਾਲ ਸਿੱਖ ਰਾਜ ਖਤਮ ਕਰਨ ਤੋਂ ਬਾਅਦ ਅੰਗਰੇਜ਼ ਸ਼ਾਸਕਾਂ ਦਾ ਮੁੱਖ ਟੀਚਾ ਸਿੱਖ ਸ਼ਾਹੀ ਪਰਿਵਾਰ ਦੀ ਸ਼ਕਤੀ ਅਤੇ ਪ੍ਰਭਾਵ ਨੂੰ ਤੋੜਨਾ ਸੀ। ਖਾਸ ਤੌਰ ’ਤੇ ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦ ਕੌਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸਾਲ 1849 ਵਿੱਚ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਲਾਰਡ ਡਲਹੌਜੀ ਨੇ ਸਿੱਖ ਰਾਜ ਨੂੰ ਖਤਮ ਕਰਕੇ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਉਸ ਤੋਂ ਬਾਅਦ ਲਾਹੌਰ ਸ਼ਾਹੀ ਕਿਲ੍ਹੇ ਅਤੇ ਰਾਣੀਆਂ ਦੀਆਂ ਹਵੇਲੀਆਂ ਵਿੱਚ ਤਲਾਸ਼ੀਆਂ ਲਈ ਗਈਆਂ ਸਨ। ਡਾ. ਜੌਨ ਸਪੈਂਸਰ ਲੌਗਿਨ ਨੂੰ ਖਾਸ ਤੌਰ ’ਤੇ ਇੰਗਲੈਂਡ ਤੋਂ ਬੁਲਾ ਕੇ ਤੋਸ਼ਾਖਾਨਿਆਂ ਦਾ ਇੰਚਾਰਜ ਬਣਾਇਆ ਗਿਆ ਸੀ।
ਰਾਣੀ ਧਰਮ ਕੌਰ ਰੰਧਾਵੀ (ਮਹਾਰਾਜਾ ਸ਼ੇਰ ਸਿੰਘ ਦੀ ਰਾਣੀ) ਦੀ ਹਵੇਲੀ ਵਿੱਚ ਤੋਸ਼ਾਖਾਨਾ ਖੋਲ੍ਹ ਕੇ ਸਾਰੇ ਗਹਿਣੇ ਚਾਰ ਮੇਜ਼ਾਂ ਉੱਤੇ ਰੱਖ ਕੇ ਤੁਲਵਾਏ ਗਏ। ਉਨ੍ਹਾਂ ਦਾ ਸ਼ੁੱਧ ਵਜ਼ਨ 20 ਕਿਲੋਗ੍ਰਾਮ ਤੋਂ ਵੀ ਵੱਧ ਸੀ। ਉਸ ਵੇਲੇ ਰਾਣੀਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਰਾਜ ਦੀ ਸਥਿਤੀ ਆਮ ਹੋਣ ਤੋਂ ਬਾਅਦ ਸਾਰਾ ਸਾਮਾਨ ਵਾਪਸ ਕਰ ਦਿੱਤਾ ਜਾਵੇਗਾ, ਪਰ ਇਹ ਵਾਅਦਾ ਕਦੇ ਪੂਰਾ ਨਾ ਹੋਇਆ।
ਰਾਣੀ ਧਰਮ ਕੌਰ ਨੇ ਵੱਡੀ ਜੱਦੋ-ਜਹਿਦ ਤੋਂ ਬਾਅਦ 13 ਅਪ੍ਰੈਲ 1870 ਨੂੰ ਲਾਹੌਰ ਦੇ ਡਿਪਟੀ ਕਮਿਸ਼ਨਰ ਤੋਂ ਗਹਿਣਿਆਂ ਅਤੇ ਸਾਮਾਨ ਦੀ ਰਸੀਦ ਲੈ ਲਈ ਸੀ। ਉਨ੍ਹਾਂ ਦਾ ਇਰਾਦਾ ਇੰਗਲੈਂਡ ਜਾ ਕੇ ਲੀਗਲ ਲੜਾਈ ਲੜਨਾ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਇਸ ਤੋਂ ਬਾਅਦ ਰਾਣੀ ਧਰਮ ਕੌਰ ਦੇ ਵਾਰਸ ਕੰਵਰ ਕਰਵਿੰਦਰ ਪਾਲ ਸਿੰਘ, ਕੰਵਰ ਮੀਤਪਾਲ ਸਿੰਘ, ਸਾਬਕਾ ਏਅਰ ਮਾਰਸ਼ਲ ਕੰਵਰ ਦਲਿੰਦਰਜੀਤ ਸਿੰਘ ਅਤੇ ਕੰਵਰ ਦਵਿੰਦਰਪਾਲ ਸਿੰਘ ਨੇ 21 ਮਾਰਚ 2001 ਨੂੰ ਤਤਕਾਲੀ ਬ੍ਰਿਟਿਸ਼ ਰਾਣੀ ਐਲਿਜ਼ਾਬੈਥ-2 ਨੂੰ ਪੱਤਰ ਲਿਖ ਕੇ ਰਾਣੀ ਧਰਮ ਕੌਰ ਦੇ ਸ਼ਾਹੀ ਗਹਿਣਿਆਂ ਸਮੇਤ ਕੋਹੇਨੂਰ ਹੀਰਾ, ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ, ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ, ਮਹਾਰਾਜਾ ਖੜਕ ਸਿੰਘ ਦਾ ਦੋ-ਧਾਰੀ ਸੁਨਹਿਰੀ ਖੰਡਾ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਹੀਰੇ ਨਾਲ ਜੜੀ ਪੇਟੀ ਵਾਪਸ ਕਰਨ ਦੀ ਮੰਗ ਕੀਤੀ। ਰਾਣੀ ਐਲਿਜ਼ਾਬੈਥ-2 ਨੇ 5 ਅਪ੍ਰੈਲ 2001 ਨੂੰ ਜਵਾਬੀ ਪੱਤਰ ਵਿੱਚ ਭਰੋਸਾ ਦਿੱਤਾ ਸੀ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ਉੱਤੇ ਗੱਲਬਾਤ ਕਰਕੇ ਢੁੱਕਵੀਂ ਕਾਰਵਾਈ ਕਰੇਗਾ।
ਪਰ 23 ਸਾਲ ਬੀਤਣ ਤੋਂ ਬਾਅਦ ਵੀ ਕੋਈ ਠੋਸ ਕਦਮ ਨਾ ਉਠਾਏ ਜਾਣ ਕਾਰਨ ਵਾਰਸਾਂ ਨੇ ਹੁਣ ਯੂ.ਕੇ. ਦੀਆਂ ਅਦਾਲਤਾਂ ਵਿੱਚ ਪੂਰੀ ਤਾਕਤ ਨਾਲ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਲੜਾਈ ਵਿੱਚ ਭਾਰਤ ਸਰਕਾਰ ਦਾ ਵੀ ਸਹਿਯੋਗ ਲਿਆ ਜਾਵੇਗਾ।
![]()
