ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੋਵਿਡ-19 ਮਹਾਮਾਰੀ ਦੇ ਸਾਲਾਂ ਨੂੰ ਛੱਡ ਕੇ 2001 ਤੋਂ ਬਾਅਦ ਪਹਿਲੀ ਵਾਰ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਘਟੀ ਹੈ। ਯੂ. ਐਸ. ਕਾਮਰਸ ਵਿਭਾਗ ਦੇ ਨੈਸ਼ਨਲ ਟਰੈਵਲ ਐਂਡ ਟੂਰਿਜਮ ਦਫ਼ਤਰ (ਐਨ. ਟੀ. ਟੀ. ਓ.) ਅਨੁਸਾਰ ਜੂਨ 2025 ਵਿੱਚ 2.1 ਲੱਖ ਭਾਰਤੀ ਅਮਰੀਕਾ ਆਏ, ਜੋ ਕਿ ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ ਵਿੱਚ 8% ਘੱਟ ਹਨ। ਜੂਨ 2024 ਵਿੱਚ 2.3 ਲੱਖ ਭਾਰਤੀ ਅਮਰੀਕਾ ਆਏ ਸਨ। ਅਗਲੇ ਮਹੀਨਿਆਂ ਵਿੱਚ ਵੀ ਇਹ ਹੀ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਆਰਜੀ ਅੰਕੜਿਆਂ ਅਨੁਸਾਰ ਜੁਲਾਈ 2025 ਵਿੱਚ ਜੁਲਾਈ 2024 ਦੀ ਤੁਲਨਾ ਵਿੱਚ 5.5% ਭਾਰਤੀ ਅਮਰੀਕਾ ਘੱਟ ਆਏ ਹਨ। ਐਨ. ਟੀ. ਟੀ. ਓ. ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜੂਨ ਵਿੱਚ ਸਮੁੱਚੇ ਤੌਰ ’ਤੇ ਅਮਰੀਕਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦੀ ਗਿਣਤੀ ਵਿੱਚ 6.2 ਫ਼ੀਸਦੀ ਕਮੀ ਆਈ ਹੈ। ਮਈ ਵਿੱਚ ਇਹ ਕਮੀ 7 ਫ਼ੀਸਦੀ ਦਰਜ ਹੋਈ ਹੈ ਜਦ ਕਿ ਫ਼ਰਵਰੀ ਤੇ ਮਾਰਚ ਵਿੱਚ ਅਮਰੀਕਾ ਆਉਣ ਵਾਲੇ ਯਾਤਰੀ ਕ੍ਰਮਵਾਰ 1.9 ਫ਼ੀਸਦੀ ਤੇ 8 ਫ਼ੀਸਦੀ ਘਟੇ ਹਨ। ਇਸ ਸਾਲ ਕੇਵਲ ਜਨਵਰੀ ਤੇ ਅਪ੍ਰੈਲ ਵਿੱਚ ਪਿਛਲੇ ਸਾਲ ਦੇ ਇਨਾਂ ਮਹੀਨਿਆਂ ਦੀ ਤੁਲਨਾ ਵਿੱਚ ਕ੍ਰਮਵਾਰ 4.7 ਤੇ 1.3
ਫ਼ੀਸਦੀ ਵਧ ਯਾਤਰੀ ਅਮਰੀਕਾ ਆਏ ਹਨ। ਅਮਰੀਕਾ ਲਈ ਭਾਰਤ ਕੌਮਾਂਤਰੀ ਸੈਲਾਨੀਆਂ ਦਾ ਚੌਥਾ ਸਭ ਤੋਂ ਵੱਡਾ ਸਾਧਨ ਹੈ। ਜੂਨ ਵਿੱਚ ਅਮਰੀਕਾ ਆਏ ਵਿਸ਼ਵ ਭਰ ਦੇ ਸੈਲਾਨੀਆਂ ਵਿੱਚੋਂ 60 ਫ਼ੀਸਦੀ ਸੈਲਾਨੀ 5 ਦੇਸ਼ਾਂ ਭਾਰਤ, ਕੈਨੇਡਾ, ਮੈਕਸੀਕੋ, ਇੰਗਲੈਂਡ ਤੇ ਬ੍ਰਾਜ਼ੀਲ ਤੋਂ ਆਏ ਹਨ। ਐਨ ਟੀ ਟੀ ਓ ਅਨੁਸਾਰ ਰਵਾਇਤੀ ਤੌਰ ’ਤੇ ਅਮਰੀਕਾ ਆਉਣ ਵਾਲੇ ਭਾਰਤੀਆਂ ਵਿੱਚ ਵਿਦਿਆਰਥੀ, ਕਾਰੋਬਾਰੀ, ਪੇਸ਼ਾਵਰ ਲੋਕ ਤੇ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੋਸਤ ਸ਼ਾਮਿਲ ਹਨ। ਮੌਜੂਦਾ ਕਮੀ ਮੁੱਖ ਤੌਰ ’ਤੇ ਵਿਦਿਆਰਥੀਆਂ ਕਾਰਨ ਆਈ ਹੈ ਜਿਨਾਂ ਉੱਪਰ ਟਰੰਪ ਪ੍ਰਸ਼ਾਸਨ ਦੁਆਰੀ ਕਈ ਤਰ੍ਹਾਂ ਦੀਆਂ ਰੋਕਾਂ ਲਾਈਆਂ ਹੋਈਆਂ ਹਨ। ਇਸ ਤੋਂ ਇਲਾਵਾ ਕਾਰੋਬਾਰੀ ਤੇ ਪਰਿਵਾਰਕ ਮੈਂਬਰ ਵੀ ਵੀਜ਼ਿਆਂ ਵਿੱਚ ਦੇਰੀ ਕਾਰਨ ਪ੍ਰਭਾਵਿਤ ਹੋਏ ਹਨ। ਸਭ ਤੋਂ ਵਧ ਸੈਲਾਨੀ ਯੂ. ਏ. ਈ. ਜਾਂਦੇ ਹਨ। ਉਸ ਤੋਂ ਬਾਅਦ ਸਾਊਦੀ ਅਰਬ, ਥਾਈਲੈਂਡ, ਸਿੰਘਾਪੁਰ ਤੇ ਅਮਰੀਕਾ ਦਾ ਸਥਾਨ ਆਉਂਦਾ ਹੈ।