ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਪ੍ਰਵਾਸੀਆਂ ਦੇ ਮੁੱਦੇ ’ਤੇ ਪਿਛਲਾ ਸਾਲ ਕੈਲੀਫ਼ੋਰਨੀਆ ਲਈ ਸੁਖਾਵਾਂ ਨਹੀਂ ਰਿਹਾ ਤੇ ਉਸ ਨੂੰ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਅਧਿਕਾਰੀਆਂ ਨਾਲ ਟਕਰਾਅ ਵਰਗੇ ਹਾਲਾਤ ਵਿਚੋਂ ਗੁਜਰਨਾ ਪਿਆ। ਕੈਲੀਫ਼ੋਰਨੀਆ ਅਸੈਂਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਜ ਤੋਂ ਦੂਰ ਰੱਖਣ ਲਈ ਕਈ ਬਿੱਲ ਪਾਸ ਕੀਤੇ ਜਿਨ੍ਹਾਂ ਵਿੱਚ ਸੰਘੀ ਅਫ਼ਸਰਾਂ ਨੂੰ ਰਾਜ ਵਿੱਚ ਕਾਰਵਾਈ ਕਰਨ ਤੋਂ ਪਹਿਲਾਂ ਆਪਣੀ ਪਛਾਣ ਦੱਸਣਾ ਜ਼ਰੂਰੀ ਕਰ ਦਿੱਤਾ ਗਿਆ ਤੇ ਕਿਸੇ ਵੀ ਅਦਾਰੇ ਜਾਂ ਖੇਤਰ ਵਿੱਚ ਦਾਖਲ ਹੋਣ ਲਈ ਹੱਦਾਂ ਤੈਅ ਕੀਤੀਆਂ ਗਈਆਂ। ਪਿਛਲੇ ਪੂਰੇ ਸਾਲ ਦੌਰਾਨ ਟਰੰਪ ਪ੍ਰਸ਼ਾਸਨ ਦੱਖਣੀ ਕੈਲੀਫ਼ੋਰਨੀਆ ਵਿੱਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਖਾਸ ਤੌਰ ’ਤੇ ਸਰਗਰਮ ਰਿਹਾ। ਇਮੀਗ੍ਰੇਸ਼ਨ ਦੇ ਛਾਪਿਆਂ ਵਿਰੁੱਧ ਲਾਸ ਏਂਜਲਸ ਵਿੱਚ ਵੱਡੀ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ, ਜਿਸ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਵਰਨਰ ਗੈਵਿਨ ਨਿਓਸੋਮ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਰਾਜ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ। ਇਮੀਗ੍ਰੇਸ਼ਨ ਅਧਿਕਾਰੀਆਂ ਦੇ ਛਾਪਿਆਂ ਕਾਰਨ ਕੋਚੇਲਾ ਵਾਦੀ ਵਿੱਚ ਪ੍ਰਵਾਸੀਆਂ ਵੱਲੋਂ ਵਿਆਹਾਂ ਸਮੇਤ ਕਈ ਸਮਾਗਮ ਰੱਦ ਕਰ ਦਿੱਤੇ ਗਏ। ਜੁਲਾਈ ਵਿੱਚ ਉੱਤਰ ਪੱਛਮ ਵਿੱਚ ਕੈਮਾਰੀਲੋ ਨੇੜੇ ਇੱਕ ਗਲਾਸ ਹਾਊਸ ’ਤੇ ਛਾਪੇ ਦੌਰਾਨ ਇੱਕ ਵਰਕਰ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੈਦਾ ਹੋਏ ਹਾਲਾਤ ਨੂੰ ਵੇਖਦਿਆਂ ਰਾਜ ਨੇ ਖਪਤਕਾਰ ਸੁਰੱਖਿਆ ਸਮੇਤ ਕਈ ਕਾਨੂੰਨ ਪਾਸ ਕੀਤੇ ਤਾਂ ਜੋ ਸੰਘੀ ਅਫ਼ਸਰਾਂ ਨੂੰ ਆਪ ਹੁਦਰੀਆਂ ਕਰਨ ਤੋਂ ਰੋਕਿਆ ਜਾ ਸਕੇ। ਪਾਸ ਕੀਤੇ ਐਸ ਬੀ 81 ਤਹਿਤ ਕੁਝ ਛੋਟਾਂ ਸਮੇਤ ਸਿਹਤ ਸੰਭਾਲ ਅਦਾਰਿਆਂ ਨੂੰ ਮਰੀਜ਼ਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਮਨਾਂ ਕਰ ਦਿੱਤਾ ਗਿਆ। ਕੈਲੀਫ਼ੋਰਨੀਆ ਅਟਾਰਨੀ ਜਨਰਲ ਦੇ ਦਫ਼ਤਰ ਅਨੁਸਾਰ ਇਸ ਬਿੱਲ ਵਿੱਚ ਨਿਸਚਤ ਕੀਤਾ ਗਿਆ ਕਿ ਸਿਹਤ ਸੰਭਾਲ ਸੰਸਥਾਵਾਂ ਹਰ ਇੱਕ ਨੂੰ ਅੰਦਰ ਆਉਣ ਦੀ ਇਜਾਜਤ ਨਹੀਂ ਦੇਣਗੀਆਂ । ਖਾਸ ਤੌਰ ’ਤੇ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਮੰਤਵਾਂ ਲਈ ਹਰ ਕੋਈ ਅੰਦਰ ਦਾਖਲ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ ਮਾਪਿਆਂ ਨੂੰ ਬੱਚਿਆਂ ਤੋਂ ਵੱਖ ਕਰਨ ਦੇ ਯਤਨਾਂ ਨੂੰ ਰੋਕਣ ਲਈ ਫ਼ੈਮਿਲੀ ਪ੍ਰੀਪੇਅਰਡਨੈਸ ਪਲੈਨ ਐਕਟ 2025 ਬਣਾਇਆ ਗਿਆ। ਏ ਬੀ 495 ਦੁਆਰਾ ਡੇ ਕੇਅਰ ਤੇ ਸਟੇਟ ਪ੍ਰੀਸਕੂਲ ਵਿਖੇ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਨਾਲ ਸਹਿਯੋਗ ਸੀਮਿਤ ਕਰਨ ਲਈ ਅਟਰਾਨੀ ਜਨਰਲ ਨੂੰ ਨਵੀਆਂ ਨੀਤੀਆਂ ਲਿਆਉਣ ਲਈ ਕਿਹਾ ਗਿਆ। ਏ ਬੀ 419 ਤਹਿਤ ਇਮੀਗ੍ਰੇਸ਼ਨ ਸਥਿਤੀ ਦੀ ਪ੍ਰਵਾਹ ਕੀਤੇ ਬਗੈਰ ਬੱਚਿਆਂ ਦੀ ਮੁਫ਼ਤ ਸਿੱਖਿਆ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਗਿਆ। ਐਸ ਬੀ 627 ਜਿਸ ਨੂੰ ਨੋ ਸੀਕਰਟ ਪੁਲਿਸ ਐਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤਹਿਤ ਕੁਝ ਛੋਟਾਂ
ਸਮੇਤ ਇਨਫ਼ੋਰਸਮੈਂਟ ਅਫ਼ਸਰਾਂ ਨੂੰ ਕਾਰਵਾਈ ਦੌਰਾਨ ਆਪਣੀ ਪਛਾਣ ਛਪਾਉਣ ਲਈ ਚੇਹਰੇ ਢਕਣ ਤੋਂ ਮਨਾਂ ਕਰ ਦਿੱਤਾ ਗਿਆ। ਐਸ ਬੀ 805 ਤਹਿਤ ਗ੍ਰਿਫ਼ਤਾਰੀ ਵਰਗੀਆਂ ਕਾਰਵਾਈ ਕਰਨ ਸਮੇ ਬਿਨਾਂ ਵਰਦੀ ਦੇ ਅਫ਼ਸਰਾਂ ਲਈ ਆਪਣੀ ਪਛਾਣ ਦੱਸਣਾ ਜਾਂ ਬੈਜ ਨੰਬਰ ਦੱਸਣਾ ਲਾਜਮੀ ਕਰ ਦਿੱਤਾ ਗਿਆ। ਏ ਬੀ 49, ਐਸ ਬੀ 307,ਐਸ ਬੀ 294, ਐਸ ਬੀ 98 ਤੇ ਏ ਬੀ 1261 ਵਰਗੇ ਬਿੱਲ ਪਾਸ ਕੀਤੇ ਗਏ ਜਿਨ੍ਹਾਂ ਦਾ ਮਕਸਦ ਪ੍ਰਵਾਸੀਆਂ, ਵਿਦਿਆਰਥੀਆਂ ਤੇ ਬੱਚਿਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਹੈ। ਹਾਲਾਂ ਕਿ ਕਈ ਥਾਵਾਂ ’ਤੇ ਇਮੀਗ੍ਰੇਸ਼ਨ ਇਨਫ਼ੋਰਸਮੈਂਟ ਵੱਲੋਂ ਧੱਕੇਸ਼ਾਹੀ ਕਰਨ ਦੀਆਂ ਖਬਰਾਂ ਵੀ ਆਈਆਂ ਪਰੰਤੂ ਕੈਲੀਫ਼ੋਰਨੀਆ ਵੱਲੋਂ ਧੱਕੇਸ਼ਾਹੀ ਰੋਕਣ ਲਈ ਗੰਭੀਰਤਾ ਨਾਲ ਕੀਤੇ ਗਏ ਯਤਨ ਕਾਫ਼ੀ ਹੱਦ ਤੱਕ ਕਾਰਗਰ ਸਾਬਤ ਹੋਏ ਹਨ।
![]()
