31 views 5 secs 0 comments

2025 : ਵਿਗਿਆਨ ਤੋਂ ਲੈ ਕੇ ਖੇਡਾਂ ਤੱਕ ਔਰਤਾਂ ਨੇ ਨਵੇਂ ਕੀਰਤੀਮਾਨ ਕੀਤੇ ਸਥਾਪਿਤ

In ਭਾਰਤ
December 27, 2025

-2025 ਦਾ ਵਰ੍ਹਾ ਔਰਤਾਂ ਦੇ ਸਸ਼ਕਤੀਕਰਨ ਲਈ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ। ਵਿਗਿਆਨ ਤੋਂ ਲੈ ਕੇ ਖੇਡਾਂ ਤੱਕ ਔਰਤਾਂ ਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਇਸ ਵਰ੍ਹੇ ਭਾਰਤ ਦੇ ‘ਗਗਨਯਾਨ’ ਮਿਸ਼ਨ ਅਤੇ ਹੋਰ ਅੰਤਰਰਾਸ਼ਟਰੀ ਪੁਲਾੜ ਮੁਹਿੰਮਾਂ ਵਿੱਚ ਮਹਿਲਾ ਵਿਗਿਆਨੀਆਂ ਅਤੇ ਪੁਲਾੜ ਯਾਤਰੀਆਂ ਨੇ ਮੋਹਰੀ ਭੂਮਿਕਾ ਨਿਭਾਈ। ਔਰਤਾਂ ਨੇ ਸਾਬਿਤ ਕੀਤਾ ਕਿ ਬ੍ਰਹਿਮੰਡ ਦੀਆਂ ਸੀਮਾਵਾਂ ਉਨ੍ਹਾਂ ਲਈ ਦੂਰ ਨਹੀਂ ਹਨ। ਇਹ ਵਰ੍ਹਾ ਸਿੱਖਿਆ ਸਿਰਫ਼ ਡਿਗਰੀਆਂ ਤੱਕ ਸੀਮਤ ਨਹੀਂ ਰਹੀ, ਸਗੋਂ ‘ਸਕਿੱਲ ਡਿਵੈਲਪਮੈਂਟ’ ’ਤੇ ਜ਼ੋਰ ਦਿੱਤਾ ਗਿਆ। ਕੁੜੀਆਂ ਨੇ ਸਟੈਮ ਵਿਸ਼ਿਆਂ ਵਿੱਚ ਰੁਚੀ ਦਿਖਾ ਕੇ ਪੁਰਾਣੇ ਪੱਖਪਾਤਾਂ ਨੂੰ ਤੋੜਿਆ ਹੈ। ‘ਮਹਿਲਾ ਸਟਾਰਟਅੱਪਸ’ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ। ਡਿਜੀਟਲ ਇੰਡੀਆ ਦੇ ਪ੍ਰਭਾਵ ਸਦਕਾ ਪੇਂਡੂ ਔਰਤਾਂ ਨੇ ਵੀ ਈ-ਕਾਮਰਸ ਰਾਹੀਂ ਆਪਣੇ ਹੁਨਰ ਨੂੰ ਕੌਮਾਂਤਰੀ ਬਾਜ਼ਾਰ ਤੱਕ ਪਹੁੰਚਾਇਆ ਤੇ ਸਥਾਨਕ ਅਤੇ ਰਾਸ਼ਟਰੀ ਪੱਧਰ ’ਤੇ ਔਰਤਾਂ ਦੀ ਰਾਖਵੇਂਕਰਨ ਸਬੰਧੀ ਚਰਚਾਵਾਂ ਅਤੇ ਉਨ੍ਹਾਂ ਦੀ ਵਧਦੀ ਸ਼ਮੂਲੀਅਤ ਨੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ। ਔਰਤਾਂ ਨੇ ਏ.ਆਈ. ਤੇ ਕੋਡਿੰਗ ਵਰਗੇ ਗੁੰਝਲਦਾਰ ਖੇਤਰਾਂ ਵਿੱਚ ਮਰਦਾਂ ਦੇ ਬਰਾਬਰ ਪਕੜ ਬਣਾਈ ਹੈ। ਕਾਰਪੋਰੇਟ ਜਗਤ ਵਿੱਚ ‘ਬੋਰਡਰੂਮ’ ਤੋਂ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਤੱਕ, ਉਨ੍ਹਾਂ ਨੇ ਸੰਕਟ ਪ੍ਰਬੰਧਨ ਵਿੱਚ ਬਿਹਤਰੀਨ ਲੀਡਰਸ਼ਿਪ ਦਿਖਾਈ ਹੈ।
ਇਸ ਵਰ੍ਹੇ ਵੱਖ-ਵੱਖ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਭਾਰਤੀ ਮਹਿਲਾ ਅਥਲੀਟਾਂ ਨੇ ਕੁਸ਼ਤੀ, ਨਿਸ਼ਾਨੇਬਾਜ਼ੀ ਅਤੇ ਕ੍ਰਿਕਟ ਵਿੱਚ ਸੁਨਹਿਰੀ ਸਫਲਤਾ ਹਾਸਿਲ ਕੀਤੀ। ਉਲੰਪਿਕਸ ਤੋਂ ਲੈ ਕੇ ਕ੍ਰਿਕਟ ਤੱਕ, ਪੀ.ਵੀ. ਸਿੰਧੂ, ਮੀਤਾਲੀ ਰਾਜ ਅਤੇ ਨਿਕਹਤ ਜ਼ਰੀਨ ਵਰਗੀਆਂ ਖਿਡਾਰਨਾਂ ਨੇ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਵਧਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿਚ ਔਰਤਾਂ ’ਤੇ ਮਾਨਸਿਕ ਤਣਾਅ ਵਧਿਆ ਹੈ ਕਿਉਂਕਿ ਘਰੇਲੂ ਜ਼ਿੰਮੇਵਾਰੀਆਂ ਦਾ ਭਾਰ ਅਜੇ ਵੀ ਮੁੱਖ ਤੌਰ ’ਤੇ ਉਨ੍ਹਾਂ ’ਤੇ ਹੀ ਹੈ।

ਸਾਹਿਤ ਅਕਾਦਮੀ ਪੁਰਸਕਾਰ ਜੇਤੂ ਡਾ. ਪਾਲ ਕੌਰ
ਡਾ. ਪਾਲ ਕੌਰ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਅਜਿਹਾ ਪ੍ਰਮੁੱਖ ਨਾਮ ਹੈ, ਜਿਸ ਨੇ ਆਪਣੀ ਸੰਵੇਦਨਸ਼ੀਲ ਅਤੇ ਬੌਧਿਕ ਪਹੁੰਚ ਨਾਲ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਹਾਲ ਹੀ ਵਿੱਚ ਉਸ ਦੇ ਕਾਵਿ-ਸੰਗ੍ਰਹਿ ‘ਸੁਣ ਗੁਣਵੰਤਾ ਸੁਣ ਬੁਧਿਵੰਤਾ’ ਲਈ ਸਾਲ 2024 ਦੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜੋ ਉਸ ਦੀ ਲੰਬੀ ਸਾਹਿਤਕ ਸਾਧਨਾ ਦਾ ਵਡਮੁੱਲਾ ਨਿਚੋੜ ਹੈ। ਉਸ ਦੀ ਕਵਿਤਾ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਫਰੋਲਦੀ ਹੈ ਅਤੇ ਸਮਾਜ ਵਿੱਚ ਮਨੁੱਖੀ ਹੋਂਦ ਦੇ ਅਸਲ ਅਰਥਾਂ ਦੀ ਤਲਾਸ਼ ਕਰਦੀ ਹੋਈ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ।

ਸਾਹਿਤ ਅਕਾਦਮੀ ਯੁਵਾ ਪੁਰਸਕਾਰ ਪਿਆ ਮਨਦੀਪ ਔਲਖ ਦੀ ਝੋਲੀ
ਆਧੁਨਿਕ ਪੰਜਾਬੀ ਕਵਿਤਾ ਦੇ ਬਦਲਦੇ ਸਰੂਪ ਵਿੱਚ ਮਨਦੀਪ ਔਲਖ ਅਜਿਹੀ ਨਵੀਂ ਅਤੇ ਪ੍ਰਭਾਵਸ਼ਾਲੀ ਆਵਾਜ਼ ਵਜੋਂ ਉੱਭਰੀ ਹੈ, ਜਿਸ ਨੇ ਆਪਣੀ ਪਹਿਲੀ ਹੀ ਕਿਤਾਬ ਨਾਲ ਸਾਹਿਤਕ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਾਲ 2025 ਲਈ ਉਸ ਦੇ ਕਾਵਿ-ਸੰਗ੍ਰਹਿ ‘ਗਰਲਜ਼ ਹੋਸਟਲ’ ਨੂੰ ਸਾਹਿਤ ਅਕਾਦਮੀ ਵੱਲੋਂ ‘ਯੁਵਾ ਪੁਰਸਕਾਰ’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਸਨਮਾਨ ਨਾ ਸਿਰਫ਼ ਮਨਦੀਪ ਦੀ ਸਿਰਜਣਾਤਮਕਤਾ ਦੀ ਮਾਨਤਾ ਹੈ, ਸਗੋਂ ਇਹ ਉਸ ਨਵੀਂ ਪੀੜ੍ਹੀ ਦੀਆਂ ਕੁੜੀਆਂ ਦੇ ਅਨੁਭਵਾਂ ਨੂੰ ਮਿਲੀ ਮਾਨਤਾ ਵੀ ਹੈ, ਜੋ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ’ਤੇ ਜਿਊਣ ਦਾ ਸਾਹਸ ਕਰਦੀਆਂ ਹਨ।

ਏਅਰ ਫੋਰਸ ਅਕੈਡਮੀ ’ਚ ਛਾਈਆਂ ਚਰਨਪ੍ਰੀਤ ਕੌਰ ਤੇ ਮਹਿਕ ਦਹੀਆ
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪਰੇਟਰੀ ਇੰਸਟੀਚਿਊਟ ਫਾਰ ਗਰਲਜ਼ (ਮੋਹਾਲੀ) ਦੀਆਂ ਦੋ ਵਿਦਿਆਰਥਣਾਂ, ਚਰਨਪ੍ਰੀਤ ਕੌਰ ਅਤੇ ਮਹਿਕ ਦਹੀਆ, ਏਅਰ ਫੋਰਸ ਅਕੈਡਮੀ (ਡੁੰਡੀਗਲ) ਵਿੱਚੋਂ ਪਾਸ ਹੋ ਕੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਕਮਿਸ਼ਨ ਹੋਈਆਂ। ਇਹ ਪ੍ਰਾਪਤੀ ਪੰਜਾਬ ਦੀਆਂ ਲੜਕੀਆਂ ਲਈ ਰੱਖਿਆ ਸੇਵਾਵਾਂ ਵਿੱਚ ਕੈਰੀਅਰ ਬਣਾਉਣ ਲਈ ਇੱਕ ਵੱਡੀ ਪ੍ਰੇਰਣਾ ਹੈ।
ਸਭ ਛੋਟੀ ਉਮਰ ਦੀ ਜੱਜ ਬਣੀ ਮੁਸਕਾਮ
ਲੰਬੇ ਸਮੇਂ ਤੋਂ ਡਾਕਖਾਨੇ ਅਤੇ ਐੱਲਆਈਸੀ ਵਿੱਚ ਕਮਿਸ਼ਨ ਏਜੰਟ ਦਾ ਕੰਮ ਕਰਦੇ ਵਿਜੇ ਗਰਗ ਦੀ ਧੀ ਮੁਸਕਾਨ ਗਰਗ ਨੇ ਦਿਨ-ਰਾਤ ਪੜ੍ਹਾਈ ਕਰਕੇ ਜੱਜ ਦੀ ਕੁਰਸੀ ਹਾਸਲ ਕੀਤੀ। 23 ਸਾਲਾ ਮੁਸਕਾਨ ਗਰਗ ਨੇ ਆਲ ਇੰਡੀਆ ਚੋਂ ਕਲੈਡ ਦੇ ਪੇਪਰ ’ਚੋ 5ਵਾਂ ਰੈਂਕ ਹਾਸਲ ਕਰ ਮਾਂ-ਬਾਪ ਦਾ ਨਾਮ ਰੋਸ਼ਨ ਕੀਤਾ। ਮੁਸਕਾਨ ਗਰਗ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਦਾ ਉਸ ਨੂੰ ਇਸ ਮੁਕਾਮ ’ਤੇ ਲੈ ਕੇ ਆਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਉਸ ਦੀ ਕੋਈ ਵੀ ਗੱਲ ਨਹੀਂ ਮੋੜੀ। ਉਸ ਨੇ ਕਿਹਾ ਕਿ ਉਸ ਨੂੰ ਸ਼ੌਕ ਸੀ ਕਿ ਜੱਜ ਬਣ ਕੇ ‘ਓਡਰ ਓਡਰ’ ਕਰਨਾ, ਜੋ ਅੱਜ ਮੁਕੰਮਲ ਹੋ ਗਿਆ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ।

ਕ੍ਰਿਕਟ ਮੈਦਾਨਾਂ ਦੀ ਰਾਣੀ ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਨਾਂਅ ਮਾਹਿਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। ਮੋਗਾ ਦੀ ਰਹਿਣ ਵਾਲੀ ਇਹ ਖਿਡਾਰਨ ਉਦੋਂ ਹੋਰ ਵੀ ਚਰਚਾ ਵਿੱਚ ਆਈ ਜਦੋਂ ਉਸ ਦੀ ਕਪਤਾਨੀ ਹੇਠ ਟੀਮ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਅਤੇ ਜਿੱਤ ਹਾਸਲ ਕੀਤੀ। ਹਰਮਨਪ੍ਰੀਤ ਦਾ ਸਫ਼ਰ ਕੁਰਬਾਨੀਆਂ ਭਰਿਆ ਰਿਹਾ ਹੈ। ਉਸ ਨੇ ਆਪਣੇ ਬਚਪਨ ਵਿੱਚ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਸਥਾਨਕ ਲੋਕ ਦੱਸਦੇ ਹਨ ਕਿ ਉਹ ਅਕਸਰ ਮੁੰਡਿਆਂ ਨਾਲ ਖੇਡਦੀ ਸੀ ਅਤੇ ਸੀਮਤ ਬੁਨਿਆਦੀ ਢਾਂਚੇ ਦੇ ਬਾਵਜੂਦ ਕ੍ਰਿਕਟ ਕੋਚਿੰਗ ਲਈ ਮੀਲਾਂ ਦਾ ਸਫ਼ਰ ਤੈਅ ਕਰਦੀ ਸੀ। ਉਸ ਦੇ ਪਿਤਾ ਹਰਮਿੰਦਰ ਸਿੰਘ, ਜੋ ਕਿ ਉਤਸ਼ਾਹੀ ਖੇਡ ਪ੍ਰੇਮੀ ਸਨ ਅਤੇ ਮਾਤਾ ਸਤਵਿੰਦਰ ਕੌਰ ਨੇ ਉਸ ਦੇ ਸੁਪਨੇ ਨੂੰ ਜਿਉਂਦਾ ਰੱਖਣ ਲਈ ਅਟੁੱਟ ਸਮਰਥਨ ਦਿੱਤਾ। ਹਰਮਨਪ੍ਰੀਤ ਸੱਜੇ ਹੱਥ ਦੀ ਬੱਲੇਬਾਜ਼ ਅਤੇ ਕਾਰਗਰ ਆਫ-ਸਪਿਨ ਗੇਂਦਬਾਜ਼ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਮਹੱਤਵਪੂਰਨ ਰਿਕਾਰਡ ਦਰਜ ਕਰ ਚੁੱਕੀ ਹੈ, ਜਿਨ੍ਹਾਂ ਵਿੱਚ 2017 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ 115 ਗੇਂਦਾਂ ਵਿੱਚ ਨਾਬਾਦ 171 ਦੌੜਾਂ ਬਣਾਉਣਾ ਸ਼ਾਮਲ ਹੈ।

‘ਦੈਟ ਗਰਲ਼’ ਪਰਮਜੀਤ ਨੇ ਰਚਿਆ ਇਤਿਆਸ

19 ਸਾਲਾ ਪਰਮਜੀਤ ਕੌਰ, ਜਿਸ ਨੂੰ ਉਸ ਦੇ ਆਨਲਾਈਨ ਨਾਂ ‘‘ਦੈਟ ਗਰਲ਼’ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਸੰਗੀਤ ਅਤੇ ਡਿਜੀਟਲ ਮੀਡੀਆ ਵਿੱਚ ਇੱਕ ਤੇਜ਼ੀ ਨਾਲ ਉੱਭਰਦੀ ਸ਼ਖ਼ਸੀਅਤ ਹੈ। ਮੋਗਾ ਜ਼ਿਲ੍ਹੇ ਦੇ ਦੁੱਨੇਕੇ ਪਿੰਡ ਦੀ ਰਹਿਣ ਵਾਲੀ ਪਰਮ ਦਾ ਪਿਛੋਕੜ ਬਹੁਤ ਹੀ ਸਾਧਾਰਨ ਹੈ। ਉਸ ਦੇ ਪਿਤਾ ਸੁਰਜੀਤ ਸਿੰਘ ਦਿਹਾੜੀਦਾਰ ਮਜ਼ਦੂਰ ਹਨ, ਜਦੋਂ ਕਿ ਉਸ ਦੀ ਮਾਤਾ ਜਸਪਾਲ ਕੌਰ ਘਰੇਲੂ ਸਹਾਇਕ ਵਜੋਂ ਕੰਮ ਕਰਦੀ ਹੈ। ਪਰਮ ਨੇ ਮੋਗਾ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਵਰਤਮਾਨ ਵਿੱਚ ਡੀਐੱਮ ਕਾਲਜ, ਮੋਗਾ ਵਿੱਚ ਪੜ੍ਹ ਰਹੀ ਹੈ। ਉਸ ਨੇ ਲਗਪਗ ਇੱਕ ਸਾਲ ਪਹਿਲਾਂ ਛੋਟੀਆਂ ਸੰਗੀਤ ਰੀਲਾਂ ਬਣਾਉਣੀਆਂ ਸ਼ੁਰੂ ਕੀਤੀ ਸਨ। ਉਸ ਦਾ ਡੈਬਿਊ ਸਿੰਗਲ ਰਿਲੀਜ਼ ਤੋਂ ਬਾਅਦ ਤੁਰੰਤ ਵਾਇਰਲ ਹੋ ਗਿਆ। ਇਸ ਗੀਤ ਨੇ ਹਫ਼ਤੇ ਦੇ ਅੰਦਰ 35 ਲੱਖ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ। ਇਹ ਗੀਤ ਔਰਤਾਂ ਦੀ ਆਜ਼ਾਦੀ ਅਤੇ ਸਵੈ-ਵਿਸ਼ਵਾਸ ਦੇ ਸਸ਼ਕਤੀਕਰਨ ਸੰਦੇਸ਼ ਲਈ ਮਕਬੂਲ ਹੋਇਆ।

ਨੌਜਵਾਨਾਂ ਲਈ ਮਿਸਾਲ ਬਣੀ ਅਮਨਜੀਤ ਕੌਰ
ਜ਼ਿਲ੍ਹਾ ਮਾਨਸਾ ਦੇ ਪਿੰਡ ਕੁਲਰੀਆਂ ਦੀ ਅਮਨਜੀਤ ਕੌਰ ਫੁੱਲਾਂ ਦੀ ਕਾਸ਼ਤ ਨਾਲ ਜਿੱਥੇ ਨੌਜਵਾਨਾਂ ਲਈ ਉਦਾਹਰਣ ਬਣੀ ਹੈ। ਉੱਥੇ ਹੀ ਆਪਣੇ ਪਰਿਵਾਰ ਦਾ ਵੀ ਸਹਾਰਾ ਬਣੀ ਹੈ। ਪਿੰਡ ਕੁਲਰੀਆਂ ਦੀ ਅਮਨਜੀਤ ਕੌਰ (25 ਸਾਲ) ਪੁੱਤਰੀ ਜੀਤਾ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਵਾ 2 ਕਿੱਲ੍ਹੇ ਜ਼ਮੀਨ ਦੀ ਵਾਹੀ ਕਰਦੇ ਹਨ ਅਤੇ ਉਸ ਦੇ ਪਰਿਵਾਰ ਵਿਚ ਮਾਤਾ-ਪਿਤਾ ਅਤੇ ਉਸ ਦੇ ਦੋ ਭਰਾ ਹਨ। ਇੰਨੇ ਘੱਟ ਰਕਬੇ ਦੀ ਵਾਹੀ ਨਾਲ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ। ਉਸ ਨੇ ਪੀਜੀਡੀਸੀਏ ਦੀ ਫ਼ੀਸ ਵੀ ਮੁਸ਼ਕਿਲ ਨਾਲ ਸਵੈ ਸੇਵੀ ਸੰਸਥਾ ਅਤੇ ਪਰਿਵਾਰ ਦੀ ਮਦਦ ਨਾਲ ਭਰੀ ਸੀ। ਵਿੱਤੀ ਹਾਲਾਤ ਮਾੜੇ ਹੋਣ ਕਾਰਨ ਅਗਲੀ ਪੜ੍ਹਾਈ ਦਾ ਕੋਈ ਰਾਹ ਨਹੀਂ ਸੀ।

ਸਭ ਤੋਂ ਘੱਟ ਉਮਰ ਦੀ ਵਿਧਾਇਕ ਮੈਥਿਲੀ ਠਾਕੁਰ

ਮੈਥਿਲੀ ਠਾਕੁਰ ਬਹੁਤ ਹੀ ਪ੍ਰਤਿਭਾਸ਼ਾਲੀ ਭਾਰਤੀ ਸ਼ਾਸਤਰੀ ਤੇ ਲੋਕ ਗਾਇਕਾ ਹੈ, ਜਿਸ ਨੇ ਬਹੁਤ ਹੀ ਛੋਟੀ ਉਮਰ ਵਿੱਚ ਸੰਗੀਤ ਅਤੇ ਰਾਜਨੀਤੀ ਦੋਵਾਂ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਸ ਦਾ ਜਨਮ 25 ਜੁਲਾਈ 2000 ਨੂੰ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉਸ ਦੇ ਪਿਤਾ ਰਮੇਸ਼ ਠਾਕੁਰ ਦੀ ਅਗਵਾਈ ਹੇਠ ਹੋਈ, ਜਿਨ੍ਹਾਂ ਨੇ ਉਸ ਨੂੰ ਬਚਪਨ ਤੋਂ ਹੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਸਿੱਖਿਆ ਦਿੱਤੀ। ਮੈਥਿਲੀ ਨੂੰ ਅਸਲ ਪਛਾਣ ਸਾਲ 2017 ਵਿੱਚ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ’ ਰਾਹੀਂ ਮਿਲੀ, ਜਿੱਥੇ ਉਸ ਦੀ ਗਾਇਕੀ ਨੇ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਉਹ ਮੈਥਿਲੀ, ਭੋਜਪੁਰੀ, ਹਿੰਦੀ ਅਤੇ ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿਚ ਗਾਉਂਦੀ ਹੈ ਅਤੇ ਸੋਸ਼ਲ ਮੀਡੀਆ ’ਤੇ ਆਪਣੇ ਭਰਾਵਾਂ, ਰਿਸ਼ਵ ਅਤੇ ਅਯਾਚੀ ਨਾਲ ਪੇਸ਼ ਕੀਤੇ ਭਜਨਾਂ ਅਤੇ ਲੋਕ ਗੀਤਾਂ ਲਈ ਵਿਸ਼ਵ ਪੱਧਰ ’ਤੇ ਮਸ਼ਹੂਰ ਹੈ।

Loading