2027 ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਕੀਤੇ ਕਮਰਕਸੇ

In ਪੰਜਾਬ
March 10, 2026

ਨਿਊਜ਼ ਵਿਸ਼ਲੇਸ਼ਣ

ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਅਜੇ ਕਾਫ਼ੀ ਦੂਰ ਹਨ, ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬੇ ਵਿੱਚ ਆਪਣੇ ਪੈਰ ਜਮਾਉਣ ਅਤੇ ਸੱਤਾ ਵੱਲ ਵਧਣ ਲਈ ਭਾਜਪਾ ਨੇ ਇੱਕ ਵੱਡੀ ਰਣਨੀਤੀ ਅਪਣਾਈ ਹੈ, ਜਿਸ ਵਿੱਚ ਗੁਪਤ ਚੋਣ ਸਰਵੇਖਣ ਮੁੱਖ ਭੂਮਿਕਾ ਨਿਭਾ ਰਹੇ ਹਨ। ਪਾਰਟੀ ਨੇ ਪੰਜਾਬ ਭਰ ਵਿੱਚ ਇੱਕ ਵਿਆਪਕ ਅਤੇ ਗੁਪਤ ਸਰਵੇਖਣ ਕਰਵਾਇਆ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦੇ ਰੁਝਾਨ ਨੂੰ ਸਮਝਣ ਵਿੱਚ ਮਦਦ ਮਿਲੀ ਹੈ ਬਲਕਿ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ। ਇਸ ਸਰਵੇਖਣ ਨੂੰ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਕਰਵਾਇਆ ਗਿਆ ਹੈ, ਜਿਸ ਵਿੱਚ ਨਿੱਜੀ ਏਜੰਸੀਆਂ ਅਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਹੈ। ਇਸ ਦੇ ਨਾਲ ਹੀ, ਅਕਾਲੀ ਦਲ ਨਾਲ ਸੰਭਾਵਿਤ ਗੱਠਜੋੜ, ਬਿਕਰਮ ਸਿੰਘ ਮਜੀਠਿਆ ਨਾਲ ਗੁਪਤ ਸਮਝੌਤੇ ਅਤੇ ਸਿੱਖ ਵਰਗ ਨਾਲ ਸੰਬੰਧਾਂ ਨੂੰ ਲੈ ਕੇ ਵੀ ਗਰਮੋ ਗਰਮ ਚਰਚਾਵਾਂ ਚੱਲ ਰਹੀਆਂ ਹਨ।
ਭਾਜਪਾ ਦੀ ਇਸ ਵੱਡੀ ਤਿਆਰੀ ਦੀ ਸ਼ੁਰੂਆਤ ਕੇਂਦਰੀ ਲੀਡਰਸ਼ਿਪ ਵੱਲੋਂ ਕੀਤੀ ਗਈ ਹੈ। ਪਾਰਟੀ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਇਕਾਈ ਨੂੰ ਚੋਣ ਮੋਡ ਵਿੱਚ ਆਉਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਅਨੁਸਾਰ, ਗੁਪਤ ਸਰਵੇਖਣ ਕਰਵਾਇਆ ਗਿਆ ਹੈ। ਸਰਵੇਖਣ ਵਿੱਚ ਲੋਕਾਂ ਨੂੰ ਕਿਸਾਨੀ ਸੰਕਟ, ਬੇਰੁਜ਼ਗਾਰੀ, ਉਦਯੋਗਿਕ ਵਿਕਾਸ, ਨਸ਼ਾ ਅਤੇ ਕਾਨੂੰਨ-ਵਿਵਸਥਾ ਵਰਗੇ ਮੁੱਦਿਆਂ ਬਾਰੇ ਪੁੱਛਿਆ ਗਿਆ ਹੈ। ਇਹ ਮੁੱਦੇ ਪੰਜਾਬ ਵਿੱਚ ਹਮੇਸ਼ਾ ਹੀ ਸਿਆਸੀ ਚਰਚਾ ਦਾ ਕੇਂਦਰ ਰਹੇ ਹਨ ਅਤੇ ਭਾਜਪਾ ਇਨ੍ਹਾਂ ਨੂੰ ਆਪਣੇ ਚੋਣ ਏਜੰਡੇ ਵਿੱਚ ਸ਼ਾਮਲ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੀ ਹੈ। ਸਰਵੇਖਣ ਦੇ ਨਤੀਜੇ ਪਾਰਟੀ ਨੂੰ ਜ਼ਮੀਨੀ ਹਕੀਕਤ ਨੂੰ ਸਮਝਣ ਵਿੱਚ ਮਦਦ ਕਰ ਰਹੇ ਹਨ, ਜਿਸ ਨਾਲ ਬੂਥ ਅਤੇ ਮੰਡਲ ਪੱਧਰ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਆਉਣ ਵਾਲੇ ਮਹੀਨਿਆਂ ਵਿੱਚ ਭਾਜਪਾ ਹਾਈਕਮਾਂਡ ਵਲੋਂ ਜਨ ਸੰਪਰਕ ਮੁਹਿੰਮਾਂ, ਵਰਕਰ ਮੀਟਿੰਗਾਂ ਅਤੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਰਵੇਖਣ ਦੀ ਵਿਸਥਾਰ ਰਿਪੋਰਟ ਕੇਂਦਰੀ ਹਾਈਕਮਾਂਡ ਨੂੰ ਮਿਲ ਚੁੱਕੀ ਹੈ ਅਤੇ ਇਸ ਅਧਾਰ ਤੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਆਗੂ ਜਲਦੀ ਹੀ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਦੌਰੇ ਕਰਨਗੇ ਤਾਂ ਜੋ ਲੋਕਾਂ ਨਾਲ ਸਿੱਧਾ ਸੰਪਰਕ ਵਧਾਇਆ ਜਾ ਸਕੇ।
ਇਸ ਸਰਵੇਖਣ ਨਾਲ ਜੁੜੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਗੁਪਤ ਸਮਝੌਤਾ ਕੀਤਾ ਹੈ। ਸੂਤਰਾਂ ਮੁਤਾਬਕ, ਇਹ ਸਮਝੌਤਾ ਅਕਾਲੀ ਦਲ ਵਿੱਚ ਅੰਦਰੂਨੀ ਲੜਾਈ ਅਤੇ ਭਾਜਪਾ ਦੀ ਪੰਜਾਬ ਵਿੱਚ ਵਧਦੀ ਪਕੜ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਮਜੀਠੀਆ, ਜੋ ਅਕਾਲੀ ਦਲ ਦੇ ਪ੍ਰਮੁੱਖ ਚਿਹਰਿਆਂ ਵਿੱਚੋਂ ਇੱਕ ਹਨ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ, ਨੇ ਭਾਜਪਾ ਨਾਲ ਮਿਲ ਕੇ ਕੁਝ ਵਿਧਾਨ ਸਭਾ ਹਲਕਿਆਂ ਵਿੱਚ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਮਜੀਠੀਆ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਭਾਜਪਾ ਦੇ ਕਈ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸਨ, ਜਿਸ ਨਾਲ ਇਸ ਸਮਝੌਤੇ ਦੀਆਂ ਅਟਕਲਾਂ ਨੂੰ ਹੋਰ ਬਲ ਮਿਲਿਆ ਹੈ। ਮਜੀਠੀਆ ਦਾ ਅਮਲੋਹ ਅਤੇ ਮਜੀਠਾ ਵਰਗੇ ਖੇਤਰਾਂ ਵਿੱਚ ਵੱਡਾ ਪ੍ਰਭਾਵ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਭਾਜਪਾ ਅਕਾਲੀ ਦਲ ਨਾਲ ਸਮਝੌਤਾ ਕਰੇਗੀ? ਪਿਛਲੇ ਕੁਝ ਸਾਲਾਂ ਵਿੱਚ ਦੋਵਾਂ ਪਾਰਟੀਆਂ ਵਿਚਾਲੇ ਸੰਬੰਧ ਤਣਾਅਪੂਰਨ ਰਹੇ ਹਨ। 2020 ਵਿੱਚ ਕਿਸਾਨ ਅੰਦੋਲਨ ਨੇ ਇਨ੍ਹਾਂ ਨੂੰ ਵੱਖ ਕਰ ਦਿੱਤਾ ਸੀ ਅਤੇ ਅਕਾਲੀ ਦਲ ਨੇ ਐਨ.ਡੀ.ਏ. ਤੋਂ ਵੱਖ ਹੋ ਕੇ ਆਪਣਾ ਰਾਹ ਚੁਣ ਲਿਆ ਸੀ। ਪਰ ਹੁਣ ਚੋਣਾਂ ਨੇੜੇ ਆਉਣ ਨਾਲ ਗੱਠਜੋੜ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਹਾਲ ਦੀ ਘੜੀ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਹੈ ਅਤੇ ਭਾਜਪਾ ਇਕੱਲੀ ਚੋਣਾਂ ਲੜੇਗੀ ਤੇ ਸਰਕਾਰ ਬਣਾਏਗੀ। ਉਨ੍ਹਾਂ ਨੇ ਪੰਜਾਬ ਵਿੱਚ ਭਾਜਪਾ ਦੀ ਵਧਦੀ ਤਾਕਤ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪਾਰਟੀ ਨੇ ਹਿੰਦੂ ਅਤੇ ਸਿੱਖ ਵਰਗਾਂ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹੈ। ਦੂਜੇ ਪਾਸੇ, ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਭਾਜਪਾ ਦੇ ਇਸ ਦਾਅਵੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਅਸੀਂ ਭਾਜਪਾ ਨੂੰ ਸਾਰੀਆਂ ਸੀਟਾਂ ’ਤੇ ਲੜਨ ਲਈ ਸੱਦਾ ਦਿੰਦੇ ਹਾਂ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਮੁੱਦਿਆਂ ’ਤੇ ਆਪਣੇ ਸਟੈਂਡ ਨੂੰ ਨਹੀਂ ਬਦਲੇਗਾ।
ਸਿਆਸੀ ਮਾਹਿਰਾਂ ਦੇ ਇਸ ਬਾਰੇ ਵਿਚਾਰ ਵੱਖਰੇ ਹਨ। ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਸਿਆਸੀ ਵਿਸ਼ਲੇਸ਼ਕ ਡਾ. ਰੋਣਕੀ ਰਾਮ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਵਿੱਚ ਪੈਰ ਜਮਾਉਣ ਲਈ ਅਕਾਲੀ ਦਲ ਜਾਂ ਕਿਸੇ ਸਿੱਖ ਸੰਗਠਨ ਨਾਲ ਗੱਠਜੋੜ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਬਿਨਾਂ ਗੱਠਜੋੜ ਤੋਂ ਬਿਨਾਂ ਭਾਜਪਾ ਨੂੰ ਸਿੱਖ ਵੋਟਾਂ ਮਿਲਣੀਆਂ ਮੁਸ਼ਕਿਲ ਹਨ ਅਤੇ ਪਾਰਟੀ ਨੂੰ ਕਿਸਾਨ ਅੰਦੋਲਨ ਵੱਲੋਂ ਲੱਗੇ ਦਾਗ ਨੂੰ ਮਿਟਾਉਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ। ਸਾਬਕਾ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਕਾਲੀ ਦਲ ਨਾਲ ਸਮਝੌਤੇ ਤੋਂ ਬਿਨਾਂ ਭਾਜਪਾ ਦਾ ਸੱਤਾ ਵਿੱਚ ਆਉਣਾ ਅਸੰਭਵ ਹੈ। ਉਨ੍ਹਾਂ ਨੇ ਭਾਜਪਾ ਨੂੰ ਸਲਾਹ ਦਿੱਤੀ ਸੀ ਕਿ ਪੰਜਾਬ ਦੇ ਸਿੱਖ ਵਰਗ ਨੂੰ ਨਿਰਾਸ਼ ਨਾ ਕੀਤਾ ਜਾਵੇ, ਕਿਉਂਕਿ ਇਹ ਪਾਰਟੀ ਲਈ ਘਾਤਕ ਸਾਬਤ ਹੋ ਸਕਦਾ ਹੈ। ਪਰ ਭਾਜਪਾ ਦੀ ਹਾਈਕਮਾਂਡ ਵੱਖਰੀ ਰਾਏ ਰੱਖਦੀ ਹੈ। ਬਹੁਤੇ ਭਾਜਪਾ ਨੇਤਾ ਅਕਾਲੀ ਦਲ ਨਾਲ ਗੱਠਜੋੜ ਦਾ ਵਿਰੋਧ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਪਾਰਟੀ ਨੂੰ ਆਪਣੇ ਬਲ ਉੱਪਰ ਲੜਨਾ ਚਾਹੀਦਾ ਹੈ। ਕੁਝ ਭਾਜਪਾ ਦੇ ਨੇਤਾ ਇਹ ਵੀ ਮੰਨਦੇ ਹਨ ਕਿ ਚੋਣਾਂ ਨੇੜੇ ਸਮਝੌਤਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਰਾਜਨੀਤਕ ਮਾਹਿਰ ਡਾਕਟਰ ਸੁਖਦਿਆਲ ਸਿੰਘ ਹਿਸਟੋਰੀਅਨ ਦਾ ਕਹਿਣਾ ਹੈ ਕਿ ਭਾਜਪਾ ਨੂੰ ਪੰਜਾਬ ਵਿੱਚ ਪੈਰ ਜਮਾਉਣ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿੱਚ ਭਾਜਪਾ ਨੂੰ ਰਵਾਇਤੀ ਤੌਰ ਤੇ ਹਿੰਦੂ ਵੋਟ ਬੈਂਕ ਵਜੋਂ ਵੇਖਿਆ ਜਾਂਦਾ ਹੈ, ਪਰ ਸਿੱਖ ਵਰਗ ਵਿੱਚ ਇਸ ਦੀ ਪਕੜ ਕਮਜ਼ੋਰ ਹੈ। ਕਿਸਾਨ ਅੰਦੋਲਨ ਕਾਰਣ ਸਿੱਖ ਤੇ ਕਿਸਾਨ ਭਾਜਪਾ ਤੋਂ ਨਿਰਾਸ਼ ਹਨ। ਮਾਹਿਰਾਂ ਮੁਤਾਬਕ, ਜੇ ਭਾਜਪਾ ਸਿੱਖਾਂ ਨੂੰ ਨਿਰਾਸ਼ ਕਰਕੇ ਅੱਗੇ ਵਧੇਗੀ ਤਾਂ ਉਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਪੰਜਾਬ ਵਿੱਚ ਸਿੱਖ ਵੋਟਾਂ ਚੋਣਾਂ ਦਾ ਨਿਰਣਾਇਕ ਕਾਰਕ ਹਨ ਅਤੇ ਬਿਨਾਂ ਇਨ੍ਹਾਂ ਨੂੰ ਜਿੱਤੇ ਭਾਜਪਾ ਦੀ ਸਫਲਤਾ ਮੁਸ਼ਕਲ ਹੈ। ਪਾਰਟੀ ਨੇ ਇਸ ਨੂੰ ਧਿਆਨ ਵਿੱਚ ਰੱਖ ਕੇ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਵਧਾਏ ਹਨ। ਇਥੋਂ ਤੱਕ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਆਪਣੇ ਨਾਲ ਗੰਢ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸਥਾਨਕ ਆਗੂਆਂ ਤੱਕ ਸਭ ਨੇ ਪੰਜਾਬ ਦੇ ਡੇਰਿਆਂ ਨਾਲ ਮੁਲਾਕਾਤਾਂ ਕੀਤੀਆਂ ਹਨ, ਜੋ ਰਵਾਇਤੀ ਤੌਰ ’ਤੇ ਕਾਂਗਰਸ ਨੂੰ ਸਮਰਥਨ ਦਿੰਦੇ ਰਹੇ ਹਨ। ਇਹ ਰਣਨੀਤੀ ਭਾਜਪਾ ਨੂੰ ਨਵੇਂ ਵੋਟਰਾਂ ਵੱਲ ਆਕਰਸ਼ਿਤ ਕਰਨ ਵਿੱਚ ਮਦਦ ਕਰ ਸਕਦੀ ਹੈ। ਡੇਰਾ ਬੱਲਾਂ ਇਸ ਦੀ ਪ੍ਰਮੁੱਖ ਉਦਾਹਰਣ ਹੈ।
ਭਾਜਪਾ ਦੀ ਰਣਨੀਤੀ ਨੂੰ ਵੇਖਦਿਆਂ ਇਹ ਸਪੱਸ਼ਟ ਹੈ ਕਿ ਪਾਰਟੀ ਪੰਜਾਬ ਨੂੰ ਵੱਡੇ ਪੱਧਰ ’ਤੇ ਲੈ ਰਹੀ ਹੈ। ਉਹ ਨਾ ਸਿਰਫ਼ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੂੰ ਚੁਣੌਤੀ ਦੇ ਰਹੀ ਹੈ ਬਲਕਿ ਅਕਾਲੀ ਦਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਰਹੀ। ਮਾਹਿਰਾਂ ਮੁਤਾਬਕ, ਜੇ ਭਾਜਪਾ ਅਕਾਲੀ ਦਲ (ਬਾਦਲ) ਜਾਂ ਅਕਾਲੀ ਦਲ (ਪੰਥਕ) ਨਾਲ ਗੱਠਜੋੜ ਕਰ ਲੈਂਦੀ ਹੈ ਤਾਂ ਉਸ ਨੂੰ ਸੱਤਾ ਵਿੱਚ ਆਉਣ ਦੇ ਆਸਾਰ ਵਧ ਸਕਦੇ ਹਨ। ਪਰ ਜੇ ਉਹ ਇਕੱਲੀ ਲੜੇਗੀ ਤਾਂ ਬਹੁਤਾ ਫਾਇਦਾ ਹੋਣ ਦੀ ਸੰਭਾਵਨਾ ਘੱਟ ਹੈ। ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ਉਪਰ ਕਿਹਾ ਕਿ ਪਾਰਟੀ ਦਾ ਮੁੱਖ ਟੀਚਾ ਕਾਂਗਰਸ ਮੁਕਤ ਭਾਰਤ ਹੈ ਅਤੇ ਪੰਜਾਬ ਵਿੱਚ ਕਾਂਗਰਸ ਨੂੰ ਹਰਾਉਣ ਲਈ ਜੇ ‘ਆਪ’ ਨੂੰ ਸੱਤਾ ਮਿਲ ਜਾਵੇ ਤਾਂ ਵੀ ਚੱਲੇਗਾ। ਇਹ ਰਣਨੀਤੀ ਹੋਰ ਰਾਜਾਂ ਵਿੱਚ ਵੀ ਭਾਜਪਾ ਨੂੰ ਫਾਇਦਾ ਪਹੁੰਚਾ ਸਕਦੀ ਹੈ, ਕਿਉਂਕਿ ‘ਆਪ’ ਵਿਰੋਧੀ ਵੋਟਾਂ ਨੂੰ ਵੰਡ ਸਕਦੀ ਹੈ।
ਪੰਜਾਬ ਵਿੱਚ ਭਾਜਪਾ ਦੀ ਸਥਿਤੀ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪਾਰਟੀ ਨੇ 2014 ਤੋਂ ਬਾਅਦ ਸਖ਼ਤ ਮਿਹਨਤ ਕੀਤੀ ਹੈ। ਉਹ ਸਾਮ, ਦਾਮ, ਦੰਡ ਅਤੇ ਭੇਦ ਵਰਗੀ ਨੀਤੀ ਅਪਣਾ ਰਹੀ ਹੈ ਅਤੇ ਪੰਜਾਬ ਵਿੱਚ ਵੰਡੀਆਂ ਪਾਉਣ ਵਿੱਚ ਵੀ ਨਹੀਂ ਝਿਜਕ ਰਹੀ। ਪਰ ਸਵਾਲ ਇਹ ਹੈ ਕਿ ਕੀ ਇਹ ਰਣਨੀਤੀ ਸਫਲ ਹੋਵੇਗੀ? ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਸਿੱਖ ਵਰਗ ਨੂੰ ਨਿਰਾਸ਼ ਕਰਕੇ ਜਾਂ ਫੁੱਟ ਪਾ ਕੇ ਭਾਜਪਾ ਨੂੰ ਸਫਲਤਾ ਮਿਲਣੀ ਮੁਸ਼ਕਿਲ ਹੈ। ਭਾਜਪਾ ਨੂੰ ਆਪਣੇ ਰਵੱਈਏ ਵਿੱਚ ਬਦਲਾਅ ਲਿਆਉਣਾ ਪਵੇਗਾ ਅਤੇ ਕਿਸਾਨਾਂ, ਨੌਜਵਾਨਾਂ ਅਤੇ ਸਿੱਖਾਂ ਦੇ ਮੁੱਦਿਆਂ ’ਤੇ ਵਧੇਰੇ ਧਿਆਨ ਦੇਣਾ ਪਵੇਗਾ।

Loading