ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਅਕਸਰ ਚਰਚਾ ’ਚ ਰਹਿੰਦੇ ਹਨ। ਦੁਨੀਆ ਭਰ ਵਿੱਚ ਉਹ ਆਪਣੇ ਮਿਊਜ਼ਿਕ ਕੌਂਸਰਟ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ’ਚ ਵੀ ਉਹ ਮੁੱਖ ਭੂਮਿਕਾ ਨਿਭਾਉਂਦੇ ਹਨ। ਪੰਜਾਬੀ ਸਿਨੇਮਾ ਦੇ ਪ੍ਰੇਮੀ ਉਨ੍ਹਾਂ ਦੀਆਂ ਕਈ ਹਿੱਟ ਫ਼ਿਲਮਾਂ ਦੇ ਸੀਕਵਲ ਦੀ ਉਡੀਕ ਕਰਦੇ ਹਨ, ਜਿਨ੍ਹਾਂ ਵਿੱਚੋਂ ਇੱਕ ‘ਸਰਦਾਰ ਜੀ’ ਵੀ ਹੈ। ਇਸ ਫ਼ਿਲਮ ਦੇ ਤੀਜੇ ਭਾਗ ਨੂੰ ਲੈ ਕੇ ਦਰਸ਼ਕ ਕਾਫ਼ੀ ਉਤਸ਼ਾਹਿਤ ਹਨ। ਫ਼ਿਲਮ ਦੇ ਨਿਰਮਾਤਾ ਨੇ ਲੋਕਾਂ ਨੂੰ ਵੱਡਾ ਸਰਪ੍ਰਾਈਜ਼ ਦਿੰਦੇ ਹੋਏ ਫ਼ਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ।
ਦਿਲਜੀਤ ਦੁਸਾਂਝ ਦੀਆਂ ਬਿਹਤਰੀਨ ਪੰਜਾਬੀ ਫ਼ਿਲਮਾਂ ’ਚ ‘ਸਰਦਾਰ ਜੀ’ ਦਾ ਨਾਂ ਅਹਿਮੀਅਤ ਰੱਖਦਾ ਹੈ। ਇਸ ਫ਼ਿਲਮ ਦੇ ਦੋ ਪਾਰਟ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਤੇ ਹੁਣ ਤੀਜੇ ਭਾਗ ਦੀ ਰਿਲੀਜ਼ ਦੀ ਤਰੀਕ ਦੇ ਨਾਲ-ਨਾਲ ਸਿਤਾਰਿਆਂ ਦੀ ਪਹਿਲੀ ਲੁੱਕ ਵੀ ਟੀਜ਼ਰ ਦੇ ਰੂਪ ’ਚ ਦੇਖਣ ਨੂੰ ਮਿਲੀ ਹੈ। ਫ਼ਿਲਮ ਦੇ ਟੀਜ਼ਰ ’ਚ ਦਿਲਜੀਤ ਦੇ ਨਾਲ ਨੀਰੂ ਬਾਜਵਾ ਦੀ ਵੀ ਝਲਕ ਵੀ ਦੇਖਣ ਨੂੰ ਮਿਲੀ ਹੈ। ਗਾਇਕ ਅਤੇ ਅਦਾਕਾਰ ਦਿਲਜੀਤ ਦੇ ਪ੍ਰਸ਼ੰਸਕਾਂ ਜਾ ਇੰਤਜ਼ਾਰ ਹੁਣ ਖ਼ਤਮ ਹੋ ਜਾਣ ਰਿਹਾ ਹੈ।
ਪੰਜਾਬ ਦੇ ਚੋਣਵੇਂ ਸਿਤਾਰਿਆਂ ਦੀ ਲਿਸਟ ’ਚ ਦਿਲਜੀਤ ਦਾ ਨਾਂ ਸ਼ਾਮਲ ਕੀਤਾ ਜਾਂਦਾ ਹੈ, ਜੋ ਹਰ ਵਿਸ਼ੇ ’ਤੇ ਆਪਮੀ ਗੱਲ ਖੁੱਲ੍ਹ ਕੇ ਰੱਖਦੇ ਹਨ। ਇਸ ਸਾਲ ਦੀ ਸ਼ੁਰੂਆਤ ’ਚ ਉਨ੍ਹਾਂ ਦੇ ਕੁਝ ਮਿਊਜ਼ਿਕ ਟੂਰਾਂ ’ਤੇ ਵੀ ਵਿਵਾਦ ਉੱਠੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਉਨ੍ਹਾਂ ਦੇ ਕੁਝ ਸ਼ਰਾਬ ਅਤੇ ਨਸ਼ੇ ਨੂੰ ਪ੍ਰੋਤਸਾਹਿਤ ਕਰਨ ਵਾਲੇ ਗਾਣਿਆਂ ’ਤੇ ਬੈਨ ਲਗਾਇਆ ਗਿਆ। ਪਰ ਹੁਣ ਉਹ ‘ਸਰਦਾਰ ਜੀ 3’ ਨੂੰ ਲੈ ਕੇ ਸੁਰਖੀਆਂ ’ਚ ਆ ਗਏ ਹਨ। ਯੂਟਿਊਬ ’ਤੇ ਆਉਂਦੇ ਹੀ ਟੀਜ਼ਰ ਨੇ ਧਮਾਲ ਮਚਾ ਦਿੱਤਾ ਹੈ।
ਟੀਜ਼ਰ ’ਚ ਨੀਰੂ ਬਾਜਵਾ ਤੇ ਦਿਲਜੀਤ ਦੁਸਾਂਝ ਦੀ ਜੋੜੀ ਬਹੁਤ ਹੀ ਚੰਗੀ ਲੱਗ ਰਹੀ ਹੈ। ਇਸ ਤੋਂ ਪਹਿਲਾਂ ਵੀ ਦੋਵੇਂ ਕਈ ਹੋਰ ਫ਼ਿਲਮਾਂ ’ਚ ਇਕੱਠੇ ਨਜ਼ਰ ਆ ਚੁੱਕੇ ਹਨ ਤੇ ਉਨ੍ਹਾਂ ਨੂੰ ਲੋਕਾਂ ਤੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ। ਇਸ ਤਰ੍ਹਾਂ ਲੋਕ ‘ਸਰਦਾਰ ਜੀ 3’ ਦੇ ਟੀਜ਼ਰ ’ਤੇ ਵੀ ਪਿਆਰ ਲੁਟਾ ਰਹੇ ਹਨ।
ਫ਼ਿਲਮ ਦੇ ਟੀਜ਼ਰ ’ਚ ਕਈ ਰੋਮਾਂਚਕ ਘਟਨਾਵਾਂ ਨੂੰ ਦਰਸਾਇਆ ਗਿਆ ਹੈ ਤੇ ਪੰਜਾਬੀ ਭਾਸ਼ਾ ’ਚ ਮਜ਼ੇਦਾਰ ਕਾਮੇਡੀ ਨੇ ਇਸ ਵਾਰੀ ਵੀ ਲੋਕਾਂ ਦਾ ਦਿਲ ਜਿੱਤ ਲਿਆ ਹੈ। ਮੇਕਰਜ਼ ਨੇ ਟੀਜ਼ਰ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ‘ਸਰਦਾਰ ਜੀ 3’ ਰਿਲੀਜ਼ ਲਈ ਤਿਆਰ ਹੈ। ਇਹ ਫ਼ਿਲਮ 27 ਜੂਨ ਨੂੰ ਸਿਨੇਮਾਘਰਾਂ ’ਚ ਪੇਸ਼ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਇਹ ਇਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਸਕਦੀ ਹੈ।
![]()
