ਅਮਰੀਕੀ ਕਾਂਗਰਸਮੈਨ ਜਿੰਮੀ ਪਨੇਟਾ ਨੇ ਪੰਜਾਬ ਵਿੱਚ 1986 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਕੋਦਰ ਬੇਅਦਬੀ ਕਾਂਡ ਦਾ ਵਿਰੋਧ ਕਰ ਰਹੀ ਸਿੱਖ ਸੰਗਤ ’ਤੇ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸ਼ਹੀਦ ਹੋਏ ਚਾਰ ਸਿੱਖ ਨੌਜਵਾਨਾਂ ਦਾ ਮੁੱਦਾ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਗੰਭੀਰਤਾ ਨਾਲ ਚੁੱਕਿਆ ਹੈ। ਉਸ ਨੇ ਕਿਹਾ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ।
ਕੈਲੀਫੋਰਨੀਆ ਦੇ 19ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਅਮਰੀਕੀ ਕਾਂਗਰਸਮੈਨ ਜਿੰਮੀ ਪਨੇਟਾ ਨੇ ਪੀੜਤਾਂ ਨੂੰ ਯਾਦ ਕਰਦਿਆਂ ਅਮਰੀਕੀ ਪ੍ਰਤੀਨਿਧੀ ਸਦਨ ਵਿੱਚ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਗੁਪਤ ਰੂਪ ਵਿੱਚ ਸਾੜ ਦਿੱਤੀਆਂ ਗਈਆਂ ਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਸੀ। ਉਨ੍ਹਾਂ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਮਾਨਤਾ ਦੇਣ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਨਾ ਹੋਣੀ ਅਤਿ ਨਿੰਦਣਯੋਗ ਹੈ। 4 ਫਰਵਰੀ ਪੰਜਾਬ ਦੇ ਸਿੱਖਾਂ ਲਈ ਹੀ ਨਹੀਂ ਸਗੋਂ ਅਮਰੀਕਾ ਦੇ ਸਿੱਖਾਂ ਲਈ ਵੀ ਕਾਲਾ ਦਿਨ ਹੈ। ਪੀੜਤ ਪਰਿਵਾਰ 39 ਸਾਲਾਂ ਤੋਂ ਇਨਸਾਫ ਤੇ ਜਵਾਬਦੇਹੀ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ, ‘ਸੰਯੁਕਤ ਰਾਜ ਦੇ ਨੁਮਾਇੰਦੇ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਅਤੇ ਵਿਦੇਸ਼ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ਲਈ ਲੜੀਏ ਅਤੇ ਦੁਨੀਆਂ ਭਰ ਦੇ ਆਪਣੇ ਭਾਈਵਾਲਾਂ ਨੂੰ ਇਸ ਦੁਖਾਂਤ ਬਾਰੇ ਦੱਸੀਏ। ਇਸ ਲਈ ਉਹ ਸਾਕਾ ਨਕੋਦਰ ਦਿਵਸ ਨੂੰ ਮਾਨਤਾ ਦੇਣ ਦੀ ਮੰਗ ਕਰਦੇ ਹਨ।’
ਇਥੇ ਜ਼ਿਕਰਯੋਗ ਹੈ ਕਿ ਨਕੋਦਰ ਵਿਚ 2 ਫਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਅਗਨ ਭੇਂਟ ਕਰ ਦਿੱਤੇ ਗਏ ਸਨ। ਇਸ ਦਾ ਰੋਸ ਪ੍ਰਗਟਾ ਰਹੀ ਸੰਗਤ ’ਤੇ 4 ਫਰਵਰੀ 1986 ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਭਾਈ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਪੁਰ, ਝਿਲਮਨ ਸਿੰਘ ਗੌਰਸੀਆਂ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ ਤੇ 20 ਦੇ ਕਰੀਬ ਜ਼ਖਮੀ ਹੋ ਗਏ ਸਨ। ਪੁਲੀਸ ਨੇ ਇਨ੍ਹਾਂ ਦੀਆਂ ਲਾਸ਼ਾਂ ਵੀ ਲਾਵਾਰਸ ਕਹਿ ਕੇ ਨਕੋਦਰ ਦੇ ਹੀ ਸ਼ਮਸ਼ਾਨਘਾਟ ਵਿੱਚ ਸਾੜ ਦਿੱਤੀਆਂ ਸਨ।
ਜਨਵਰੀ 2021 ਦੌਰਾਨ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਇੱਕ ਪੱਤਰ ਭੇਜ ਕੇ ਅਪੀਲ ਕੀਤੀ ਸੀ ਕਿ 4 ਫਰਵਰੀ 1986 ਨੂੰ ਵਾਪਰੇ ਨਕੋਦਰ ਕਾਂਡ ਦੀ ਰਿਪੋਰਟ ਜਨਤਕ ਕਰਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਜਥੇਬੰਦੀ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਇਸ ਸਬੰਧੀ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਬਣਾਇਆ ਗਿਆ ਸੀ।ਇਸ ਕਾਂਡ ਬਾਰੇ ਬਣੇ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਦੋਂ 2001 ਵਿੱਚ ਪੰਜਾਬ ਵਿਧਾਨ ਸਭਾ ’ਚ ਰੱਖੀ ਗਈ ਸੀ ਉਸ ਵੇਲੇ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਸਨ। ਜਿਸ ਦੀ ਰਿਪੋਰਟ ਅੱਜ ਤਕ ਜਨਤਕ ਨਹੀਂ ਕੀਤੀ ਗਈ। ਅਕਾਲੀ ਸਰਕਾਰਾਂ ਵਾਂਗ ਬਾਕੀ ਸਰਕਾਰਾਂ ਕਾਂਗਰਸ ਤੇ ਆਪ ਵੀ ਝੂਠੇ ਦਿਲਾਸੇ ਹੀ ਦਿੰਦੀਆਂ ਰਹੀਆਂ ਹਨ।