ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ 7 ਮਾਰਚ ਨੂੰ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ 7 ਮਾਰਚ 2025 ਨੂੰ ਸਵੇਰੇ 11 ਵਜੇ ਰੱਖੀ ਗਈ ਹੈ। ਉਨ੍ਹਾਂ ਦੱਸਿਆ ਇਸ ਇਕੱਤਰਤਾ ਵਿੱਚ ਸ਼੍ਰੋਮਣੀ ਕਮੇਟੀ ਦੇ ਆਉਂਣ ਵਾਲੇ ਬਜਟ ਸਬੰਧੀ ਗਠਿਤ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ਅਤੇ ਸਿੱਖ ਸੰਸਥਾ ਦੇ ਕੰਮਕਾਜ ਨਾਲ ਸਬੰਧਤ ਵਿਚਾਰ ਹੋਵੇਗੀ।
ਭਾਵੇਂ ਸ਼੍ਰੋਮਣੀ ਕਮੇਟੀ ਨੇ ਉਪਰੋਕਤ ਇਕੱਤਰਤਾ ਦਾ ਵਿਸ਼ਾ ਕੁਝ ਹੋਰ ਦੱਸਿਆ ਹੈ। ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਕਾਰਨ ਕਿਸੇ ਇਕ ਅੰਤ੍ਰਿੰਗ ਕਮੇਟੀ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਸੌਂਪੀਆਂ ਜਾਣਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਧਾਮੀ ਆਪਣੇ ਲਏ ਹੋਏ ਫੈਂਸਲੇ ‘ਤੇ ਸਥਿਰ ਹਨ ਅਤੇ ਫੈਸਲਾ ਬਦਲਣ ਨੂੰ ਤਿਆਰ ਨਹੀਂ ਹਨ।
ਧਾਮੀ ਨੂੰ ਮਿਲਕੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ, ਅਕਾਲੀ ਆਗੂਆਂ ਦਾ ਵਫਦ, ਕਈ ਅਕਾਲੀ ਆਗੂ, ਪੰਥਕ ਸਖਸ਼ੀਅਤਾਂ ਨੇ ਮੁੜ ਸੇਵਾਵਾਂ ਸੰਭਾਲਣ ਦੀ ਅਪੀਲ ਕੀਤੀ ਹੈ, ਪਰ ਧਾਮੀ ਇਨ੍ਹਾਂ ਸਾਰਿਆਂ ਨੂੰ ਆਪਣਾ ਵੱਲੋਂ ਲਏ ਫੈਸਲੇ ਨੂੰ ਮੁੱੜ ਨਾ ਵਿਚਾਰਨ ਦਾ ਕਹਿ ਕੇ ਸਤਿਕਾਰ ਨਾਲ ਵਾਪਸ ਭੇਜਦੇ ਰਹੇ ਹਨ।
ਇਥੇ ਜ਼ਿਕਰਯੋਗ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੀਤੀ 17 ਫਰਵਰੀ ਨੂੰ ਅਚਾਨਕ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ।ਧਾਮੀ ਇਮਾਨਦਾਰ ਤੇ ਸਾਦਗੀ ਭਰੀ ਜੀਵਨ ਸ਼ੈਲੀ ਵਾਲੀ ਪੰਥਕ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਜਾਂਦੇ ਹਨ। ਇਸ ਦੌਰਾਨ ਪ੍ਰਧਾਨ ਦੇ ਅਸਤੀਫੇ ਬਾਰੇ ਕੋਈ ਅੰਤਿਮ ਫ਼ੈਸਲਾ ਹੋਣ ਤੱਕ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਜ਼ਰੂਰੀ ਸੇਵਾਵਾਂ ਨਿਭਾਉਣ ਦੇ ਅਧਿਕਾਰ ਦੇ ਦਿੱਤੇ ਗਏ ਸਨ, ਪਰ ਇਸੇ ਸਾਲ ਆ ਰਹੀਆਂ ਨੌਵੇਂ ਤੇ ਦਸਵੇਂ ਪਾਤਿਸ਼ਾਹਾਂ ਨਾਲ ਸੰਬੰਧਿਤ 350 ਸਾਲਾ ਸ਼ਤਾਬਦੀਆਂ ਦੇ ਪ੍ਰੋਗਰਾਮ ਉਲੀਕਣ, ਧਰਮ ਪ੍ਰਚਾਰ ਮਿੁਹੰਮ ਸੰਬੰਧੀ ਕੀਤੇ ਜਾਣ ਵਾਲੇ ਅਹਿਮ ਕਾਰਜ ਅਜੇ ਠੱਪ ਪਏ ਹਨ ਤੇ ਇਸ ਦੇ ਨਾਲ ਹੀ ਇਸੇ ਸਾਲ ਸ਼ੋ੍ਰਮਣੀ ਕਮੇਟੀ ਦੀਆਂ ਜਨਰਲ ਚੋਣਾਂ ਹੋਣ ਦੀ ਵੀ ਸੰਭਾਵਨਾ ਹੈ, ਜਿਸ ਲਈ ਧਾਮੀ ਦਾ ਪ੍ਰਧਾਨ ਬਣੇ ਰਹਿਣਾ ਅਹਿਮ ਸਮਝਿਆ ਜਾ ਰਿਹਾ ਹੈ ।
ਉਮੀਦ ਹੈ ਕਿ 7 ਮਾਰਚ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ।ਰਘੂਜੀਤ ਸਿੰਘ ਵਿਰਕ ਜੋ ਸ੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਨ ,ਬਾਦਲ ਪਰਿਵਾਰ ਦੇ ਨੇੜੇ ਹਨ,ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ। ਪਤਾ ਲਗਾ ਹੈ ਕਿ ਗਿਆਨੀ ਰਘਬੀਰ ਸਿੰਘ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਬਦਲਣ ਦੀ ਸੰਭਾਵਨਾ ਹੈ,ਕਿਉਂ ਕਿ ਬਾਦਲ ਅਕਾਲੀ ਦਲ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਬਿਆਨਾਂ ਤੋਂ ਔਖਾ ਮਹਿਸੂਸ ਕਰ ਰਿਹਾ ਹੈ।