8 ਸਾਲ ਦੀ ਉਮਰ ਵਿੱਚ ਕੀਤੀ ਕੋਡਿੰਗ ਤੇ ਫਿਰ ਚੈਟ ਜੀਪੀਟੀ ਦਾ ਕੀਤਾ ਧਮਾਕਾ

In ਖਾਸ ਰਿਪੋਰਟ
February 21, 2026

ਖੋਜ ਖ਼ਬਰ

ਅੱਜ ਦੇ ਦੌਰ ਵਿੱਚ ਜਦੋਂ ਵੀ ਸਾਨੂੰ ਕੋਈ ਲੇਖ ਲਿਖਵਾਉਣਾ ਹੋਵੇ, ਕੰਪਿਊਟਰ ਪ੍ਰੋਗਰਾਮ ਬਣਾਉਣਾ ਹੋਵੇ ਜਾਂ ਕੋਈ ਗੁੰਝਲਦਾਰ ਸਵਾਲ ਪੁੱਛਣਾ ਹੋਵੇ, ਤਾਂ ਸਭ ਤੋਂ ਪਹਿਲਾ ਨਾਮ ਚੈਟਜੀਪੀਟੀ ਦਾ ਆਉਂਦਾ ਹੈ। ਇਸ ਕ੍ਰਾਂਤੀਕਾਰੀ ਟੂਲ ਨੂੰ ਬਣਾਉਣ ਵਾਲੇ ਵਿਅਕਤੀ ਦਾ ਨਾਮ ਹੈ ਸੈਮ ਅਲਟਮੈਨ। ਅਮਰੀਕਾ ਦੇ ਸੈਂਟ ਲੁਈਸ ਵਿੱਚ ਜਨਮੇ ਸੈਮ ਨੂੰ ਬਚਪਨ ਤੋਂ ਹੀ ਤਕਨਾਲੋਜੀ ਦਾ ਇੰਨਾ ਸ਼ੌਕ ਸੀ ਕਿ ਉਨ੍ਹਾਂ ਨੇ ਮਹਿਜ਼ 8 ਸਾਲ ਦੀ ਉਮਰ ਵਿੱਚ ਹੀ ਕੋਡਿੰਗ ਸਿੱਖ ਲਈ ਸੀ।
ਸੈਮ ਨੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ, ਪਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਵਿਚਕਾਰ ਹੀ ਪੜ੍ਹਾਈ ਛੱਡ ਦਿੱਤੀ । ਉਨ੍ਹਾਂ ਦਾ ਸਫ਼ਰ ‘ਲੂਪਟ’ ਨਾਮ ਦੇ ਸਟਾਰਟਅੱਪ ਤੋਂ ਸ਼ੁਰੂ ਹੋਇਆ। ਇਹ ਇੱਕ ਮੋਬਾਈਲ ਸੋਸ਼ਲ ਮੈਪਿੰਗ ਸੇਵਾ ਸੀ ਜਿਸ ਨੂੰ ਸੈਮ ਅਲਟਮੈਨ ਨੇ 2005 ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਇਹ ਐਪ ਖਪਤਕਾਰਾਂ ਨੂੰ ਇੱਕ ਦੂਜੇ ਦੀ ਲੋਕੇਸ਼ਨ ਸ਼ੇਅਰ ਕਰਨ ਦੀ ਇਜਾਜ਼ਤ ਦਿੰਦੀ ਸੀ ਤਾਂ ਜੋ ਦੋਸਤ ਇਹ ਜਾਣ ਸਕਣ ਕਿ ਉਹ ਕਿੱਥੇ ਹਨ ਅਤੇ ਇੱਕ-ਦੂਜੇ ਨੂੰ ਆਸਾਨੀ ਨਾਲ ਮਿਲ ਸਕਣ। ਸੈਮ ਅਲਟਮੈਨ ਨੇ ਇਸ ਸਟਾਰਟਅੱਪ ’ਤੇ ਧਿਆਨ ਦੇਣ ਲਈ ਸਟੈਨਫੋਰਡ ਯੂਨੀਵਰਸਿਟੀ ਦੀ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ ਸੀ। ਇਹ ਉਹਨਾਂ ਪਹਿਲੇ ਸਟਾਰਟਅੱਪਸ ਵਿੱਚੋਂ ਇੱਕ ਸੀ ਜਿਸ ਨੂੰ ਮਸ਼ਹੂਰ ਕੰਪਨੀ ਵਾਲੀ ਕੋਮਬੀਨੇਟਰ ਨੇ ਫੰਡ ਦਿੱਤਾ ਸੀ।
ਸਾਲ 2012 ਵਿੱਚ, ਇਸ ਕੰਪਨੀ ਨੂੰ ‘ਗਰੀਨਡਾਟ ਕਾਰਪੋਰੇਸ਼ਨ’ ਵੱਲੋਂ ਲਗਭਗ 43 ਮਿਲੀਅਨ ਡਾਲਰ (ਲਗਭਗ 350 ਕਰੋੜ ਰੁਪਏ) ਵਿੱਚ ਖਰੀਦ ਲਿਆ ਗਿਆ ਸੀ ਅਤੇ ਫਿਰ ਉਨ੍ਹਾਂ ਨੇ ਦੁਨੀਆ ਦੇ ਮਸ਼ਹੂਰ ਸਟਾਰਟਅੱਪ ਐਕਸੇਲੇਰੇਟਰ ‘ਵਾਈ ਕਾਮਬੀਨੇਟਰ’ ਦੀ ਕਮਾਨ ਸੰਭਾਲੀ, ਜਿਸ ਨੇ ਏਅਰਬੀਐਨਬੀ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਜਨਮ ਦਿੱਤਾ ਸੀ।
ਸਾਲ 2015 ਵਿੱਚ ਸੈਮ ਅਲਟਮੈਨ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਨਸਾਨੀਅਤ ਦੇ ਭਲੇ ਲਈ ਵਰਤਣ ਦੇ ਮਕਸਦ ਨਾਲ ਓਪਨ ਏ.ਆਈ. ਦੀ ਨੀਂਹ ਰੱਖੀ। ਸ਼ੁਰੂਆਤ ਵਿੱਚ ਫੰਡਾਂ ਦੀ ਕਮੀ ਸੀ, ਪਰ 2019 ਵਿੱਚ ਮਾਈਕ੍ਰੋਸਾਫਟ ਦੇ ਵੱਡੇ ਨਿਵੇਸ਼ ਨੇ ਕੰਪਨੀ ਦੀ ਕਿਸਮਤ ਬਦਲ ਦਿੱਤੀ ਸੀ।
ਧਮਾਕੇਦਾਰ ਲਾਂਚਿੰਗ: 30 ਨਵੰਬਰ 2022 ਨੂੰ ਚੈਟਜੀਪੀਟੀ ਲਾਂਚ ਹੋਇਆ ਅਤੇ ਸਿਰਫ 5 ਦਿਨਾਂ ਵਿੱਚ ਇਸ ਦੇ 10 ਲੱਖ ਯੂਜ਼ਰਸ ਬਣ ਗਏ। ਫਰਵਰੀ 2026 ਤੱਕ, ਚੈਟਜੀਪੀਟੀ ਦੇ ਹਫ਼ਤਾਵਾਰੀ ਵਰਤੋਂਕਾਰਾਂ ਦੀ ਗਿਣਤੀ 80 ਕਰੋੜ (800 ਮਿਲੀਅਨ) ਨੂੰ ਪਾਰ ਕਰ ਚੁੱਕੀ ਹੈ।
ਉਤਰਾਅ-ਚੜ੍ਹਾਅ: 2023 ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਬੋਰਡ ਨੇ ਸੈਮ ਨੂੰ ਸੀਈਓ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਪਰ ਮੁਲਾਜ਼ਮਾਂ ਦੇ ਭਾਰੀ ਸਮਰਥਨ ਕਾਰਨ ਉਨ੍ਹਾਂ ਦੀ ਕੁਝ ਹੀ ਦਿਨਾਂ ਵਿੱਚ ਸ਼ਾਨਦਾਰ ਵਾਪਸੀ ਹੋਈ। ਦਿਲਚਸਪ ਗੱਲ ਇਹ ਹੈ ਕਿ ਸੈਮ ਕੋਲ ਓਪਨ ਏ.ਆਈ. ਦਾ ਕੋਈ ਸ਼ੇਅਰ ਨਹੀਂ ਹੈ, ਉਨ੍ਹਾਂ ਦੀ ਅਮੀਰੀ ਦੂਜੀਆਂ ਕੰਪਨੀਆਂ (ਜਿਵੇਂ ਰੈਡਿਟ, ਸਟਰਾਈਪ) ਵਿੱਚ ਕੀਤੇ ਨਿਵੇਸ਼ ਸਦਕਾ ਹੈ।
ਭਾਰਤ ਫੇਰੀ ਅਤੇ ਏ.ਆਈ. ਦੇ ਭਵਿੱਖ ’ਤੇ ਸੈਮ ਅਲਟਮੈਨ ਦਾ ਨਜ਼ਰੀਆ
ਸੈਮ ਅਲਟਮੈਨ ਪਿਛਲੇ ਦਿਨੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਹੋਈ ਇੰਡੀਆ ਏ.ਆਈ. ਇਮਪੈਕਟ ਸਮਿਟ 2026 ਵਿੱਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਸਨ।
ਸੈਮ ਦਾ ਮੰਨਣਾ ਹੈ ਕਿ ਏ.ਆਈ. ਇਨਸਾਨਾਂ ਦੀ ਜਗ੍ਹਾ ਲੈਣ ਲਈ ਨਹੀਂ, ਸਗੋਂ ਉਨ੍ਹਾਂ ਦੇ ਕੰਮ ਨੂੰ ਸੌਖਾ ਤੇ ਬਿਹਤਰ ਬਣਾਉਣ ਲਈ ਬਣਾਇਆ ਗਿਆ ਹੈ। ਉਨ੍ਹਾਂ ਮੁਤਾਬਕ ਤਕਨੀਕ ਪਹਿਲਾਂ ਆਉਂਦੀ ਹੈ ਅਤੇ ਪੈਸਾ ਬਾਅਦ ਵਿੱਚ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸੈਮ ਨੇ ਜਨਵਰੀ 2024 ਵਿੱਚ ਓਲੀਵਰ ਮੁਲਹੇਰਿਨ ਨਾਲ ਵਿਆਹ ਕੀਤਾ ਸੀ ਅਤੇ ਫਰਵਰੀ 2025 ਵਿੱਚ ਉਹ ਇੱਕ ਬੇਟੇ ਦੇ ਪਿਤਾ ਬਣੇ। ਇੰਨੀ ਦੌਲਤ ਹੋਣ ਦੇ ਬਾਵਜੂਦ, ਸੈਮ ਨੇ ਆਪਣੀ ਜ਼ਿਆਦਾਤਰ ਸੰਪਤੀ ਦਾਨ ਕਰਨ ਦਾ ਫੈਸਲਾ ਕੀਤਾ ਹੈ।

Loading