ਲਾਹੌਰ/ਏ.ਟੀ.ਨਿਊਜ਼: ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਵਿੱਚ 80 ਸਾਲਾਂ ਬਾਅਦ ਪਿਛਲੇ ਦਿਨੀਂ ਇੱਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਕਰਵਾਇਆ ਅਤੇ ਅਰਦਾਸ ਕੀਤੀ ਗਈ। ਇਸ ਧਾਰਮਿਕ ਅਤੇ ਮਾਣਮੱਤੇ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
ਇਹ ਜਾਣਕਾਰੀ ਦਿੰਦਿਆਂ ਡਾ. ਤਰੁਣਜੀਤ ਸਿੰਘ ਬੁਤਾਲੀਆ, ਜਿਨ੍ਹਾਂ ਨੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ, ਨੇ ਦਸਿਆ ਕਿ ਸਥਾਨਕ ਰਾਗੀ ਜਥੇ ਵਿੱਚ ਸ਼ਾਮਲ ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ ਅਤੇ ਦਲੀਪ ਸਿੰਘ ਵੱਲੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਉਨ੍ਹਾਂ ਅੱਗੇ ਦਸਿਆ ਕਿ ਸਾਲ 1947 ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਕਮੀ ਕਾਰਨ ਇਹ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਸੀ ਪਰ ਇਸ ਦੀ ਦੇਖਭਾਲ ਕਾਲਜ ਪ੍ਰਸ਼ਾਸਨ ਵਲੋਂ ਨਿਰੰਤਰ ਕੀਤੀ ਜਾਂਦੀ ਰਹੀ।
ਇਹ ਵਿਸ਼ੇਸ਼ ਸ਼ਬਦ ਕੀਰਤਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਨੀਂਹ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਪ੍ਰਮੁੱਖ ਪ੍ਰਵਾਰਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੱਖੀ ਗਈ ਸੀ। ਰਿਕਾਰਡ ਅਨੁਸਾਰ ਐਚਿਸਨ ਦੇ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਤੱਤਕਾਲੀਨ ਮੇਯੋ ਸਕੂਲ ਆਫ਼ ਆਰਟਸ (ਮੌਜੂਦਾ ਨੈਸ਼ਨਲ ਕਾਲਜ ਆਫ਼ ਆਰਟਸ) ਦੇ ਪ੍ਰਸਿੱਧ ਸਿੱਖ ਵਾਸਤੂਕਾਰ ਸਰਦਾਰ ਰਾਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ।
ਡਾ. ਬੁਤਾਲੀਆ ਨੇ ਦਸਿਆ ਕਿ ਗੁਰਦੁਆਰਾ ਸਾਹਿਬ ਦੀ ਨੀਂਹ 1910 ਵਿੱਚ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਵੱਲੋਂ ਰੱਖੀ ਗਈ ਸੀ। ਉਹ ਖ਼ੁਦ 1904 ਤੋਂ 1908 ਤੱਕ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ। ਇਸ ਤੋਂ ਅਗਲੇ ਦੋ ਸਾਲਾਂ ਵਿੱਚ ਗੁਰਦੁਆਰਾ ਭਵਨ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਇਸ ਨੂੰ ਇੱਕ ਸਰਗਰਮ ਧਾਰਮਿਕ ਸਥਾਨ ਵਜੋਂ ਸਮਰਪਿਤ ਕੀਤਾ ਗਿਆ ਜਿਥੇ ਸਿੱਖ ਵਿਦਿਆਰਥੀ ਰੋਜ਼ਾਨਾ ਸ਼ਾਮ ਨੂੰ ਸ਼ਬਦ ਕੀਰਤਨ ਅਤੇ ਅਰਦਾਸ ਵਿਚ ਹਿੱਸਾ ਲੈਂਦੇ ਸਨ।
![]()
