ਨਵੀਂ ਦਿੱਲੀ, 25 ਨਵੰਬਰ:
ਸੋਮਵਾਰ ਨੂੰ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਹੱਲਾ ਬੋਲਦਿਆਂ ਕਿਹਾ ਕਿਹਾ ਕਿ ਵੋਟਰਾਂ ਵੱਲੋਂ ‘80 ਤੋਂ 90 ਵਾਰ ਨਕਾਰੇ ਗਏ ਲੋਕ ਸੰਸਦ ਨੂੰ ਠੱਪ ਕਰ ਰਹੇ ਹਨ’। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਮੈਂਬਰ ਦੂਜੇ ਸੰਸਦ ਮੈਂਬਰਾਂ ਦੇ ਹੱਕਾਂ ਨੂੰ ਖੋਹ ਰਹੇ ਹਨ ਅਤੇ ਜਨਤਾ ਦੀਆਂ ਉਮੀਦਾਂ ਦੀ ਹੇਠੀ ਕਰ ਰਹੇ ਹਨ।
ਸੈਸ਼ਨ ਤੋਂ ਪਹਿਲਾਂ ਆਪਣੇ ਰਵਾਇਤੀ ਭਾਸ਼ਣ ਦੀ ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸ਼ੁਰੂਆਤ ਕੀਤੀ ਕਿ ‘ਸਰਦ ਰੁੱਤ ਸੈਸ਼ਨ ਵਿੱਚ ਮਾਹੌਲ ਠੰਢਾ ਹੋਣ ਦੀ ਸੰਭਾਵਨਾ ਹੈ’ ਅਤੇ ਉਨ੍ਹਾਂ ਆਪਣੀ ਟਿੱਪਣੀ ਇਸ ਉਮੀਦ ਨਾਲ ਸਮਾਪਤ ਕੀਤੀ ਕਿ ਸੈਸ਼ਨ ਲਾਭਕਾਰੀ ਹੋਵੇਗਾ, ਜੋ ਭਾਰਤ ਦੀ ਵਧ ਰਹੀ ਵਿਸ਼ਵ ਸ਼ਕਤੀ ਨੂੰ ਹੋਰ ਹੁਲਾਰਾ ਦੇਵੇਗਾ, ਜੋ ਸੰਵਿਧਾਨ ਲਈ ਢੁਕਵੀਂ ਸ਼ਰਧਾਂਜਲੀ ਹੋਵੇਗੀ ਅਤੇ ਇੱਕ ਅਜਿਹਾ ਸੈਸ਼ਨ ਜੋ ਨਵੇਂ ਵਿਚਾਰਾਂ ਨੂੰ ਖ਼ੁਸ਼ਆਮਦੀਦ ਕਹਿੰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸ਼ੀਤਕਾਲੀਨ ਸਤ੍ਰ (ਸਰਦ ਰੁੱਤ ਸੈਸ਼ਨ) ਹੈ ਔਰ ਮਾਹੌਲ ਭੀ ਸ਼ੀਤ (ਠੰਢਾ) ਹੀ ਰਹੇਗਾ…।’’ ਉਨ੍ਹਾਂ ਨਾਲ ਹੀ ਕਿਹਾ, “ਬਦਕਿਸਮਤੀ ਦੀ ਗੱਲ ਹੈ ਕਿ ਜਨਤਾ ਵੱਲੋਂ ਲਗਾਤਾਰ ਨਕਾਰੇ ਗਏ ਮੁੱਠੀ ਭਰ ਲੋਕ ਗੁੰਡਾਗਰਦੀ ਰਾਹੀਂ ਸੰਸਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਆਪਣਾ ਤਾਂ ਉਦੇਸ਼ ਸੰਸਦ ਨੂੰ ਰੋਕਣ ਤੋਂ ਵੱਧ ਜ਼ਿਆਦਾ ਸਫਲ ਨਹੀਂ ਹੁੰਦਾ, ਪਰ ਲੋਕ ਉਨ੍ਹਾਂ ਦੇ ਵਿਹਾਰ ਉਤੇ ਨਜ਼ਰ ਰੱਖਦੇ ਹਨ ਅਤੇ ਸਮਾਂ ਆਉਣ ‘ਤੇ ਉਨ੍ਹਾਂ ਨੂੰ ਸਜ਼ਾ ਵੀ ਦਿੰਦੇ ਹਨ।’’
![]()
