ਅਮਰੀਕਾ ਨੇ ਕਿਉਂ ਕੀਤਾ ਇਰਾਨ ’ਤੇ ਹਮਲਾ ?
ਇਰਾਨੀਆਂ ਨੂੰ ਆਪਣੇ ਧਾਰਮਿਕ ਸ਼ਾਸਕਾਂ ਦਾ ਤਖ਼ਤਾ ਪਲਟਨ ਦੀ ਤਾਕੀਦ ਕਰਦਿਆਂ ਯੂ.ਐਸ. ਨੇ ਇਜ਼ਰਾਇਲ ਨਾਲ ਮਿਲ ਕੇ ਪਿਛਲੇ ਦਿਨੀਂ ਇਰਾਨ ਖ਼ਿਲਾਫ਼ ‘ਵੱਡੇ ਜੰਗੀ ਅਭਿਆਨ’ ਦੀ ਸ਼ੁਰੂਆਤ ਕਰ ਦਿੱਤੀ। ਯੂ.ਐਸ. ਇਸ ਅਪਰੇਸ਼ਨ ਨੂੰ ‘ਐਪਿਕ ਫਿਓਰੀ’ ਕਹਿ ਰਿਹਾ ਹੈ, ਜਦਕਿ ਇਜ਼ਰਾਇਲੀ ਇਸ ਨੂੰ ‘ਸ਼ੇਰ ਦੀ ਦਹਾੜ’ ਦੱਸ ਰਹੇ ਹਨ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਰਾਨ ਲੰਬੀ ਪਹੁੰਚ ਵਾਲੀਆਂ ਮਿਜ਼ਾਈਲਾਂ ਵਿਕਸਿਤ ਕਰ ਰਿਹਾ ਸੀ ਜੋ ਕਿ ਯੂਰਪ ਅਤੇ ਵਿਦੇਸ਼ਾਂ ਵਿੱਚ ਅਮਰੀਕੀ ਫ਼ੌਜੀਆਂ ਲਈ ਖ਼ਤਰਾ ਬਣ ਸਕਦੀਆਂ ਹਨ, ਇੱਥੋਂ ਤੱਕ ਕਿ ਅਮਰੀਕੀ ਸਰਜ਼ਮੀਨ ਤੱਕ ਵੀ ਪਹੁੰਚ ਸਕਦੀਆਂ ਹਨ।
ਉਨ੍ਹਾਂ ਨੇ ਤਹਿਰਾਨ ਵਿੱਚ ਯੂਐਸ ਦੇ ਦੂਤਾਵਾਸ ’ਤੇ 1979 ’ਚ ਹੋਏ ਹਿੰਸਕ ਕਬਜ਼ੇ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਦੌਰਾਨ ਦਰਜਨਾਂ ਅਮਰੀਕੀਆਂ ਨੂੰ 444 ਦਿਨਾਂ ਲਈ ਬੰਧਕ ਬਣਾਇਆ ਗਿਆ ਸੀ।
ਟਰੰਪ ਨੇ 1983 ਵਿੱਚ ਇਰਾਨ ਦੇ ਪ੍ਰੋਕਸੀਆਂ ਵੱਲੋਂ ਬੇਰੂਤ ਵਿੱਚ ਯੂਐਸ ਮਰੀਨ ਬੈਰਕਾਂ ’ਤੇ ਕੀਤੀ ਬੰਬਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੌਰਾਨ 241 ਲੋਕ ਮਾਰੇ ਗਏ ਸਨ।
ਅਮਰੀਕਾ ਦੇ ਰਾਸ਼ਟਰਪਤੀ ਨੇ ਜਨਵਰੀ ਵਿੱਚ ਵੀ ਦਖਲ ਦੇਣ ਦਾ ਅਹਿਦ ਲਿਆ ਸੀ ਜਦੋਂ ਇਰਾਨ ਦੇ ਸੁਰੱਖਿਆ ਬਲਾਂ ਨੇ ਆਰਥਿਕ ਸੰਕਟ ਦੌਰਾਨ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲ ਦਿੱਤਾ ਸੀ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਯੂ.ਐਸ. ਨੇ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਬੰਬ ਸੁੱਟੇ ਸੀ। ਟਰੰਪ ਨੇ ਕਿਹਾ ਕਿ ਯੂ.ਐਸ. ਦੇ ਅਪਰੇਸ਼ਨ ‘ਮਿਡ-ਨਾਈਟ ਹੈਮਰ’ ਨੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਬਰਬਾਦ ਕਰ ਦਿੱਤਾ ਸੀ।
ਪਿਛਲੀਆਂ ਗਰਮੀਆਂ ਵਿੱਚ ਯੂ.ਐਸ. ਦੇ ਹਮਲਿਆਂ ਨੇ ਇਰਾਨ ਅਤੇ ਇਜ਼ਰਾਇਲ ਵਿਚਕਾਰ 12 ਦਿਨ ਤੱਕ ਚੱਲੇ ਟਕਰਾਅ ਦੌਰਾਨ ਜੰਗਬੰਦੀ ਦਾ ਰਾਹ ਪੱਧਰਾ ਕੀਤਾ ਸੀ।
ਇਜ਼ਰਾਇਲ ਨੇ ਇਰਾਨ ਦੇ ਪ੍ਰਮਾਣੂ, ਫ਼ੌਜੀ ਅਤੇ ਬੁਨਿਆਦੀ ਢਾਂਚੇ ਵਾਲੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ ਸਨ। ਤਹਿਰਾਨ ਨੇ ਸੈਂਕੜੇ ਰਾਕੇਟ ਅਤੇ ਡਰੋਨ ਦਾਗ਼ ਕੇ ਇਜ਼ਰਾਇਲ ਖ਼ਿਲਾਫ਼ ਜਵਾਬੀ ਕਾਰਵਾਈ ਕੀਤੀ ਸੀ।
ਆਪਣੇ ਵੀਡੀਓ ਸੰਦੇਸ਼ ਵਿੱਚ ਟਰੰਪ ਨੇ ਇਰਾਨ ’ਤੇ ਕੀਤੇ ਗਏ ਅਮਰੀਕੀ-ਇਜ਼ਰਾਇਲੀ ਹਮਲਿਆਂ ਨੂੰ ‘ਵੱਡੀ ਜੰਗੀ ਕਾਰਵਾਈ’ ਕਿਹਾ ਹੈ।
ਅਮਰੀਕੀ ਸੰਵਿਧਾਨ ਦੇ ਆਰਟੀਕਲ 1 ਮੁਤਾਬਕ, ਰਸਮੀ ਤੌਰ ’ਤੇ ਜੰਗ ਦਾ ਐਲਾਨ ਕਰਨ ਦੀ ਤਾਕਤ ਕਾਂਗਰਸ ਕੋਲ ਹੈ, ਪਰ ਹਾਲੇ ਤੱਕ ਕਾਂਗਰਸ ਨੇ ਅਜਿਹਾ ਰਸਮੀ ਐਲਾਨ ਨਹੀਂ ਕੀਤਾ ਹੈ।
ਹਾਲਾਂਕਿ ਸੰਵਿਧਾਨ, ਰਾਸ਼ਟਰਪਤੀ ਨੂੰ ਮਿਲਟਰੀ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਦਿੰਦਾ ਹੈ।
ਇਹੀ ਵਿਸ਼ਾ ਵਾਸ਼ਿੰਗਟਨ ਵਿੱਚ ਹਾਲ ਹੀ ਵਿੱਚ ਕਾਫ਼ੀ ਬਹਿਸ ਦਾ ਕਾਰਨ ਰਿਹਾ ਹੈ। ਇਰਾਨ ’ਤੇ ਯੂਐਸ-ਇਜ਼ਰਾਇਲ ਹਮਲੇ ਬਾਰੇ ਕੈਪੀਟਲ ਹਿੱਲ ’ਤੇ ਪ੍ਰਤੀਕਿਰਿਆਵਾਂ ਪਾਰਟੀ ਲਾਈਨਾਂ ਮੁਤਾਬਕ ਨਜ਼ਰ ਆਈਆਂ ਹਨ। ਕਾਂਗਰਸ ਦੇ ਦੋਹਾਂ ਚੈਂਬਰਾਂ ’ਤੇ ਕਾਬਜ਼ ਰਿਪਬਲੀਕਨ ਜ਼ਿਆਦਾਤਾਰ ਇਸ ਹਮਲੇ ਦੇ ਹੱਕ ਵਿੱਚ ਸਨ।
ਲੰਬੇ ਸਮੇਂ ਤੋਂ ਇਰਾਨ ’ਤੇ ਅਮਰੀਕੀ ਹਮਲੇ ਦੀ ਮੰਗ ਕਰ ਰਹੇ ਦੱਖਣੀ ਕੈਰੋਲੀਨਾ ਸੈਨੇਟਰ ਲਿੰਡਸੇ ਗ੍ਰਾਹਮ ਨੇ ਐਕਸ ’ਤੇ ਲਿਖਿਆ, ‘ਇਹ ਕਾਰਵਾਈ ਜ਼ਰੂਰੀ ਹੈ ਅਤੇ ਜਾਇਜ਼ ਹੈ।’
ਰਿਪਬਲਿਕਨ ਲੀਡਰ ਅਤੇ ਹਾਊਸ ਸਪੀਕਰ ਮਾਈਕ ਜੌਹਨਸਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਹਮਲਿਆਂ ਤੋਂ ਪਹਿਲਾਂ ‘ਗੈਂਗ ਆਫ ਏਟ’ ਕਾਂਗਰਸ ਲੀਡਰਾਂ ਦੇ ਦੋ-ਪੱਖੀ ਸਮੂਹ ਨੂੰ ਸੂਚਿਤ ਕੀਤਾ ਸੀ।
ਡੈਮੋਕਰੇਟਿਕ ਲੀਡਰਾਂ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਟਰੰਪ ’ਤੇ ਕਾਂਗਰਸ ਦੀ ਸਹਿਮਤੀ ਲਏ ਬਿਨਾਂ ਜੰਗ ਸ਼ੁਰੂ ਕਰਨ ਦਾ ਇਲਜ਼ਾਮ ਲਗਾਇਆ ਹੈ।
ਡੈਮੋਕਰੇਟਿਕ ਸੈਨੇਟਰ ਟਿਮ ਕੇਨ ਨੇ ਇਸ ਸੰਕਟ ਨੂੰ ‘ਟਰੰਪ ਦੀ ਗ਼ੈਰ-ਕਾਨੂੰਨੀ ਜੰਗ’ ਕਿਹਾ।
ਡੈਮੋਕਰੇਟਿਕ ਲੀਡਰਾਂ ਨੇ ਕਾਂਗਰਸ ਨੂੰ ਜੰਗੀ ਸ਼ਕਤੀਆਂ ਬਾਰੇ ਮਤੇ ’ਤੇ ਬਿੱਲ ਦੀ ਤਰ੍ਹਾਂ ਵਿਚਾਰ ਕਰਨ ਦੀ ਮੁੜ ਮੰਗ ਕੀਤੀ ਜੋ ਕਿ ਪਿਛਲੇ ਸਾਲ ਰਿਪਬਲਿਕਨ ਲੀਡਰਾਂ ਦਾ ਸਮਰਥਨ ਨਾ ਮਿਲ ਸਕਣ ਕਾਰਨ ਫੇਲ੍ਹ ਹੋ ਗਿਆ ਸੀ।
ਜੇ ਜੰਗੀ ਸ਼ਕਤੀਆਂ ਬਾਰੇ ਇੱਕ ਹੋਰ ਮਤਾ ਲਿਆਂਦਾ ਜਾਂਦਾ ਹੈ ਅਤੇ ਪਾਸ ਕੀਤਾ ਜਾਂਦਾ ਹੈ ਤਾਂ ਇਸ ਨਾਲ ਕਾਂਗਰਸ ਦੀ ਸਹਿਮਤੀ ਤੋਂ ਬਿਨਾਂ ਰਾਸ਼ਟਰਪਤੀ ਵੱਲੋਂ ਫ਼ੌਜੀ ਸ਼ਕਤੀਆਂ ਦੇ ਇਸਤੇਮਾਲ ’ਤੇ ਰੋਕ ਲੱਗ ਸਕਦੀ ਹੈ।
ਪਰ ਇਹ ਬਿੱਲ ਪਾਸ ਹੋਣ ਦੀਆਂ ਸੰਭਾਵਨਾਵਾਂ ਫ਼ਿਲਹਾਲ ਬਹੁਤ ਘੱਟ ਹਨ।
ਕਾਂਗਰਸ ਮੈਨ ਥੋਮਸ ਮੈਸੀ ਅਤੇ ਸੈਨੇਟਰ ਰੈਂਡ ਪੌਲ ਤੋਂ ਇਲਾਵਾ ਕੁਝ ਰਿਪਬਲਿਕਨ ਆਗੂਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਅਜਿਹੇ ਤਰੀਕੇ ਦਾ ਸਮਰਥਨ ਕਰਨਗੇ।
ਕੀ ਅਮਰੀਕੀ ਫੌਜਾਂ ਜ਼ਮੀਨ ’ਤੇ ਪੈਰ ਧਰਨਗੀਆਂ?
ਪੂਰੇ ਮੱਧ ਪੂਰਬ ਵਿੱਚ ਯੂ.ਐਸ. ਦੇ ਤਕਰੀਬਨ 13 ਫ਼ੌਜੀ ਟਿਕਾਣੇ ਹਨ ਜਿੱਥੇ ਆਮ ਤੌਰ ’ਤੇ 30-40 ਹਜ਼ਾਰ ਫ਼ੌਜੀ ਤੈਨਾਤ ਹੁੰਦੇ ਹਨ।
ਪਰ ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਅਮਰੀਕੀ ਲੜਾਕੂ ਫ਼ੌਜੀ, ਈਰਾਨ ਵਿੱਚ ਜ਼ਮੀਨ ’ਤੇ ਤੈਨਾਤ ਕੀਤੇ ਜਾਣਗੇ।
ਅਮਰੀਕੀ ਫ਼ੌਜ, ਕਈ ਹਫ਼ਤਿਆਂ ਤੋਂ ਮੱਧ ਪੂਰਬ ਵਿੱਚ ਆਪਣੀ ਮੌਜੂਦਗੀ ਕਾਇਮ ਕਰਨ ਵਿੱਚ ਜੁਟੀ ਹੋਈ ਹੈ ਅਤੇ ਇਸ ਖੇਤਰ ਵਿੱਚ ਇਨ੍ਹਾਂ ਕੋਲ ਯੂ.ਐਸ.ਐਸ. ਗੈਰਾਲਡ ਆਰ ਫੋਰਡ ਅਤੇ ਯੂ.ਐਸ.ਐਸ. ਅਬ੍ਰਾਹਮ ਲਿੰਕਨ ਨਾਮੀ ਦੋ ਏਅਰਕ੍ਰਾਫਟ ਕੈਰੀਅਰ ਹਨ ਪਰ ਫ਼ਿਲਹਾਲ ਅਮਰੀਕੀ ਫ਼ੌਜੀ ਕਾਰਵਾਈ ਹਵਾਈ ਹਮਲਿਆਂ ਤੱਕ ਹੀ ਹੈ।
ਕੀ ਇਰਾਨ ਕੋਲ ਅਮਰੀਕਾ ’ਤੇ ਹਮਲੇ ਦੀ ਸਮਰੱਥਾ ਹੈ?
ਇਰਾਨੀ ਸ਼ਾਸਨ ਨੇ ਹਮੇਸ਼ਾ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਪ੍ਰਮਾਣੂ ਹਥਿਆਰ ਚਾਹੁੰਦੇ ਹਨ। ਪਰ ਯੂਰੇਨੀਅਮ ਦੇ ਭੰਡਾਰਨ ’ਚ ਇਸ ਕਦਰ ਵਾਧਾ ਕੀਤਾ ਹੈ ਜਿਸਦੀ ਪ੍ਰਮਾਣੂ ਸ਼ਕਤੀ ਪ੍ਰੋਗਰਾਮ ’ਚ ਨਾਗਰਿਕ ਇਸਤੇਮਾਲ ਲਈ ਕੋਈ ਲੋੜ ਨਹੀਂ ਹੈ।
ਹੁਣ ਤੱਕ ਇਜ਼ਰਾਇਲ ਅਤੇ ਅਮਰੀਕਾ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਕਿ ਇਰਾਨ ਬੰਬ ਬਣਾਉਣ ਵਾਲਾ ਸੀ।
ਅਮਰੀਕੀ ਸਰਜ਼ਮੀਨ ’ਤੇ ਕਿਸੇ ਵੀ ਹਮਲੇ ਦੀ ਜਨਤਕ ਰਿਪੋਰਟ ਨਹੀਂ ਹੈ, ਪਰ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਉਹ ਹਾਈ ਅਲਰਟ ’ਤੇ ਹਨ।
![]()
