ਸੁਖਬੀਰ ਸਿੰਘ ਬਾਦਲ ਦੇ ਸਪਸ਼ਟੀਕਰਨ ਤੋਂ ਸਿੱਖ ਪੰਥ ਸੰਤੁਸ਼ਟ ਨਹੀਂ, ਸਿੰਘ ਸਾਹਿਬਾਨ ਉੱਪਰ ਨਜ਼ਰਾਂ ਲੱਗੀਆਂ

In ਮੁੱਖ ਲੇਖ
August 06, 2024
ਪ੍ਰੋ ਬਲਵਿੰਦਰ ਪਾਲ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖ ਪੰਥ ਦੀ ਮੰਗ ਉੱਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸ੍ਰੀ ਅਕਾਲ ਤਖ਼ਤ ਨੂੰ ਸੌਂਪੀ ਮੁਆਫ਼ੀ ਨਾਮੇ ਦੀ ਚਿੱਠੀ ਜਨਤਕ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀ ਨਾਮੇ ਵਿੱਚ ਲਿਖਿਆ ਹੈ ਕਿ ਦਾਸ ਕੋਲੋਂ ਚੇਤ- ਅਚੇਤ ਵਿੱਚ ਹੋਈਆਂ ਸਾਰੀਆਂ ਭੁੱਲਾਂ -ਚੁੱਕਾਂ ਲਈ ਖਿਮਾ ਦਾ ਜਾਚਕ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਬਿਨਾਂ ਸ਼ਰਤ ਖਿੜੇ ਮੱਥੇ ਪ੍ਰਵਾਨ ਕਰਨਗੇ। ਕੀ ਸੁਖਬੀਰ ਬਾਦਲ ਅਕਾਲ ਤਖ਼ਤ ਸਾਹਿਬ ਦੱਸਣਗੇ ਕਿ ਕਿਹੜੀਆਂ ਜਾਣੇ ਅਨਜਾਣੇ ਵਿੱਚ ਭੁੱਲਾਂ ਹੋਈਆਂ, ਕਿਹੜੀਆਂ ਜਾਣ ਬੁਝ ਕੇ ਕੀਤੀਆਂ? ਇਹ ਵੇਰਵਾ ਸਿੰਘ ਸਾਹਿਬਾਨਾਂ ਨੂੰ ਸੁਖਬੀਰ ਸਿੰਘ ਬਾਦਲ ਕੋਲੋਂ ਪ੍ਰਾਪਤ ਕਰਕੇ ਗੁਰੂ ਪੰਥ ਦੀ ਕਚਹਿਰੀ ਵਿੱਚ ਰਖਣਾ ਚਾਹੀਦਾ ਹੈ। * ਸੁਖਬੀਰ ਨੂੰ ਦੱਸਣਾ ਚਾਹੀਦਾ ਸੀ ਕਿ ਸੌਦਾ ਸਾਧ ਸੰਬੰਧੀ ਪੋਸ਼ਾਕ ਦਾ ਕੇਸ ਕਿਉਂ ਵਾਪਸ ਕਰਵਾਇਆ? ਕੀ ਇਹ ਜਾਣੇ ਅਨਜਾਣੇ ਵਿੱਚ ਭੱੁਲ ਸੀ? * ਕੀ ਸੌਦਾ ਸਾਧ ਨਾਲ ਵੋਟਾਂ ਦੀ ਸੌਦੇਬਾਜ਼ੀ ਜਾਣੇ ਅਨਜਾਣੇ ਵਿੱਚ ਭੱੁਲ ਸੀ? * ਸਭ ਤੋਂ ਬੱਜਰ ਗੁਨਾਹ ਜੋ ਅਕਾਲੀ ਸਰਕਾਰ ਵੇਲੇ ਹੋਇਆ ਉਹ ਸੀ ਸੌਦਾ ਸਾਧ ਨੂੰ ਮੁਆਫ਼ੀ। ਇਹ ਜਾਣਦੇ ਹੋਏ ਵੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵਾਲੇ ਸੌਦਾ ਸਾਧ ਖ਼ਿਲਾਫ਼ ਸਿੱਖ ਪੰਥ ਦੀ ਵੱਡੇ ਪੱਧਰ ’ਤੇ ਨਰਾਜ਼ਗੀ ਹੈ, ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਭੰਗ ਕਰਦਿਆਂ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਹੀ ਓਸ ਵਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਮੁਆਫ਼ੀ ਦੁਆ ਦਿੱਤੀ ਸੀ। ਇਸ ਮੁਆਫ਼ੀ ਨੂੰ ਸਹੀ ਸਾਬਤ ਕਰਨ ਲਈ ਅਖ਼ਬਾਰਾਂ ਵਿੱਚ ਫੁੱਲ ਪੇਜ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਛਪਵਾਏ ਗਏ। ਕੀ ਡੇਰੇ ਨੂੰ ਮੁਆਫ਼ੀ ਦਿਵਾਉਣ ਦੇ ਲਈ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਉੱਪਰ ਦਬਾਅ ਪਾਉਣਾ ਜਾਣੇ ਅਨਜਾਣੇ ਵਿੱਚ ਭੁੱਲ ਸੀ? * ਬਾਦਲ ਸਰਕਾਰ ਵਲੋਂ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਤੋਂ ਬਾਅਦ ਜਵਾਬ ਇਹ ਦਿੱਤਾ ਗਿਆ ਕਿ ਗੋਲੀ ਚਲਾਉਣ ਵਾਲੀ ਪੁਲਿਸ ਅਣਪਛਾਤੀ ਸੀ। ਕੀ ਇਹ ਜਾਣੇ ਅਨਜਾਣੇ ਵਿੱਚ ਭੁੱਲ ਸੀ? #ਪੰਜਾਬ ਸੰਤਾਪ ਦੌਰ ਦੌਰਾਨ ਬੇਕਸੂਰ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਸੁਮੇਧ ਸੈਣੀ ਨੂੰ ਅਕਾਲੀ ਸਰਕਾਰ ਵੇਲੇ ਪੰਜਾਬ ਦਾ ਡੀ.ਜੀ.ਪੀ. ਲਗਾਇਆ ਗਿਆ,ਕੀ ਇਹ ਜਾਣੇ ਅਨਜਾਣੇ ਵਿੱਚ ਭੱੁਲ ਸੀ? # ਕੀ ਅਕਾਲੀ ਦਲ ਬਾਦਲ ਵਿੱਚ ਇਜ਼ਹਾਰ ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਅਹੁਦੇਦਾਰੀਆ ਨਹੀਂ ਦਿੱਤੀਆਂ ਸਰਕਾਰੀ ਕੁਰਸੀਆਂ ੳੁੱਪਰ ਨਹੀਂਂ ਨਿਵਾਜਿਆ? ਕੀ ਇਹ ਜਾਣੇ ਅਨਜਾਣੇ ਵਿੱਚ ਭੱੁਲ ਸੀ? ਇਹ ਸਾਰੇ ਵੱਡੇ ਅਪਰਾਧ ਹਨ ਜੋ ਹੁਣ ਤਕ ਛੁਪਾਏ ਜਾ ਰਹੇ ਹਨ। ਸੁਖਬੀਰ ਬਾਦਲ ਤੇ ਉਨ੍ਹਾਂ ਦਾ ਧੜਾ ਬਾਗੀ ਅਕਾਲੀਆਂ ਸਿਰ ਭਾਂਡਾ ਭੰਨ ਰਿਹਾ ਹੈ? ਜਦਕਿ ਦੋਸ਼ੀ ਸੀਨੀਅਰ ਬਾਗੀ ਅਕਾਲੀ ਆਗੂਆਂ ਨੇ ਅਕਾਲ ਤਖ਼ਤ ਸਾਹਮਣੇ ਇਹ ਦੋਸ਼ ਸਿੱਧੇ ਤੌਰ ੳੁੱਪਰ ਸਵੀਕਾਰ ਕੀਤੇ ਹਨ ਕਿ ਸਾਡੇ ਕੋਲੋਂ ਇਹ ਗ਼ਲਤੀਆਂ ਹੋਈਆਂ ਹਨ, ਸਾਨੂੰ ਸਮੇਂ ਸਿਰ ਬੋਲਣਾ ਚਾਹੀਦਾ ਸੀ, ਰੋਕਣਾ ਚਾਹੀਦਾ ਸੀ, ਪਰ ਰੋਕ ਨਹੀਂਂ ਸਕੇ। ਜਦਕਿ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਹਿ ਰਹੇ ਹਨ ਕਿ ਅਸੀਂ ਚੇਤ-ਅਚੇਤ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗਦੇ ਹਾਂ। ਸੁਖਬੀਰ ਬਾਦਲ ਦੇ ਸਪੱਸ਼ਟੀਕਰਨ ਬਾਰੇ ਢੀਂਡਸਾ ਦੀ ਰਾਇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਜਗ ਜ਼ਾਹਰ ਹੋਣ ’ਤੇ ਉਸ ਵਿਚੋਂ ਕੁਝ ਨਵਾਂ ਨਹੀਂਂ ਨਿਕਲਿਆ ਅਤੇ ਇਹ ਚਿੱਠੀ ਅਜੇ ਵੀ ਮੁਆਫ਼ੀ ਮੰਗਣ ਦੇ ਮਾਮਲੇ ਵਿੱਚ ਗੋਲਮੋਲ ਹੈ। ਢੀਂਡਸਾ ਨੇ ਕਿਹਾ ਕਿ ਹੁਣ ਸਮੁੱਚੇ ਸਿੱਖ ਕੌਮ ਦੀਆਂ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਅਤੇ ਬਾਕੀ ਸਿੰਘ ਸਾਹਿਬਾਨਾਂ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਅਕਾਲੀ ਦਲ ਦੀ ਸਰਕਾਰ ਮੌਕੇ ਬਰਗਾੜੀ ਕਾਂਡ, ਬਹਿਬਲ ਕਾਂਡ, ਡੀ.ਜੀ.ਪੀ. ਸੈਣੀ, ਆਲਮ ਵਿਧਾਇਕ ਮਾਮਲਾ, ਡੇਰਾ ਸਾਧ ਨੂੰ ਮੁਆਫ਼ੀ ਸਮੇਤ ਹੋਰ ਵਾਪਰੀਆਂ ਘਟਨਾਵਾਂ ਵਿੱਚ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਦੇ ਅਕਾਲੀ ਦਲ ਦੇ ਹਾਲਾਤ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤੇ ਹਨ, ਹੁਣ ਅਕਾਲੀ ਦਲ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਅਤੇ ਭਰੋਸਾ ਬਣਾਉਣ ਵਿੱਚ ਲੰਬਾ ਸਮਾਂ ਲੱਗੇਗਾ। ਬਾਗ਼ੀਆਂ ’ਤੋਂ ਔਖੇ ਡਾਕਟਰ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਬਾਗ਼ੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਬਾਗੀ ਅਕਾਲੀਆਂ ਨੂੰ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਭਰੋਸਾ ਨਹੀਂਂ ਹੈ, ਕਿਉਂਕਿ ਜਦੋਂ ਸਪੱਸ਼ਟੀਕਰਨ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਇਸ ਨੂੰ ਜਥੇਦਾਰ ਸਾਹਿਬ ਜਨਤਕ ਕਰਨ। ਚੀਮਾ ਨੇ ਕਿਹਾ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਰੋਸਾ ਹੀ ਨਹੀਂਂ ਤਾਂ ਫਿਰ ਉਥੇ ਕੀ ਕਰਨ ਗਏ ਸੀ? ਡੱਬੀ ਕੀ ਸਿੱਖ ਕੌਮ ਦੋਸ਼ੀ ਲੀਡਰਸ਼ਿਪ ਨੂੰ ਮਾਫ਼ ਕਰੇਗੀ ? ਪੰਥਕ ਹਲਕਿਆਂ ਅਨੁਸਾਰ ਬਾਦਲ ਧੜਾ ਬਾਗੀ ਅਕਾਲੀਆਂ ਨਾਲੋਂ ਜ਼ਿਆਦਾ ਸਿੱਖ ਪੰਥ ਦਾ ਵੱਡਾ ਦੋਸ਼ੀ ਹੈ। ਜੋ ਬਾਦਲ ਪਰਿਵਾਰ ਨੇ ਅਕਾਲੀ ਦਲ, ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ ਨੂੰ ਢਾਹ ਲਗਾਉਣ ਲਈ ਅਪਰਾਧ ਕੀਤੇ ਹਨ, ਉਹ ਸਿੱਖ ਪੰਥ ਨੇ ਕਦੇ ਮਾਫ਼ ਨਹੀਂਂ ਕਰਨੇ। ਸਰਦਾਰ ਗੁਰਤੇਜ ਸਿੰਘ ਆਈਏਐਸ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿੱਖ ਸਿਧਾਂਤ ਅਨੁਸਾਰ ਪਹਿਰੇਦਾਰੀ ਕਰਨੀ ਪੈਣੀ ਹੈ। ਫੈਸਲਾ ਉਨ੍ਹਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਦੋਸ਼ਾਂ ਨੂੰ ਗਿਆਨੀ ਗੁਰਬਚਨ ਸਿੰਘ ਵਾਂਗ ਢਕਣਾ ਹੈ ਜਾਂ ਉਨ੍ਹੀਵੀਂ ਸਦੀ ਦੇ ਅਕਾਲ ਤਖ਼ਤ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਵਾਂਗ ਸਿਖ ਪੰਥ ਦੀ ਸ਼ਾਨ ਤੇ ਅਕਸ ਵਿੱਚ ਇਤਿਹਾਸਕ ਵਾਧਾ ਕਰਨਾ ਹੈ, ਜਿਨ੍ਹਾਂ ਨੂੰ ਕਿਸੇ ਸੱਤਾ ਦਾ ਭੈਅ ਨਹੀਂਂ ਸੀ? ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਬਾਦਲ ਪਰਿਵਾਰ ਤੇ ਧੜੇ ਦੀ ਇੱਕ-ਇੱਕ ਗੁਨਾਹ ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਦੋਸ਼ਾਂ ਵਿੱਚ ਕਿਹੜੀ ਜਾਣੇ ਅਨਜਾਣੇ ਵਿੱਚ ਗਲਤੀ ਹੋਈ ਤੇ ਕਿਹੜੀ ਜਾਣ ਬੁਝ ਕੇ ਪੰਥ ਵਿਰੋਧੀ ਗਲਤੀ ਕੀਤੀ? ਜੇ ਕਿਸੇ ਵੀ ਦੋਸ਼ ਦਾ ਜ਼ਿਕਰ ਨਹੀਂਂ ਹੋਵੇਗਾ ਤਾਂ ਸੰਗਤ ਦੇ ਸਾਹਮਣੇ ਸਾਰਾ ਸੱਚ ਕਿਵੇਂ ਸਾਹਮਣੇ ਆਵੇਗਾ? ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਤੋਂ ਰੱਬੀ ਸੱਚ ਪ੍ਰਗਟ ਹੋਣਾ ਚਾਹੀਦਾ ਹੈ। ਇਹ ਗੁਰੂ ਦਾ ਤਖਤ ਹੈ? ਗੁਰੂ ਤੋਂ ਬਾਅਦ ਤਖ਼ਤ ਦਾ ਮਾਲਕ ਬਾਦਲ ਪਰਿਵਾਰ ਨਹੀਂਂ ਗੁਰੂ ਪੰਥ ਹੈ। ਜਥੇਦਾਰ ਅਕਾਲ ਤਖ਼ਤ ਨੇ ਗੁਰੂ ਸਿਧਾਂਤ ਦੀ ਪਹਿਰੇਦਾਰੀ ਕਰਨੀ ਹੈ। ਸੁਖਬੀਰ ਬਾਦਲ ਦੀ ਚਿੱਠੀ ਤੋਂ ਖਾਲਸਾ ਪੰਥ ਸੰਤੁਸ਼ਟ ਨਹੀਂਂ। ਇਹ ਆਪਣੇ ਦੋਸ਼ ਤੇ ਅਪਰਾਧ ਲੁਕਾਉਣ ਦੀ ਕਾਰਵਾਈ ਹੈ। ਇਨ੍ਹਾਂ ਦੋਸ਼ੀਆਂ ਨੂੰ ਸਿੱਖ ਪੰਥ ਕਦੇ ਮਾਫ਼ ਨਹੀਂਂ ਕਰ ਸਕਦਾ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਨੇ ਕਿਹਾ ਕਿ ਸੁਖਬੀਰ ਦੀ ਚਿੱਠੀ ਦੋਸ਼ਾਂ ਬਾਰੇ ਸਪਸ਼ਟ ਨਹੀਂਂ। ਉਨ੍ਹਾਂ ਨੂੰ ਅਕਾਲ ਤਖ਼ਤ ਸਾਹਮਣੇ ਸੱਚ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਗੁਨਾਹ ਤੇ ਭੱੁਲਾਂ ਕੀਤੀਆਂ। ਗੁਰੂ ਗ੍ਰੰਥ ਤੇ ਗੁਰੂ ਪੰਥ ਅੱਗੇ ਸਪਸ਼ਟ ਹੋਕੇ ਹੀ ਗੁਨਾਹ ਬਖ਼ਸ਼ਾਏ ਜਾ ਸਕਦੇ ਹਨ। ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਸੰਕਟ ਹਲ਼ ਕਰਨ ਲਈ ਗਿਆਰਾਂ ਮੈਂਬਰੀ ਪੰਥਕ ਫੇਸ ਵਾਲੀ ਕਮੇਟੀ ਬਣਾਉਣੀ ਚਾਹੀਦੀ ਹੈ ਜੋ ਅਕਾਲੀ ਦਲ ਦਾ ਅਕਸ ਬਹਾਲ ਕਰੇ ਤੇ ਨਵੀਂ ਲੀਡਰਸ਼ਿਪ ਦੀ ਚੋਣ ਕਰੇ। ਦਾਗੀ ਲੀਡਰਸ਼ਿਪ ਨਾਲ ਅਕਾਲੀ ਦਲ ਨਹੀਂਂ ਬਚ ਸਕਦਾ। ਡੱਬੀ : ਬਾਗੀ ਅਕਾਲੀ ਲੀਡਰਸ਼ਿਪ ਦੀ ਕਾਨਫਰੰਸ ਕੋਈ ਪ੍ਰਭਾਵ ਨਾ ਛੱਡ ਸਕੀ ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸ਼ੁਰੂ ਕੀਤੇ ਸੈਮੀਨਾਰਾਂ ਦੀ ਲੜੀ ਤਹਿਤ ਇੱਥੇ ਚੰਡੀਗੜ੍ਹ ਚੰਡੀਗੜ੍ਹ ਦੇ ਸੈਕਟਰ-30 ਸਥਿਤ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਸਿੱਖ ਪੰਥ ਅੱਗੇ ਚੁਨੌਤੀਆਂ ਤੇ ਸਿੱਖ ਸੰਸਥਾਵਾਂ ਦੀ ਭੂਮਿਕਾ ਵਿਸ਼ੇ ’ਤੇ ਪਹਿਲ਼ਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜੋ ਸਿੱਖ ਪੰਥ ਉੱਪਰ ਕੋਈ ਪ੍ਰਭਾਵ ਨਹੀਂਂ ਜਮਾ ਸਕਿਆ। ਬਾਗੀ ਅਕਾਲੀ ਧੜਾ ਸਿੱਖ ਪੰਥ ਦੇ ਇਸ ਸੰਕਟ ਬਾਰੇ ਆਪਣੀ ਧਾਰਨਾ ਸਪਸ਼ਟ ਕਰਨ ਤੋਂ ਅਸਫਲ ਰਿਹਾ। ਮੀਡੀਆ ਵਿੱਚ ਉਸ ਦਾ ਪ੍ਰਭਾਵ ਨਹੀਂਂ ਬਣ ਸਕਿਆ। ਇਸ ਸੈਮੀਨਾਰ ਵਿੱਚ ਸਿੱਖ ਪੰਥ ਦੇ ਵੱਡੇ ਸਿੱਖ ਚਿੰਤਕ ਤੇ ਪੰਥਕ ਹਸਤੀਆਂ ਵੀ ਸ਼ਾਮਲ ਨਹੀਂਂ ਹੋਈਆਂ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਤੇ ਉੱਘੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੌਜੂਦਾ ਦੌਰ ਅੰਦਰ ਲੀਡਰ ਵਿਹੂਣੀ ਹੋਈ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਦੀ ਲੋੜ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਾਬਕਾ ਉੱਪ ਕੁਲਪਤੀ ਤੇ ਸਿੱਖ ਬੁੱਧੀਜੀਵੀ ਡਾ. ਗੁਰਮੋਹਨ ਸਿੰਘ ਵਾਲੀਆ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਵਿੱਚ ਆ ਰਹੀ ਗਿਰਾਵਟ ’ਤੇ ਚਿੰਤਾ ਪ੍ਰਗਟ ਕੀਤੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਦੇ ਇਤਿਹਾਸ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ । ਸਟੇਜ ਦੀ ਕਾਰਵਾਈ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਨਿਭਾਈ। ਇਸ ਮੌਕੇ ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਚਰਨਜੀਤ ਸਿੰਘ ਬਰਾੜ, ਗਗਨਜੀਤ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਜਸਟਿਸ ਨਿਰਮਲ ਸਿੰਘ, ਸਰਵਨ ਸਿੰਘ ਫਿਲੌਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਜੀਤ ਕੌਰ ਗੁਲਸ਼ਨ, ਸਤਵਿੰਦਰ ਕੌਰ ਧਾਲੀਵਾਲ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਹਰਜੀਤ ਕੌਰ ਤਲਵੰਡੀ ਆਦਿ ਹਾਜ਼ਰ ਸਨ । ਡੱਬੀ ਸਾਬਕਾ ਪੁਲਿਸ ਅਫਸਰ ਖੱਟੜਾ ਕਾਰਨ ਬਾਦਲ ਦਲ ਉੱਪਰ ਸੰਕਟ ਮੰਡਰਾਇਆ ਸੌਦਾ ਸਾਧ ਦੀਆਂ ਵੋਟਾਂ ਕਾਰਨ ਸੁਖਬੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਛਿੱਕੇ ਟੰਗਿਆ-ਖੱਟੜਾ *ਚੀਮਾ ਤੇ ਵਲਟੋਹਾ ਖੱਟੜਾ ਤੋਂ ਔਖੇ ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਬਕਾ ਪੁਲਿਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਸੁਖਬੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ, ‘‘ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਸਿਰਸਾ ਦੀਆਂ ਵੋਟਾਂ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਨੂੰ ਛਿੱਕੇ ਟੰਗਿਆ ਸੀ, ਅਸੀਂ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਤਿਆਰ ਨਹੀਂਂ ਸੀ, ਜਿਸ ਕਾਰਨ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕੀਤੀ ਤੇ ਪਾਰਟੀ ਛੱਡ ਦਿੱਤੀ।’’ ਉਨ੍ਹਾਂ ਸਪੱਸ਼ਟ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਜਾਂ ਫਿਰ ਬਰਗਾੜੀ ਵਿੱਚ ਬੇਅਦਬੀ ਬਾਰੇ ਤੱਥ ਗੁਰਦੇਵ ਪ੍ਰੇਮੀ ਦੇ ਸਕਦਾ ਸੀ ਪਰ ਉਹ ਮਾਰ ਦਿੱਤਾ ਗਿਆ, ਜਿਸ ਤੋਂ ਬਾਅਦ ਡੇਰਾ ਪ੍ਰੇਮੀਆਂ ਬਾਰੇ ਪੱਕੇ ਸਬੂਤ ਮਿਲਨੇ ਮੁਸ਼ਕਲ ਹੋ ਗਏ ਹਨ। ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲ਼ਾਂ ਕਿਹਾ ਸੀ, ‘‘ਜੇ ਸਾਡੀ ਸਰਕਾਰ ਬਣੀ ਤਾਂ ਉਹ ਬੇਅਦਬੀ ਦੀ ਜਾਂਚ ਦੁਬਾਰਾ ਕਰਾਉਣਗੇ। ਖੱਟੜਾ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਸੁਖਬੀਰ ਸਣੇ ਸਾਰੇ ਹੀ ਮੰਨ ਗਏ ਸਨ ਕਿ ਡੇਰਾ ਪ੍ਰੇਮੀ ਹੀ ਬੇਅਦਬੀ ਦੇ ਦੋਸ਼ੀ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘‘ਅਸੀਂ ਖੱਟੜਾ ਵੱਲੋਂ ਲਗਾਏ ਦੋਸ਼ਾਂ ਬਾਰੇ ਹੁਣ ਕੁਝ ਨਹੀਂਂ ਕਹਿਣਾ ਚਾਹੁੰਦੇ।’’ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਦੋਸ਼ ਲਾਉਂਦਿਆਂ ਕਿਹਾ, ‘‘ਸਾਬਕਾ ਐੱਸ.ਐੱਸ.ਪੀ. ਰਣਬੀਰ ਸਿੰਘ ਖੱਟੜਾ ਦੇ ਹੱਥ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗੇ ਹਨ ਅਤੇ ਅਕਾਲੀ ਦਲ ’ਤੇ ਹਮਲਾ ਕਰਨ ਲਈ ਹੁਣ ਪ੍ਰਦੀਪ ਕਲੇਰ ਤੋਂ ਬਾਅਦ ‘ਆਪ’ ਸਰਕਾਰ ਨੇ ਰਣਬੀਰ ਸਿੰਘ ਖੱਟੜਾ ਦੀ ਡਿਊਟੀ ਲਗਾਈ ਹੈ। ਰਣਬੀਰ ਸਿੰਘ ਖੱਟੜਾ ਜਦੋਂ ਬਟਾਲਾ, ਮਜੀਠਾ ਤੇ ਤਰਨ ਤਾਰਨ ਆਦਿ ਸਰਹੱਦੀ ਜ਼ਿਲ੍ਹਿਆਂ ਵਿੱਚ ਬਤੌਰ ਐੱਸ.ਐੱਸ.ਪੀ. ਤਾਇਨਾਤ ਸਨ ਤਾਂ ਉਸ ਵੇਲੇ ਉਨ੍ਹਾਂ ਨਾ ਸਿਰਫ਼ ਸਿੱਖ ਨੌਜਵਾਨਾਂ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਤੇ ਅਣਗਿਣਤ ਝੂਠੇ ਪੁਲੀਸ ਮੁਕਾਬਲੇ ਕੀਤੇ ।’’

Loading