ਕਿਤਾਬਾਂ ਦੇ ‘ਲੰਗਰ’ ਦੀ ਪ੍ਰਥਾ ਨੂੰ ਵਧਾਉਣ ਦੀ ਲੋੜ

In ਸੰਪਾਦਕੀ
August 14, 2024
ਕਿਤਾਬਾਂ ਗਿਆਨ ਦਾ ਸੋਮਾ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਵਾਲੇ ਇਨਸਾਨ ਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਸ ਦੇ ਗਿਆਨ ਦਾ ਘੇਰਾ ਬਹੁਤ ਵਿਸ਼ਾਲ ਹੋ ਜਾਂਦਾ ਹੈ। ਪੰਜਾਬੀ ਉਹ ਭਾਸ਼ਾ ਹੈ ਜੋ ਆਦਿ ਕਾਲ ਤੋਂ ਹੀ ਚਲਦੀ ਆ ਰਹੀ ਹੈ, ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫ਼ਰੀਦ ਨੂੰ ਕਿਹਾ ਜਾਂਦਾ ਹੈ। ਗੁਰੂ ਸਾਹਿਬਾਨ ਨੇ ਵੀ ਗੁਰਬਾਣੀ ਦੀ ਰਚਨਾ ਪੰਜਾਬੀ ਭਾਸ਼ਾ-ਗੁਰਮੁੱਖੀ ਲਿਪੀ ਵਿੱਚ ਕੀਤੀ । ਪੰਜਾਬੀ ਵਿੱਚ ਕਿਤਾਬਾਂ ਦੀ ਬਹੁਤਾਤ ਹੈ। ਹਰ ਵਿਸ਼ੇ ਸਬੰਧੀ ਹੀ ਪੰਜਾਬੀ ਵਿੱਚ ਕਿਤਾਬਾਂ ਮਿਲ ਜਾਂਦੀਆਂ ਹਨ। ਮਨੁੱਖ ਦਾ ਅਸਲੀ ਅਧਿਆਪਕ ਤਾਂ ਚੰਗੀਆਂ ਕਿਤਾਬਾਂ ਹੀ ਹੁੰਦੀਆਂ ਹਨ, ਚੰਗੀਆਂ ਕਿਤਾਬਾਂ ਤੋਂ ਹੀ ਹਰ ਮਨੁੱਖ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਲੈਂਦਾ ਹੈ। ਸਿੱਖ ਕੌਮ ‘ਲੰਗਰ’ ਲਗਾਉਣ ਲਈ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੈ। ਜਿਥੇ ਵੱਡੀ ਗਿਣਤੀ ਗੁਰਧਾਮਾਂ ਵਿੱਚ ਦਿਨ ਰਾਤ ‘ਗੁਰੂ ਕੇ ਲੰਗਰ’ ਚਲਦੇ ਰਹਿੰਦੇ ਹਨ, ਉਥੇ ਦੁਨੀਆਂ ਦੇ ਵੱਖ- ਵੱਖ ਇਲਾਕਿਆਂ ਵਿੱਚ ਆਈਆਂ ਕੁਦਰਤੀ ਆਫ਼ਤਾਂ ਅਤੇ ਹੋਰ ਦੁਰਘਟਨਾਵਾਂ ਮੌਕੇ ਵੀ ਸਿੱਖ ਕੌਮ ਵੱਲੋਂ ਖਾਣ ਪੀਣ ਦੇ ਪਦਾਰਥਾਂ, ਲੋੜੀਂਦੇ ਸਮਾਨ, ਦਵਾਈਆਂ ਆਦਿ ਦੇ ‘ਲੰਗਰ’ ਵੀ ਲਗਾਏ ਜਾਂਦੇ ਹਨ ਅਤੇ ਪੀੜਤਾਂ ਦੀ ਮਦਦ ਕਰਕੇ ਮਾਨਵਤਾ ਦੀ ਸੇਵਾ ਕੀਤੀ ਜਾਂਦੀ ਹੈ। ਹੁਣ ਸਿੱਖ ਕੌਮ ਵੱਲੋਂ ਵੱਖ- ਵੱਖ ਧਾਰਮਿਕ ਸਮਾਗਮਾਂ ਮੌਕੇ ‘ਗੁਰੂ ਕੇ ਲੰਗਰ’ ਦੇ ਨਾਲ- ਨਾਲ ‘ ਧਾਰਮਿਕ ਕਿਤਾਬਾਂ ਦੇ ਲੰਗਰ’ ਵੀ ਲਗਾਏ ਜਾਂਦੇ ਹਨ, ਭਾਵੇਂ ਕਿ ‘ਕਿਤਾਬਾਂ ਦੇ ਲੰਗਰ’ ਲਗਾਉਣ ਦੀ ਪ੍ਰਥਾ ਕਾਫੀ ਸਮੇਂ ਤੋਂ ਜਾਰੀ ਹੈ, ਲੋੜ ਤਾਂ ਇਸ ਪ੍ਰਥਾ ਨੂੰ ਵਧਾਉਣ ਦੀ ਹੈ। ਹਰ ਬੋਲੀ ਵਿੱਚ ਅਜਿਹੀਆਂ ਕਿਤਾਬਾਂ ਹੁੰਦੀਆਂ ਹਨ, ਜਿਹੜੀਆਂ ਉਸ ਬੋਲੀ ਦੇ ਸਾਹਿਤ ਵਿੱਚ ਮੀਲ ਪੱਥਰ ਸਾਬਤ ਹੁੰਦੀਆਂ ਹਨ। ਪੰਜਾਬੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਹਨ, ਜਿਨ੍ਹਾਂ ਨੇ ਇਤਿਹਾਸ ਸਿਰਜਿਆ ਹੈ, ਜਿਨ੍ਹਾਂ ਨੂੰ ਪੜ੍ਹ ਕੇ ਪੜ੍ਹਨ ਵਾਲਿਆਂ ਨੂੰ ਜ਼ਿੰਦਗੀ ਦੀ ਸੋਝੀ ਆ ਜਾਂਦੀ ਹੈ। ਅਸਲ ਵਿੱਚ ਇਹ ਕਿਤਾਬਾਂ ਹੀ ਹੁੰਦੀਆਂ ਨੇ, ਜੋ ਕਿ ਇਨਸਾਨ ਨੂੰ ਚੰਗਾ ਇਨਸਾਨ ਬਣਾਉਂਦੀਆਂ ਨੇ। ਮਨੁੱਖ ਵਿੱਚ ਭਾਈਚਾਰਕ ਸਾਂਝ ਵੀ ਕਿਤਾਬਾਂ ਹੀ ਪੈਦਾ ਕਰਦੀਆਂ ਨੇ। ਇਸ ਤੋਂ ਇਲਾਵਾ ਇਹ ਕਿਤਾਬਾਂ ਹੀ ਹੁੰਦੀਆਂ ਨੇ ਜੋ ਹਮੇਸ਼ਾ ਮਨੁੱਖ ਦੇ ਅੰਗ ਸੰਗ ਰਹਿੰਦੀਆਂ ਹਨ। ਕਿਤਾਬਾਂ ਤੋਂ ਪ੍ਰਾਪਤ ਗਿਆਨ ਨੂੰ ਕੋਈ ਖੋਹ ਨਹੀਂ ਸਕਦਾ। ਇਸ ਤੋਂ ਇਲਾਵਾ ਕਿਤਾਬਾਂ ਪੜ੍ਹ-ਪੜ੍ਹ ਕੇ ਪ੍ਰਾਪਤ ਹੋਇਆ ਗਿਆਨ ਸਾਰੀ ਉਮਰ ਮਨੁੱਖ ਦੇ ਕੋਲ ਰਹਿੰਦਾ ਹੈ। ਹਰ ਧਰਮ ਵਿੱਚ ਹੀ ਧਾਰਮਿਕ ਗ੍ਰੰਥ ਅਤੇ ਧਾਰਮਿਕ ਕਿਤਾਬਾਂ ਦੀ ਰਚਨਾ ਹੋ ਚੁੱਕੀ ਹੈ। ਸਿੱਖ ਧਰਮ ਵਿੱਚ ਵੀ ਅਨੇਕਾਂ ਹੀ ਮਹਾਨ ਧਾਰਮਿਕ ਕਿਤਾਬਾਂ ਦੀ ਰਚਨਾ ਹੋ ਚੁੱਕੀ ਹੈ। ਅਜਿਹੀਆਂ ਧਾਰਮਿਕ ਕਿਤਾਬਾਂ ਨੂੰ ਹਰ ਸਿੱਖ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਧਰਮ ਬਾਰੇ ਉਹਨਾਂ ਨੂੰ ਹੋਰ ਜਾਣਕਾਰੀ ਮਿਲ ਸਕੇ। ਕਿਤਾਬਾਂ ਸਾਡੇ ਜੀਵਨ ਦਾ ਸਭ ਤੋਂ ਵਧੀਆ ਸਾਥੀ ਹਨ। ਜਦੋਂ ਵੀ ਸਾਨੂੰ ਕਿਤਾਬਾਂ ਦੀ ਲੋੜ ਹੁੰਦੀ ਹੈ ਤਾਂ ਉਹ ਸਾਡੇ ਲਈ ਉਪਲਬਧ ਹੁੰਦੀਆਂ ਹਨ। ਕਿਤਾਬਾਂ ਸਾਡੇ ਆਲ਼ੇ ਦੁਆਲ਼ੇ ਦੀ ਦੁਨੀਆਂ ਨੂੰ ਸਮਝਣ, ਸਹੀ ਅਤੇ ਗਲਤ ਵਿਚਕਾਰ ਫੈਸਲਾ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ। ਉਹ ਸਾਡੇ ਜੀਵਨ ਵਿੱਚ ਸਾਡੇ ਰੋਲ ਮਾਡਲ, ਗਾਈਡ ਜਾਂ ਹਰ ਸਮੇਂ ਦੇ ਅਧਿਆਪਕ ਵਜੋਂ ਵੀ ਮੌਜੂਦ ਹਨ। ਪੁਸਤਕਾਂ ਪੜ੍ਹਨ ਨਾਲ ਸਾਡੀ ਸ਼ਖ਼ਸੀਅਤ ਵਿੱਚ ਗੁਣਾਤਮਕ ਤਬਦੀਲੀ ਆਉਂਦੀ ਹੈ। ਕਿਤਾਬਾਂ ਸਾਡੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦੀਆਂ ਹਨ ਅਤੇ ਸਮੇਂ ਸਿਰ ਸਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਵੀ ਮਦਦਗਾਰ ਹੁੰਦੀਆਂ ਹਨ। ਕਿਤਾਬਾਂ ਸਾਨੂੰ ਇੱਕ ਵੱਖਰੀ ਦੁਨੀਆਂ ਵਿੱਚ ਲੈ ਜਾਂਦੀਆਂ ਹਨ ਜਿਸ ਨੂੰ ਅਸੀਂ ਸ਼ਾਂਤੀ ਦੀ ਦੁਨੀਆਂ ਕਹਿ ਸਕਦੇ ਹਾਂ। ਲੋਕਾਂ ਦੇ ਉਲਟ, ਕਿਤਾਬਾਂ ਕਦੇ ਵੀ ਬਦਲੇ ਵਿੱਚ ਕੁਝ ਨਹੀਂ ਮੰਗਦੀਆਂ, ਸਗੋਂ ਸਾਡੇ ਗਿਆਨ ਅਤੇ ਰਚਨਾਤਮਕਤਾ ਨੂੰ ਵਧਾਉਣ ਵਿੱਚ ਸਾਡੀ ਮਦਦ ਕਰਦੀਆਂ ਹਨ। ਵਿਦਿਆਰਥੀ ਜੀਵਨ ਸੰਘਰਸ਼ ਦੀ ਅਨੋਖੀ ਕਹਾਣੀ ਹੈ ਅਤੇ ਇਸ ਸੰਘਰਸ਼ ਦੌਰਾਨ ਕਿਤਾਬਾਂ ਹੀ ਸੱਚੀਆਂ ਸਾਥੀ ਹੁੰਦੀਆਂ ਹਨ। ਹਰ ਵਿਦਿਆਰਥੀ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਜ਼ਰੂਰ ਪੈਦਾ ਕਰਨੀ ਚਾਹੀਦੀ ਹੈ। ਕਿਤਾਬਾਂ ਨਾ ਸਿਰਫ਼ ਮੁਕਾਬਲੇ ਵਾਲੀ ਜ਼ਿੰਦਗੀ ਵਿੱਚ ਸਾਡੀਆਂ ਸਾਥੀ ਹੁੰਦੀਆਂ ਹਨ, ਸਗੋਂ ਜ਼ਿੰਦਗੀ ਦੇ ਹਰ ਪੜਾਅ ’ਤੇ ਸਾਡਾ ਮਾਰਗ ਦਰਸ਼ਨ ਕਰਦੀਆਂ ਹਨ ਕਿਉਂਕਿ ਵਿਦਿਆਰਥੀ ਜੀਵਨ ਦਾ ਵਿਕਾਸਸ਼ੀਲ ਪੜਾਅ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਬਜ਼ੁਰਗਾਂ ਤੋਂ ਵੀ ਚੰਗੀ ਸੇਧ ਲੈਣ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਕਿਤਾਬਾਂ ਜੀਵਨ ਵਿੱਚ ਫੈਸਲੇ ਲੈਣ ਦੀ ਕਲਾ ਸਿਖਾਉਂਦੀਆਂ ਹਨ। ਆਖਰਕਾਰ ਸਾਡੀ ਜ਼ਿੰਦਗੀ ਸਾਡੇ ਫੈਸਲਿਆਂ ਦਾ ਨਤੀਜਾ ਹੈ। ਇਸੇ ਲਈ ਕਿਤਾਬਾਂ ਸਾਡੀਆਂ ਸਹਿ-ਯਾਤਰੀ ਹੁੰਦੀਆਂ ਹਨ। ਸਿੱਖ ਕੌਮ ਨੂੰ ਜਿਥੇ ਇਹ ਮਾਣ ਜਾਂਦਾ ਹੈ ਕਿ ਵੱਖ- ਵੱਖ ਧਾਰਮਿਕ ਸਮਾਗਮਾਂ ਮੌਕੇ ਅਤੇ ਇਤਿਹਾਸਿਕ ਦਿਹਾੜਿਆਂ ਮੌਕੇ ਸੰਗਤਾਂ ਵੱਲੋਂ ਵੱਖ- ਵੱਖ ਖਾਧ ਪਦਾਰਥਾਂ ਦੇ ਲੰਗਰ ਲਗਾਏ ਜਾਂਦੇ ਹਨ, ਉਥੇ ਕੁਝ ਸਮੇਂ ਤੋਂ ਸਿੱਖ ਕੌਮ ਵੱਲੋਂ ਪੌਦਿਆਂ ਦੇ ਲੰਗਰ ਵੀ ਲਗਾਏ ਜਾਂਦੇ ਹਨ ਅਤੇ ਵੱਖ- ਵੱਖ ਕਿਸਮਾਂ ਦੇ ਪੌਦਿਆਂ ਨੂੰ ਪ੍ਰਸ਼ਾਦਿ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ। ਸੰਗਤਾਂ ਵੱਲੋਂ ਪੌਦਿਆਂ ਦੇ ਰੂਪ ਵਿੱਚ ਮਿਲੇ ਪ੍ਰਸ਼ਾਦਿ ਨੂੰ ਸਤਿਕਾਰ ਦਿੰਦਿਆਂ ਇਹਨਾਂ ਪੌਦਿਆਂ ਨੂੰ ਧਰਤੀ ਵਿੱਚ ਲਗਾਇਆ ਵੀ ਜਾਂਦਾ ਹੈ ਤਾਂ ਕਿ ਪੰਜਾਬ ਦਾ ਵਾਤਾਵਰਣ ਮੁੜ ਹਰਿਆ ਭਰਿਆ ਹੋ ਸਕੇ। ਪੌਦਿਆਂ ਨੂੰ ਪ੍ਰਸ਼ਾਦਿ ਰੂਪ ਵਿੱਚ ਵੰਡਣ ਦੇ ਰੁਝਾਨ ਨੂੰ ਵੀ ਚੰਗੀ ਰੀਤ ਕਿਹਾ ਜਾ ਸਕਦਾ ਹੈ। ਅਸਲ ਵਿੱਚ ਲੰਗਰ ਦੀ ਸ਼ੁਰੂਆਤ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਕੇ ਕਰ ਦਿੱਤੀ ਸੀ। ਕੁਝ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਉਸ ਸਮੇਂ ਗੁਰੂ ਜੀ ਦੀ ਕੀਤੀ ਗਈ 20 ਰੁਪਏ ਦੀ ਐਫ਼.ਡੀ. ਨਾਲ ਅਜੇ ਤੱਕ ਪੂਰੀ ਦੁਨੀਆਂ ਵਿੱਚ ਲੰਗਰ ਚੱਲ ਰਹੇ ਹਨ। ਹੁਣ ਧਾਰਮਿਕ ਸਮਾਗਮਾਂ ਮੌਕੇ ਧਾਰਮਿਕ ਕਿਤਾਬਾਂ ਦੇ ਲੰਗਰ ਲਗਾਉਣ ਦੀ ਜੋ ਪਿਰਤ ਸ਼ੁਰੂ ਹੋ ਚੁੱਕੀ ਹੈ, ਉਸ ਨੂੰ ਅੱਗੇ ਵਧਾਉਣ ਦੀ ਲੋੜ ਹੈ। ਹਰ ਗੁਰਧਾਮ ਵਿੱਚ ਹੀ ਗੁਰੂ ਕੇ ਲੰਗਰ ਦੇ ਨਾਲ ਨਾਲ ਸਿੱਖ ਧਰਮ ਨਾਲ ਸਬੰਧਿਤ ਕਿਤਾਬਾਂ ਦੇ ਲੰਗਰ ਵੀ ਲਗਾਏ ਜਾਣੇ ਚਾਹੀਦੇ ਹਨ ਤਾਂ ਕਿ ਸਿੱਖ ਧਰਮ ਦਾ ਹੋਰ ਪ੍ਰਚਾਰ ਹੋ ਸਕੇ।

Loading