
ਕੋਲਕਾਤਾ, 15 ਅਗਸਤ :
ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲ ਵਿਚ ਟਰੇਨੀ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਕੇਸ ਦੀ ਜਾਂਚ ਲਈ ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਅੱਜ ਸਵੇਰੇ ਕੋਲਕਾਤਾ ਪਹੁੰਚ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਟੀਮ, ਜਿਸ ਵਿਚ ਮੈਡੀਕਲ ਤੇ ਫੋਰੈਂਸਿਕ ਮਾਹਿਰ ਸ਼ਾਮਲ ਹਨ, ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਗਈ, ਜਿੱਥੋਂ 9 ਅਗਸਤ ਨੂੰ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਕੇਂਦਰੀ ਏਜੰਸੀ ਦੇ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਸੀਬੀਆਈ ਅਧਿਕਾਰੀਆਂ ਦੀਆਂ ਤਿੰਨ ਟੀਮਾਂ ਬਣਾਈਆਂ ਗਈਆਂ ਹਨ।
ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਕ ਟੀਮ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਜਾ ਕੇ ਗਵਾਹਾਂ ਤੇ ਉਸ ਰਾਤ ਡਿਊਟੀ ’ਤੇ ਮੌਜੂਦ ਡਾਕਟਰਾਂ ਨਾਲ ਗੱਲ ਕਰੇਗੀ। ਦੂਜੀ ਟੀਮ ਗ੍ਰਿਫ਼ਤਾਰ ਕੀਤੇ ਨਗਰਪਾਲਿਕਾ ਵਲੰਟੀਅਰ ਦਾ ਮੈਡੀਕਲ ਕਰਵਾਉਣ ਮਗਰੋਂ ਰਿਮਾਂਡ ਹਾਸਲ ਕਰਨ ਲਈ ਉਸ ਨੂੰ ਸਥਾਨਕ ਕੋਰਟ ਵਿਚ ਪੇਸ਼ ਕਰੇਗੀ। ਜਦੋਂਕਿ ਤੀਜੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਕੋਲਕਾਤਾ ਪੁਲੀਸ ਨਾਲ ਤਾਲਮੇਲ ਕਰੇਗੀ।’’ ਕਾਬਿਲੇਗੌਰ ਹੈ ਕਿ ਕਲਕੱਤਾ ਹਾਈ ਕੋਰਟ ਨੇ ਮੰਗਲਵਾਰ ਨੂੰ ਇਹ ਕੇਸ ਕੋਲਕਾਤਾ ਪੁਲੀਸ ਤੋਂ ਲੈ ਕੇ ਕੇਂਦਰੀ ਏਜੰਸੀ ਹਵਾਲੇ ਕਰ ਦਿੱਤਾ ਸੀ। ਸੀਬੀਆਈ ਵਿਚਲੇ ਇਕ ਸੂਤਰ ਨੇ ਕਿਹਾ ਕਿ ਏਜੰਸੀ ਨੇ ਡਾਕਟਰ ਨਾਲ ਕਥਿਤ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਨਵੀਂ ਦਿੱਲੀ ’ਚ ਭਾਰਤੀ ਨਿਆਂਏ ਸੰਹਿਤਾ (ਬੀਐੱਨਐੱਸ) ਤਹਿਤ ਕੇਸ ਦਰਜ ਕੀਤਾ ਸੀ।’’ ਕੇਂਦਰੀ ਏਜੰਸੀ ਵਿਚਲੇ ਇਕ ਹੋਰ ਸੂਤਰ ਨੇ ਕਿਹਾ, ‘‘ਸਾਡੇ ਅਧਿਕਾਰੀਆਂ ਵੱਲੋਂ ਪੀੜਤ ਮਹਿਲਾ ਡਾਕਟਰ ਤੇ ਉਸ ਦਿਨ ਡਿਊਟੀ ’ਤੇ ਮੌਜੂਦ ਡਾਕਟਰਾਂ ਦਾ ਕਾਲ ਰਿਕਾਰਡ ਮੰਗਿਆ ਜਾਵੇਗਾ। ਉਨ੍ਹਾਂ ਵੱਲੋਂ ਸਥਾਨਕ ਕੋਰਟ ਵਿਚ ਐੱਫਆਈਆਰ ਦਾਖ਼ਲ ਕੀਤੀ ਜਾ ਸਕਦੀ ਹੈ।’’
ਉਧਰ ਕੋਲਕਾਤਾ ਪੁਲੀਸ ਨੇ ਇਸ ਕੇਸ ਵਿਚ ਗ੍ਰਿਫ਼ਤਾਰ ਕੀਤੇ ਸੰਜੇ ਰਾਏ ਦਾ ਸਰਕਾਰੀ ਐੱਸਐੱਸਕੇਐੱਮ ਹਸਪਤਾਲ ’ਚੋਂ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਸੀਬੀਆਈ ਹਵਾਲੇ ਕਰ ਦਿੱਤਾ ਹੈ। ਤਾਲਾ ਪੁਲੀਸ ਸਟੇਸ਼ਨ ਪੁੱਜੇ ਦੋ ਸੀਬੀਆਈ ਅਧਿਕਾਰੀਆਂ ਨੇ ਕੋਲਕਾਤਾ ਪੁਲੀਸ ਦੀ ਜਾਂਚ ਨਾਲ ਜੁੜੇ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਹਨ। ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਾਏ ਫੈਸਲੇ ਵਿਚ ਕੋਲਕਾਤਾ ਪੁਲੀਸ ਨੂੰ 14 ਅਗਸਤ ਸਵੇਰੇ 10 ਵਜੇ ਤੱਕ ਕੇਸ ਡਾਇਰੀ ਸੀਬੀਆਈ ਨੂੰ ਸੌਂਪਣ ਦੀ ਹਦਾਇਤ ਕੀਤੀ ਸੀ।
ਉਧਰ ਅਸਾਮ ਦੇ ਸਿਲਚਰ ਮੈਡੀਕਲ ਕਾਲਜ ਤੇ ਹਸਪਤਾਲ ਨੇ ਮਹਿਲਾ ਡਾਕਟਰਾਂ ਤੇ ਹੋਰ ਸਟਾਫ਼ ਮੈਂਬਰਾਂ ਲਈ ਜਾਰੀ ਐਡਵਾਈਜ਼ਰੀ ਰੱਦ ਕਰ ਦਿੱਤੀ ਹੈ। ਹਸਪਤਾਲ ਦੇ ਪ੍ਰਿੰਸੀਪਲ ਕਮ ਮੁੱਖ ਨਿਗਰਾਨ ਡਾ. ਭਾਸਕਰ ਗੁਪਤਾ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਮਹਿਲਾ ਡਾਕਟਰਾਂ ਤੇ ਸਟਾਫ਼ ਨੂੰ ਰਾਤ ਸਮੇਂ ਸੁੰਨੀਆਂ ਤੇ ਉਜਾੜ ਥਾਵਾਂ ’ਤੇ ਇਕੱਲਿਆਂ ਜਾਣ ਤੋਂ ਵਰਜਿਆ ਗਿਆ ਸੀ। ਗੁਪਤਾ ਨੇ ਕਿਹਾ ਕਿ ਪਹਿਲਾਂ ਜਾਰੀ ਐਡਵਾਈਜ਼ਰੀ ਰੱਦ ਕੀਤੀ ਜਾਂਦੀ ਹੈ ਤੇ ਨਵੀਂ ਸੇਧ ਛੇਤੀ ਜਾਰੀ ਕੀਤੀ ਜਾਵੇਗੀ।