
ਪਟਿਆਲਾ/ਏ.ਟੀ.ਨਿਊਜ਼ : ਪੰਜਾਬ ਦੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨ ਦਿੱਲੀ ਜਾਣ ਲਈ ਡਟੇ ਬੈਠੇ ਹਨ, ਜਦੋਂਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਪ੍ਰਸ਼ਾਸਨ ਨਾਲ ਇਹਨਾਂ ਕਿਸਾਨਾਂ ਦੀ ਦੂਜੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਇਸ ਤਰ੍ਹਾਂ ਸੁਪਰੀਮ ਕੋਰਟ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਵੀ ਇਹ ਮਾਮਲਾ ਸੁਲਝ ਨਹੀਂ ਰਿਹਾ ਹੈ ਸਗੋਂ ਹੋਰ ਪੇਚੀਦਾ ਹੋ ਰਿਹਾ ਹੈ। ਹਰਿਆਣਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕਿਸਾਨ ਬੇਸ਼ੱਕ ਦਿੱਲੀ ਬਾਰਡਰ ’ਤੇ ਚਲੇ ਜਾਣ ਪਰ ਉਹ ਟਰੈਕਟਰ ਅਤੇ ਟਰਾਲੀਆਂ ਪੰਜਾਬ ਵਿੱਚ ਹੀ ਛੱਡ ਜਾਣ ਪਰ ਕਿਸਾਨਾਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਕਿਸਾਨ ਕਿਸੇ ਵੀ ਹਾਲਤ ਵਿੱਚ ਟਰੈਕਟਰ -ਟਰਾਲੀਆਂ ਤੋਂ ਬਿਨਾਂ ਦਿੱਲੀ ਨਹੀਂ ਜਾਣਗੇ। ਸ਼ੰਭੂ ਤੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੇ ਕੁਝ ਸਾਲ ਪਹਿਲਾਂ ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਨਵਾਂ ਕਿਸਾਨ ਅੰਦੋਲਨ ਕੀ ਪਹਿਲੇ ਕਿਸਾਨ ਅੰਦੋਲਨ ਵਾਂਗ ਹੀ ਦਿੱਲੀ ਦੇ ਤਖ਼ਤ ਨੂੰ ਹਿਲਾ ਸਕੇਗਾ?
ਕਿਸਾਨ ਅੰਦੋਲਨ ਦੇ 200 ਦਿਨ ਮੁਕੰਮਲ ਹੋਣ ’ਤੇ 31 ਅਗਸਤ ਨੂੰ ਕਿਸਾਨਾਂ ਨੇ ਸ਼ੰਭੂ ਬਾਰਡਰ ’ਤੇ ਇਕੱਠ ਸੱਦਿਆ ਹੈ, ਜਿਸ ਲਈ ਕਿਸਾਨ ਕਾਫਲਿਆਂ ਦੇ ਵਿੱਚ ਪੁੱਜ ਵੀ ਰਹੇ ਹਨ। ਇਸ ਇਕੱਠ ਦਾ ਮਕਸਦ ਕੇਂਦਰ ਦੀ ਭਾਜਪਾ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨਾ ਹੈ। 15 ਸਤੰਬਰ ਨੂੰ ਜੀਂਦ ਤੇ 22 ਸਤੰਬਰ ਨੂੰ ਪਿਪਲੀ ਵਿੱਚ ਵੱਡੇ ਕਿਸਾਨ ਇਕੱਠ ਕੀਤੇ ਜਾਣਗੇ। ਇਹਨਾਂ ਇਕੱਠਾਂ ਰਾਹੀਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਆਧਾਰ ’ਤੇ ਭਾਜਪਾ ਨੂੰ ਘੇਰਿਆ ਜਾਵੇਗਾ। ਸੋ ਅਟਕਲਾਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
ਭਾਵੇਂ ਕਿ ਪਹਿਲਾ ਕਿਸਾਨ ਅੰਦੋਲਨ 32 ਜਥੇਬੰਦੀਆਂ ਦੇ ਨਾਲ ਚੱਲਿਆ ਸੀ ਜਿਹੜੀਆਂ ਕਿ ਹੁਣ ਟੁੱਟ ਭੱਜ ਕੇ 60 ਤੋਂ ਵੱਧ ਹੋ ਗਈਆਂ ਹਨ। ਇਹਨਾਂ ਵਿਚੋਂ ਹੀ ਕੁਝ ਜਥੇਬੰਦੀਆਂ ਵੱਲੋਂ ਦੂਜਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਦਿੱਲੀ ਜਾਣ ਲਈ ਕਿਸਾਨ ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ ਤੱਕ ਪਹੁੰਚ ਚੁੱਕੇ ਹਨ ਪਰ ਉਹਨਾਂ ਨੂੰ ਹਰਿਆਣਾ ਪ੍ਰਸ਼ਾਸਨ ਵੱਲੋਂ ਦਿੱਲੀ ਜਾਣ ਲਈ ਹਰਿਆਣਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਦੋਵੇਂ ਬਾਰਡਰ ਸੀਲ ਕਰਕੇ ਦਿੱਲੀ ਜਾਂਦੇ ਰਸਤੇ ਹੀ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਦਿੱਲੀ ਜਾਣ ਵਾਲੇ ਕਿਸਾਨ ਦੋਵੇਂ ਬਾਰਡਰਾਂ ’ਤੇ ਹੀ ਡਟੇ ਹੋਏ ਹਨ ਅਤੇ ਦਿੱਲੀ ਜਾਣ ਲਈ ਪੂਰੀ ਤਿਆਰੀ ਵਿੱਚ ਹਨ।
ਦੋਵੇਂ ਬਾਰਡਰਾਂ ਦੇ ਬੰਦ ਹੋਣ ਅਤੇ ਦਿੱਲੀ ਨੂੰ ਜਾਂਦੇ ਮੁੱਖ ਰਸਤੇ ਬੰਦ ਹੋਣ ਕਾਰਨ ਪੰਜਾਬ ਅਤੇ ਹੋਰ ਰਾਜਾਂ ਦੇ ਹਜ਼ਾਰਾਂ ਲੋਕਾਂ ਨੂੰ ਹਰ ਦਿਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਹਨਾਂ ਨੂੰ ਮੁੱਖ ਰਸਤੇ ਬੰਦ ਹੋਣ ਕਾਰਨ ਦਿੱਲੀ ਜਾਣ ਲਈ ਬਹੁਤ ਘੁੰਮ ਫਿਰ ਕੇ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਹਨਾਂ ਦੇ ਸਮੇਂ ਅਤੇ ਵਾਹਨਾਂ ਦੇ ਈਂਧਨ ਦੀ ਖਪਤ ਬਹੁਤ ਜ਼ਿਆਦਾ ਹੋ ਰਹੀ ਹੈ। ਪੰਜਾਬ ਤੋਂ ਅੰਬਾਲਾ ਤੇ ਦਿੱਲੀ ਨੂੰ ਜਾਣ ਵਾਲੀਆਂ ਬੱਸਾਂ ਵੀ ਮੁੱਖ ਰਸਤਾ ਬੰਦ ਹੋਣ ਕਾਰਨ ਹੋਰਨਾਂ ਰਸਤਿਆਂ ਤੋਂ ਘੁੰਮ ਕੇ ਜਾਂਦੀਆਂ ਆਉਂਦੀਆਂ ਹਨ, ਜਿਸ ਕਾਰਨ ਸਮੇਂ ਦੀ ਬਹੁਤ ਬਰਬਾਦੀ ਹੁੰਦੀ ਹੈ। ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦਿਆਂ ਹੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ ਭਾਵੇਂ ਪੰਜਾਬ ਤੇ ਹਰਿਆਣਾ ਦੇ ਪ੍ਰਸ਼ਾਸਨ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਇਹ ਮਸਲਾ ਹੱਲ ਕਰਨ ਲਈ ਹੁਕਮ ਜਾਰੀ ਕੀਤੇ ਹਨ ਪਰ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨਾ ਜਾਣ ਦੇਣ ਅਤੇ ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਜ਼ਰੂਰ ਲੈ ਕੇ ਜਾਣ ’ਤੇ ਅੜੇ ਰਹਿਣ ਕਾਰਨ ਇਸ ਮਸਲੇ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
ਪਹਿਲਾਂ ਤਾਂ ਵੱਡੀ ਗਿਣਤੀ ਲੋਕ ਇਹ ਹੀ ਸਮਝਦੇ ਰਹੇ ਕਿ ਸ਼ੰਭੂ ਬੈਰੀਅਰ ਅਤੇ ਖਨੌਰੀ ਬੈਰੀਅਰ ’ਤੇ ਮੁੱਖ ਰਸਤੇ ਕਿਸਾਨਾਂ ਨੇ ਬੰਦ ਕੀਤੇ ਹੋਏ ਹਨ ਪਰ ਬਾਅਦ ਵਿੱਚ ਕਿਸਾਨਾਂ ਨੇ ਅਸਲੀਅਤ ਸਾਹਮਣੇ ਲਿਆਂਦੀ ਕਿ ਮੁੱਖ ਰਸਤੇ ਉਹਨਾਂ ਨੇ ਨਹੀਂ ਸਗੋਂ ਹਰਿਆਣਾ ਸਰਕਾਰ ਨੇ ਬੰਦ ਕੀਤੇ ਹੋਏ ਹਨ, ਜਿਸ ਕਾਰਨ ਹੀ ਇਹ ਰਸਤੇ ਖੁਲ੍ਹਵਾਉਣ ਲਈ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਹੈ।
ਇਸ ਸਮੇਂ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਚੱਲ ਰਹੀਆਂ ਹਨ, ਜਿਸ ਕਰਕੇ ਸਭ ਦਾ ਧਿਆਨ ਇਹਨਾਂ ਚੋਣਾਂ ਵੱਲ ਲੱਗਿਆ ਹੋਇਆ ਹੈ। ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਗਏ ਮੁੱਖ ਰਸਤਿਆਂ ਕਾਰਨ ਤੰਗ ਹੋ ਰਹੇ ਆਮ ਲੋਕ ਹਰਿਆਣਾ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਦਿੱਲੀ ਜਾਣ ਦਾ ਰਸਤਾ ਰੋਕੇ ਜਾਣ ਦਾ ਪ੍ਰਭਾਵ ਹਰਿਆਣਾ ਵਿਧਾਨ ਸਭਾ ਚੋਣਾਂ ’ਤੇ ਵੀ ਪਵੇਗਾ ਅਤੇ ਭਾਜਪਾ ਨੂੰ ਇਸ ਦਾ ਨੁਕਸਾਨ ਉਠਾਉਣਾ ਪਵੇਗਾ ਕਿਉਂਕਿ ਹਰਿਆਣਾ ਵਿੱਚ ਭਾਜਪਾ ਸਰਕਾਰ ਦੇ ਹੁਕਮਾਂ ’ਤੇ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਦਿੱਲੀ ਜਾਂਦੇ ਮੁੱਖ ਰਸਤੇ ਬੰਦ ਕੀਤੇ ਗਏ ਸਨ।
ਇਸ ਕਿਸਾਨ ਅੰਦੋਲਨ ਦਾ ਹਰਿਆਣਾ ਵਿਧਾਨ ਸਭਾ ਚੋਣਾਂ ’ਤੇ ਕਿੰਨਾ ਕੁ ਪ੍ਰਭਾਵ ਪੈਂਦਾ ਹੈ? ਇਹ ਕਿਸਾਨ ਅੰਦੋਲਨ ਦਿੱਲੀ ਦੇ ਤਖ਼ਤ ਨੂੰ ਹਿਲਾਉਣ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ? ਕੀ ਕਿਸਾਨਾਂ ਨੂੰ ਦਿੱਲੀ ਜਾਣ ਲਈ ਹਰਿਆਣਾ ਦੇ ਬਾਰਡਰ ਖੋਲ੍ਹ ਦਿੱਤੇ ਜਾਣਗੇ? ਇਹਨਾਂ ਸਵਾਲਾਂ ਦਾ ਜਵਾਬ ਤਾਂ ਆਉਣ ਵਾਲੇ ਦਿਨਾਂ ਦੌਰਾਨ ਹੀ ਮਿਲੇਗਾ।
ਡੱਬੀ
ਕਿਸਾਨ ਆਗੂਆਂ ਨੂੰ ਹਵਾਈ ਸਫ਼ਰ ਕਰਨ ਤੋਂ ਰੋਕਿਆ
* ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਦੇ ਵਿਸਥਾਰ ਤੋਂ ਘਬਰਾਈ : ਡੱਲੇਵਾਲ
ਬੀਤੇ ਦਿਨ ਸੰਯੁਕਤ ਕਿਸਾਨ ਮੋਰਚੇ (ਗੈਰ ਸਿਆਸੀ) ਦੇ ਆਗੂਆਂ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਸੁਖਦੇਵ ਸਿੰਘ ਭੋਜਪੁਰ ਦਾ ਕਹਿਣਾ ਹੈ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਦੇ ਵਿਸਥਾਰ ਤੋਂ ਘਬਰਾ ਗਈ ਹੈ। ਸਰਕਾਰ ਸੋਚ ਰਹੀ ਹੈ ਕਿ ਕਿਤੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਅੰਦੋਲਨ ਅਸਰਦਾਰ ਨਾ ਹੋ ਜਾਵੇ।ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਤਾਮਿਲਨਾਡੂ ਜਾਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਤੇ ਉਨ੍ਹਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਨੂੰ ਸੁਰੱਖਿਆ ਅਮਲੇ ਵੱਲੋਂ ਸ੍ਰੀ ਸਾਹਿਬ ਪਾਈਆਂ ਹੋਣ ਕਰਕੇ ਹਵਾਈ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਦੋਵਾਂ ਦੱਖਣੀ ਥਾਂਵਾਂ ’ਤੇ ਮੋਰਚੇ ਦੀਆਂ ਘੱਟੋ-ਘੱਟ ਸਮਰਥਨ ਮੁੱਲ ਸਣੇ ਹੋਰ ਮੰਗਾਂ ਬਾਰੇ ਮੀਟਿੰਗਾਂ ਤੇ ਪ੍ਰੈੱਸ ਕਾਨਫਰੰਸਾਂ ਕਰਨੀਆਂ ਸਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦਸ ਵਾਰੀ ਉਹ ਸ੍ਰੀ ਸਾਹਿਬ ਧਾਰਨ ਕਰ ਕੇ ਹਵਾਈ ਸਫ਼ਰ ਕਰ ਚੁੱਕੇ ਹਨ ਪਰ ਕਦੇ ਵੀ ਕਿਸੇ ਨੇ ਨਹੀਂ ਰੋਕਿਆ।ਕਿਸਾਨ ਆਗੂ ਡੱਲੇਵਾਲ ਨੇ ਕਿਹਾ ਕਿ ਸੁਖਦੇਵ ਸਿੰਘ ਭੋਜਪੁਰ ਨੇ ਤਾਂ ਸ੍ਰੀ ਸਾਹਿਬ ਵੀ ਨਹੀਂ ਪਾਈ ਹੋਈ ਸੀ ਪਰ ਫਿਰ ਵੀ ਉਨ੍ਹਾਂ ਨੂੰ ਹਵਾਈ ਸਫ਼ਰ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਅੰਮ੍ਰਿਤਧਾਰੀਆਂ ਨੂੰ ਹਵਾਈ ਸਫ਼ਰ ਤੋਂ ਰੋਕਣਾ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ: ਜਥੇਦਾਰ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿੱਲੀ ਦੇ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਕ੍ਰਿਪਾਨ ਪਹਿਨ ਕੇ ਘਰੇਲੂ ਉਡਾਣ ਵਿੱਚ ਹਵਾਈ ਸਫ਼ਰ ਕਰਨ ਤੋਂ ਰੋਕਣ ਨੂੰ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣਾ ਕਰਾਰ ਦਿੱਤਾ ਹੈ। ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਕ੍ਰਿਪਾਨ ਪੰਜ ਕਕਾਰਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਮੌਲਿਕ ਰੂਪ ਵਿੱਚ ਸਿੱਖਾਂ ਨੂੰ ਕ੍ਰਿਪਾਨ ਪਹਿਨਣ ਦਾ ਹੱਕ ਦਿੱਤਾ ਗਿਆ ਹੈ। ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤ ਦੀਆਂ ਘਰੇਲੂ ਉਡਾਣਾਂ ਵਿੱਚ ਵੀ ਨਿਰਧਾਰਿਤ ਆਕਾਰ ਦੀ ਕ੍ਰਿਪਾਨ ਪਹਿਨ ਕੇ ਹਵਾਈ ਸਫ਼ਰ ਕਰਨ ਦਾ ਕਾਨੂੰਨੀ ਅਧਿਕਾਰ ਦਿੱਤਾ ਗਿਆ ਹੈ ਪਰ ਬੀਤੇ ਦਿਨੀਂ ਦਿੱਲੀ ਦੇ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਰੋਕਣਾ ਬੇਹੱਦ ਨਿੰਦਣਯੋਗ ਅਤੇ ਸਿੱਖਾਂ ਦੇ ਮੌਲਿਕ ਤੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਹੈ। ਕੇਂਦਰ ਸਰਕਾਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਦਿੱਲੀ ਹਵਾਈ ਅੱਡੇ ’ਤੇ ਤਿੰਨ ਅੰਮ੍ਰਿਤਧਾਰੀ ਸਿੱਖਾਂ ਨੂੰ ਰੋਕਣ ਵਾਲੇ ਸੁਰੱਖਿਆ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਕਿਸਾਨ ਆਗੂਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।