114 views 0 secs 0 comments

ਅਕਾਲੀ ਦਲ ਦੇ 2 ਸਾਬਕਾ ਮੰਤਰੀਆਂ ਵੱਲੋਂ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਪੇਸ਼

In ਪੰਜਾਬ
September 06, 2024
ਅੰਮ੍ਰਿਤਸਰ, 6 ਸਤੰਬਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਅਤੇ ਸੁੱਚਾ ਸਿੰਘ ਲੰਗਾਹ ਸ਼ੁੱਕਰਵਾਰ ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਏ ਅਤੇ ਵਿਵਾਦਪੂਰਨ ਫ਼ੈਸਲੇ ਲੈਣ ਵੇਲੇ ਮੰਤਰੀ ਮੰਡਲ ਦਾ ਹਿੱਸਾ ਹੋਣ ਲਈ ਆਪਣਾ ਰੁਖ਼ ਸਪੱਸ਼ਟ ਕਰਨ ਲਈ ਵੱਖੋ-ਵੱਖਰੇ ਤੌਰ ‘ਤੇ ਆਪਣੇ ਸਪੱਸ਼ਟੀਕਰਨ ਸੌਂਪੇ। ਮਨਪ੍ਰੀਤ ਬਾਦਲ ਬਾਦਲ 2007 ਤੋਂ 2010 ਤੱਕ ਅਕਾਲੀ ਦਲ ਦੀ ਕੈਬਨਿਟ ਵਿੱਚ ਵਿੱਤ ਮੰਤਰੀ ਰਹੇ ਹਨ। ਕੇਂਦਰ ਦੀ ਵੱਲੋਂ ਕਰਜ਼ਾ ਮੁਆਫੀ ਦੀ ਪੇਸ਼ਕਸ਼ ਨਾਲ ਸਬੰਧਤ ਵਿਸ਼ੇ ਨੂੰ ਲੈ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਕਤੂਬਰ 2010 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ। ਸੁੱਚਾ ਸਿੰਘ ਲੰਗਾਹ 2007 ਤੋਂ 2012 ਤੱਕ ਖੇਤੀਬਾੜੀ ਮੰਤਰੀ ਰਹੇ ਹਨ। ਮਨਪ੍ਰੀਤ ਬਾਦਲ ਨੇ ਇਥੇ ਪਹੁੰਚਣ ਮੌਕੇ ਆਪਣੀ ਫੇਰੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ, ਉਧਰ ਲੰਗਾਹ ਨੇ ਕਿਹਾ ਕਿ ਉਹ ਲਿਖਤੀ ਰੂਪ ਵਿੱਚ ਆਪਣਾ ਸਪੱਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਆਏ ਹਨ। 30 ਅਗਸਤ ਨੂੰ ਅਕਾਲ ਤਖ਼ਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ‘ਤਨਖਾਹੀਆ’ ਕਰਾਰ ਦਿੰਦਿਆਂ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਬੇਅਦਬੀ ਦੇ ਮੁੱਦੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ।

Loading